ਜਿਰਕਪੁਰ ਤੋਂ ਚੱਲ ਰਿਹਾ ਸੀ ਫਰਜ਼ੀ ਕਾਲਿੰਗ ਸੈਂਟਰ, ਲੱਖਾਂ ਰੁਪਏ ਕੈਸ ਤੇ 67 ਮੁਬਾਈਲ ਬਰਾਮਦ

Updated On: 

20 Jun 2025 21:19 PM IST

Fake Call Center: ਬਰਨਾਲਾ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ, ਸਾਈਬਰ ਸੈੱਲ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ। ਮੁਲਜ਼ਮਾਂ ਤੋਂ ਲੱਖਾਂ ਰੁਪਏ ਨਕਦ, 67 ਮੋਬਾਈਲ, 18 ਸਿਮ ਕਾਰਡ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ।

ਜਿਰਕਪੁਰ ਤੋਂ ਚੱਲ ਰਿਹਾ ਸੀ ਫਰਜ਼ੀ ਕਾਲਿੰਗ ਸੈਂਟਰ, ਲੱਖਾਂ ਰੁਪਏ ਕੈਸ ਤੇ 67 ਮੁਬਾਈਲ ਬਰਾਮਦ
Follow Us On

ਬਰਨਾਲਾ ਪੁਲਿਸ ਨੇ ਇੱਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਜਾਅਲੀ ਕਾਲ ਸੈਂਟਰ ਬਣਾ ਕੇ ਲੋਕਾਂ ਨੂੰ ਕਰਜ਼ਾ ਦੇਣ ਦੇ ਨਾਮ ‘ਤੇ ਠੱਗੀ ਮਾਰ ਰਿਹਾ ਸੀ। ਇਹ ਅੰਤਰਰਾਜੀ ਗਿਰੋਹ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਲੋਕਾਂ ਨੂੰ ਆਪਣੀ ਧੋਖਾਧੜੀ ਦਾ ਸ਼ਿਕਾਰ ਬਣਾ ਰਿਹਾ ਸੀ। ਪਿਛਲੇ ਦੋ ਸਾਲਾਂ ਵਿੱਚ, ਇਸ ਗਿਰੋਹ ਨੇ ਕਰੋੜਾਂ ਰੁਪਏ ਦੀ ਠੱਗੀ ਮਾਰੀ ਹੈ। ਪੁਲਿਸ ਨੇ ਇਸ ਗਿਰੋਹ ਦੇ 9 ਲੋਕਾਂ ਨੂੰ ਨਾਮਜ਼ਦ ਕੀਤਾ ਹੈ ਅਤੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਇੱਕ ਨੌਜਵਾਨ ਔਰਤ ਵੀ ਸ਼ਾਮਲ ਹੈ। ਇਸ ਗਿਰੋਹ ਨੂੰ ਮੋਹਾਲੀ ਦੇ ਜ਼ੀਰਕਪੁਰ ਤੋਂ ਫੜਿਆ ਗਿਆ ਹੈ। ਜ਼ੀਰਕਪੁਰ ਵਿੱਚ ਇੱਕ ਕਾਲ ਸੈਂਟਰ ਚਲਾਇਆ ਜਾ ਰਿਹਾ ਸੀ ਅਤੇ ਉਹ ਮਾਸੂਮ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦੇ ਸਨ।

ਬਰਨਾਲਾ ਦੇ ਇੱਕ ਵਿਅਕਤੀ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ, ਸਾਈਬਰ ਸੈੱਲ ਨੇ ਸ਼ਿਕਾਇਤ ਦੀ ਜਾਂਚ ਕੀਤੀ ਅਤੇ ਇਸ ਗਿਰੋਹ ਦਾ ਪਰਦਾਫਾਸ਼ ਕੀਤਾ। ਮੁਲਜ਼ਮਾਂ ਤੋਂ ਲੱਖਾਂ ਰੁਪਏ ਨਕਦ, 67 ਮੋਬਾਈਲ, 18 ਸਿਮ ਕਾਰਡ ਅਤੇ ਏਟੀਐਮ ਕਾਰਡ ਬਰਾਮਦ ਕੀਤੇ ਗਏ ਹਨ। ਘਟਨਾ ਦਾ ਮੁੱਖ ਦੋਸ਼ੀ ਅਮਿਤ ਕੁਮਾਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਪੁਲਿਸ ਉਸਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਜ਼ੀਰਕਪੁਰ ਵਿੱਚ ਇੱਕ ਕਾਲ ਸੈਂਟਰ ਦਾ ਪਰਦਾਫਾਸ਼ ਕੀਤਾ ਗਿਆ ਤੇ 6 ਮੁਲਜ਼ਮਾਂ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਵਿੱਚ ਪਵਨ ਕੁਮਾਰ, ਭਾਵਨਾ, ਵੀਰਾ, ਸ਼ਿਵਾ, ਚਿਰੰਜੀਵੀ ਤੇ ਅੰਬਿਕਾ ਸ਼ਾਮਲ ਹਨ। ਗਿਰੋਹ ਦੇ ਮੈਂਬਰ ਆਮ ਲੋਕਾਂ ਨੂੰ ਕਰਜ਼ਾ ਦੇਣ ਦਾ ਵਾਅਦਾ ਕਰਕੇ ਠੱਗੀ ਮਾਰਦੇ ਸਨ। ਇਨ੍ਹਾਂ ਵਿੱਚੋਂ ਅਮਿਤ ਇਸ ਗਿਰੋਹ ਦਾ ਮਾਸਟਰਮਾਈਂਡ ਹੈ, ਜੋ ਜ਼ੀਰਕਪੁਰ ਦਾ ਰਹਿਣ ਵਾਲਾ ਹੈ ਤੇ ਇਸ ਸਮੇਂ ਫਰਾਰ ਹੈ। ਅਮਿਤ ਕੋਲ ਜ਼ੀਰਕਪੁਰ ਚ ਇੱਕ ਮਹਿੰਗਾ ਜਿਮ, 2 ਫਲੈਟ ਅਤੇ ਲਗਜ਼ਰੀ ਕਾਰਾਂ ਵੀ ਹਨ। ਇਸ ਤੋਂ ਇਲਾਵਾ, ਉਸਦੀ ਜਲੰਧਰ ਵਿੱਚ ਵੀ ਜਾਇਦਾਦ ਹੈ ਜਿਸ ‘ਤੇ ਪੁਲਿਸ ਨੇ ਛਾਪਾ ਮਾਰਿਆ, ਪਰ ਉਸਦੇ ਘਰ ਨੂੰ ਤਾਲਾ ਲੱਗਿਆ ਮਿਲਿਆ।

