ਭੇਦਭਰੀ ਹਾਲਤ ਵਿੱਚ ਮਿਲੀ ਵਿਅਕਤੀ ਦੀ ਲਾਸ਼, 15 ਦਿਨ ਪਹਿਲਾ ਪਤਨੀ ਕੋਲ ਹੋਇਆ ਸੀ ਬੱਚਾ, ਪਰਿਵਾਰ ਬੋਲਾ-ਓਵਰਡੋਜ਼ ਕਾਰਨ ਹੋਈ ਮੌਤ

Published: 

31 Oct 2025 18:17 PM IST

ਪਿੰਡ ਦੇ ਸਰਪੰਚ ਸੂਰਤ ਸਿੰਘ ਨੇ ਕਿਹਾ ਕਿ ਨਸ਼ਾ ਇਸ ਕਦਰ ਵਿਕਦਾ ਹੈ ਕਿ ਕਿਸੇ ਵਕਤ ਚੱਕੀ ਤੋਂ ਆਟਾ ਮੁੱਕ ਸਕਦਾ ਪਰ ਪਿੰਡ ਵਿਚੋਂ ਨਸ਼ਾ ਨਹੀਂ। ਉਹਨਾਂ ਕਿਹਾ ਕਿ ਨਸ਼ਾ ਤਸਕਰ ਅਕਸਰ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਪੁਲਿਸ ਇਹਨਾਂ ਨੂੰ ਜੇਕਰ ਫੜ੍ਹ ਲੈਂਦੀ ਹੈ ਤਾਂ ਇਹ ਥੋੜੇ ਸਮੇਂ ਬਾਅਦ ਹੀ ਛੁੱਟ ਕੇ ਵਾਪਸ ਆ ਜਾਂਦੇ ਹਨ ਅਤੇ ਫਿਰ ਉਹੀ ਕੰਮ ਸੁਰੂ ਕਰ ਦਿੰਦੇ ਹਨ।

ਭੇਦਭਰੀ ਹਾਲਤ ਵਿੱਚ ਮਿਲੀ ਵਿਅਕਤੀ ਦੀ ਲਾਸ਼, 15 ਦਿਨ ਪਹਿਲਾ ਪਤਨੀ ਕੋਲ ਹੋਇਆ ਸੀ ਬੱਚਾ, ਪਰਿਵਾਰ ਬੋਲਾ-ਓਵਰਡੋਜ਼ ਕਾਰਨ ਹੋਈ ਮੌਤ
Follow Us On

ਫਰੀਦਕੋਟ ਜਿਲ੍ਹੇ ਦੇ ਪਿੰਡ ਭੋਲੂਵਾਲਾ ਤੋਂ ਪ੍ਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਥੋਂ ਦੇ ਰਹਿਣ ਵਾਲੇ ਇਕ ਪਰਿਵਾਰ ਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਘਰ ਵਿਚ ਕਮਾਈ ਕਰਨ ਵਾਲੇ ਨੌਜਵਾਨ ਦੀ ਨਹਿਰ ਕਿਨਾਰਿਓਂ ਭੇਦ ਭਰੇ ਹਲਾਤਾਂ ਵਿਚ ਲਾਸ਼ ਮਿਲੀ। ਪਰਿਵਾਰ ਅਤੇ ਪਿੰਡ ਵਾਲਿਆ ਦਾ ਕਹਿਣਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਕਥਿਤ ਉਵਰ ਡੋਜ ਨਾਲ ਮੌਤ ਹੋਈ ਹੈ।

ਮ੍ਰਿਤਕ ਦੀ ਪਹਿਚਾਣ ਕਰੀਬ 35 ਸਾਲਾ ਮੰਗਾ ਸਿੰਘ ਵਜੋਂ ਹੋਈ ਹੈ ਜੋ ਡਰਾਇਵਰੀ ਦਾ ਕੰਮ ਕਰਦਾ ਸੀ ਅਤੇ ਆਪਣੀ ਪਤਨੀ ਅਤੇ 2 ਪੁੱਤਰਾਂ ਸਮੇਤ ਆਪਣੇ ਘਰ ਵਿਚ ਰਹਿੰਦਾ ਸੀ। ਗੱਲਬਾਤ ਕਰਦਿਆਂ ਮ੍ਰਿਤਕ ਦੀ ਪਤਨੀ ਅਤੇ ਪਿਤਾ ਨੇ ਦੱਸਿਆ ਕਿ ਮੰਗਾ ਸਿੰਘ ਮਸ਼ੀਨ ਤੇ ਡਰਾਇਵਰੀ ਕਰਦਾ ਸੀ ਅਤੇ ਕੱਲ੍ਹ ਹੀ ਘਰ ਆਇਆ ਸੀ। ਉਹਨਾਂ ਦੱਸਿਆ ਕਿ ਕੱਲ੍ਹ ਬਾਅਦ ਦੁਪਿਹਰ ਉਹ ਘਰੋਂ ਬਾਹਰ ਗਿਆ ਅਤੇ ਸ਼ਾਮ ਤੱਕ ਜਦ ਨਾਂ ਪਰਤਿਆਂ ਤਾਂ ਉਸ ਦੀ ਭਾਲ ਕੀਤੀ ਗਈ ਪਰ ਉਹ ਕਿਤੇ ਵੀ ਨਹੀਂ ਮਿਲਿਆ।

