ਫਾਜ਼ਿਲਕਾ 'ਚ BSF ਦੀ ਟੀਮ 'ਤੇ ਗੋਲੀਬਾਰੀ, ਦੋ ਤਸਕਰ ਕਾਬੂ
Fazilka Firing On BSF Team: ਫਾਜ਼ਿਲਕਾ ‘ਚ ਪਾਕਿਸਤਾਨ ਸਰਹੱਦ ਤੋਂ ਹੈਰੋਇਨ ਦੀ ਖੇਪ ਲੈਣ ਗਏ ਤਸਕਰਾਂ ਨੇ ਬੀ.ਐੱਸ.ਐੱਫ. ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਮੁਲਜ਼ਮਾਂ ਨੇ ਗੋਲੀਆਂ ਵੀ ਚਲਾਈਆਂ। ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਵੀ ਗੋਲੀਬਾਰੀ ਕੀਤੀ। ਦੋ ਮੁਲਜ਼ਮਾਂ ਨੂੰ ਘੇਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਹੈਰੋਇਨ ਦੇ ਪੈਕਟ ਅਤੇ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਹਨ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਐਸਐਫ ਨੂੰ ਮੁਖ਼ਬਰ ਨੇ ਪਿੰਡ ਟਾਹਲੀਵਾਲਾ ਨੇੜੇ ਦੋ ਵਿਅਕਤੀ ਸ਼ੱਕੀ ਹਾਲਤ ਵਿੱਚ ਦੇਖੇ ਜਾਣ ਦੀ ਸੂਚਨਾ ਦਿੱਤੀ। ਜਦੋਂ ਬੀਐਸਐਫ ਨੇ ਕਾਰਵਾਈ ਕੀਤੀ ਅਤੇ ਦੋ ਵਿਅਕਤੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਬੀਐਸਐਫ ਦੇ ਜਵਾਨਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦੋ ਰਾਉਂਡ ਫਾਇਰ ਕੀਤੇ ਗਏ ਪਰ ਬੀਐਸਐਫ ਦੇ ਜਵਾਨਾਂ ਨੇ ਦੋਨਾਂ ਮੁਲਜ਼ਮਾਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ, ਜਿਨ੍ਹਾਂ ਕੋਲੋਂ ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਚਾਰ ਜਿੰਦਾ ਕਾਰਤੂਸ ਬਰਾਮਦ ਹੋਏ।
ਖੇਤ ਵਿੱਚ ਪਿਆ ਹੈਰੋਇਨ ਦਾ ਮਿਲਿਆ ਪੈਕੇਟ
ਕਾਬੂ ਕੀਤੇ ਮੁਲਜ਼ਮਾਂ ਦੀ ਤਲਾਸ਼ੀ ਲੈਣ ਤੇ ਬੀਐਸਐਫ ਨੇ ਇੱਕ ਪੈਕੇਟ ਵਿੱਚ ਬੰਦ 550 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ, ਜਿਨ੍ਹਾਂ ਦੀ ਪਛਾਣ ਸੁਖਦੇਵ ਸਿੰਘ ਵਾਸੀ ਨੌਬਹਿਰਾਮ ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਕੁਲਵਿੰਦਰ ਸਿੰਘ ਵਾਸੀ ਹਜ਼ਾਰਾ ਰਾਮ ਸਿੰਘ ਵਾਲਾ ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਫਿਲਹਾਲ ਬੀ.ਐੱਸ.ਐੱਫ ਵੱਲੋਂ ਜਿੱਥੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ, ਉੱਥੇ ਹੀ ਬੀ.ਐੱਸ.ਐੱਫ ਦੇ ਅਧਿਕਾਰੀ ਵੀ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੇ ਹਨ।