ਕਈ ਸੂਬਿਆਂ ‘ਚ ਫੈਲਿਆ ਸੀ ਨੈੱਟਵਰਕ

ਐਸਐਸਪੀ ਨੇ ਕਿਹਾ ਕਿ ਉਨ੍ਹਾਂ ਦੇ ਕਾਲ ਸੈਂਟਰ ਦਾ ਨੈੱਟਵਰਕ ਪੰਜਾਬ, ਹਿਮਾਚਲ, ਰਾਜਸਥਾਨ, ਕਰਨਾਟਕ, ਤੇਲੰਗਾਨਾ, ਗੁਜਰਾਤ ਅਤੇ ਗੋਆ ਤੱਕ ਫੈਲਿਆ ਹੋਇਆ ਹੈ। ਛਾਪੇਮਾਰੀ ਦੌਰਾਨ ਉਸ ਕੋਲੋਂ 67 ਮੋਬਾਈਲ ਫੋਨ ਅਤੇ 18 ਸਿਮ ਕਾਰਡ, 1 ਲੈਪਟਾਪ, ਕੰਪਿਊਟਰ ਅਤੇ ਹੋਰ ਉਪਕਰਣ ਬਰਾਮਦ ਕੀਤੇ ਗਏ। ਪਿਛਲੇ ਦੋ ਮਹੀਨਿਆਂ ਵਿੱਚ, ਉਸ ਨੇ ਕਰੋੜਾਂ ਰੁਪਏ ਦੇ ਔਨਲਾਈਨ ਲੈਣ-ਦੇਣ ਵੀ ਕੀਤੇ ਹਨ। ਉਹ ਵੱਖ-ਵੱਖ ਰਾਜਾਂ ਵਿੱਚ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ ਮਾਸੂਮ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਠੱਗਦੇ ਸਨ।

ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਦੱਸਿਆ ਹੈ ਕਿ ਉਹ 2023 ਤੋਂ ਹੀ ਇਹੀ ਕੰਮ ਕਰ ਰਿਹਾ ਹੈ। ਉਸ ਨੇ ਇਸ ਦੌਰਾਨ ਲਗਭਗ 20 ਤੋਂ 22 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ‘ਚ ਪੁਲਿਸ ਮੁਲਜ਼ਮ ਅਮਿਤ ਦੇ ਸਾਲੇ ਵਿਰੁੱਧ ਵੀ ਕਾਰਵਾਈ ਕਰ ਰਹੀ ਹੈ। ਇਸ ਅਪਰਾਧ ‘ਚ ਮੁਲਜ਼ਮ ਪਵਨ ਕੁਮਾਰ ਦੀ ਭੈਣ ਵੀ ਸ਼ਾਮਲ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਕੁਝ ਬੈਂਕਾਂ ਵਿੱਚ 2.75 ਕਰੋੜ ਰੁਪਏ ਦੇ ਲੈਣ-ਦੇਣ ਕੀਤੇ ਸਨ ਅਤੇ ਦੋ ਮਹੀਨਿਆਂ ਵਿੱਚ ਲਗਭਗ 8 ਕਰੋੜ ਰੁਪਏ ਦੇ ਲੈਣ-ਦੇਣ ਕੀਤੇ ਗਏ ਸਨ। ਇਸ ਕਾਲ ਸੈਂਟਰ ਦੇ ਮਾਸਟਰਮਾਈਂਡ ਅਮਿਤ, ਜੋ ਕਿ ਫਰਾਰ ਹੈ, ਦੀ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ। ਉਸਦੇ ਦੋ ਫਲੈਟ ਅਤੇ ਇੱਕ ਜਿੰਮ ਜ਼ੀਰਕਪੁਰ ਵਿੱਚ ਅਟੈਚ ਕੀਤੇ ਜਾਣਗੇ।

Related Stories