ਅੱਜ ਸਵੇਰੇ ਉਸ ਦੀ ਲਾਸ਼ ਪਿੰਡ ਨੇੜਿਓਂ ਲੰਘਦੀਆਂ ਨਹਿਰਾਂ ਤੇ ਭੇਦ ਭਰੇ ਹਲਾਤਾਂ ਵਿਚ ਮਿਲੀ। ਉਹਨਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਇਸ ਦੀ ਮੌਤ ਨਸ਼ੇ ਦੀ ਕਥਿਤ ਓਵਰਡੋਜ ਨਾਲ ਹੋਈ ਹੈ ਕਿਉਕਿ ਮੰਗਾ ਸਿੰਘ ਪਹਿਲਾਂ ਵੀ ਨਸ਼ਾ ਕਰਨ ਦਾ ਆਦੀ ਸੀ।ਪੀੜਤ ਪਰਿਵਾਰ ਨੇ ਕਿਹਾ ਕਿ ਹੁਣ ਘਰ ਵਿਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ ਇਸ ਲਈ ਸਰਕਾਰ ਨੂੰ ਉਹਨਾਂ ਦੀ ਕੋਈ ਆਰਥਿਕ ਮਦਦ ਕਰਨੀ ਚਾਹੀਦੀ ਹੈ।

ਸ਼ਰੇਆਮ ਵਿਕਦਾ ਹੈ ਨਸ਼ਾ- ਸਰਪੰਚ

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਸੂਰਤ ਸਿੰਘ ਨੇ ਕਿਹਾ ਕਿ ਉਹਨਾਂ ਦੇ ਪਿੰਡ ਵਿੱਚ ਨਸ਼ੇ ਦੀ ਕਥਿਤ ਉਵਰਡੋਜ ਨਾਲ ਹੋਣ ਵਾਲੀ ਇਹ ਕੋਈ ਪਹਿਲੀ ਮੌਤ ਨਹੀਂ ਇਸ ਤੋਂ ਪਹਿਲਾਂ ਵੀ ਪਿੰਡ ਵਿਚ ਕਰੀਬ 4 ਮੌਤਾਂ ਨਸ਼ੇ ਦੀ ਉਵਰਡੋਜ ਨਾਲ ਹੋ ਹੋਈਆਂ ਹਨ। ਸਰਪੰਚ ਨੇ ਦੱਸਿਆ ਕਿ ਪਿੰਡ ਵਿਚ ਨਸ਼ਾ ਇਸ ਕਦਰ ਵਿਕਦਾ ਹੈ ਕਿ ਕਿਸੇ ਵਕਤ ਚੱਕੀ ਤੋਂ ਆਟਾ ਮੁੱਕ ਸਕਦਾ ਪਰ ਪਿੰਡ ਵਿਚੋਂ ਨਸ਼ਾ ਨਹੀਂ। ਉਹਨਾਂ ਕਿਹਾ ਕਿ ਨਸ਼ਾ ਤਸਕਰ ਅਕਸਰ ਲੋਕਾਂ ਨੂੰ ਧਮਕਾਉਂਦੇ ਹਨ ਅਤੇ ਪੁਲਿਸ ਇਹਨਾਂ ਨੂੰ ਜੇਕਰ ਫੜ੍ਹ ਲੈਂਦੀ ਹੈ ਤਾਂ ਇਹ ਥੋੜੇ ਸਮੇਂ ਬਾਅਦ ਹੀ ਛੁੱਟ ਕੇ ਵਾਪਸ ਆ ਜਾਂਦੇ ਹਨ ਅਤੇ ਫਿਰ ਉਹੀ ਕੰਮ ਸੁਰੂ ਕਰ ਦਿੰਦੇ ਹਨ।

ਉਹਨਾਂ ਦੱਸਿਆ ਕਿ ਮੰਗਾ ਸਿੰਘ ਜਿਸ ਦੀ ਮੌਤ ਹੋਈ ਹੈ ਉਹ ਘਰ ਵਿਚ ਇਕੱਲਾ ਕਮਾਉਣ ਵਾਲਾ ਸੀ। ਉਸ ਦੇ 2 ਬੱਚੇ ਅਤੇ ਘਰਵਾਲੀ ਰਹਿ ਗਏ ਹਨ। ਉਹਨਾਂ ਦੱਸਿਆ ਕਿ ਮੰਗਾ ਸਿੰਘ ਦੇ ਘਰ ਕਰੀਬ 15 ਦਿਨ ਪਹਿਲਾਂ ਹੀ ਪੁੱਤ ਨੇ ਜਨਮ ਲਿਆ ਸੀ ਜਿਸ ਦੇ ਸਿਰ ਤੋਂ ਹੁਣ ਕਥਿਤ ਨਸ਼ੇ ਨੇ ਬਾਪ ਦਾ ਛਾਇਆ ਖੋਹ ਲਿਆ ਹੈ। ਉਹਨਾਂ ਮੰਗ ਕੀਤੀ ਕਿ ਪਿੰਡ ਵਿਚੋਂ ਨਸ਼ੇ ਦੀ ਵਿਕਰੀ ਤੇ ਰੋਕ ਲਗਾਈ ਜਾਵੇ ਅਤੇ ਪੀੜਤ ਪਰਿਵਾਰ ਦੀ ਕੋਈ ਮਦਦ ਕੀਤੀ ਜਾਵੇ ਤਾਂ ਜੋ ਪਰਿਵਾਰ ਆਪਣਾ ਗੁਜਾਰਾ ਕਰ ਸਕੇ।