ਗੁਰਦਾਸਪੁਰ ‘ਚ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, ਬਾਰਡਰ ਪਾਰ ਕਰਨ ਦੇ ਕਾਰਨਾਂ ਦੀ ਜਾਂਚ ਜਾਰੀ

tv9-punjabi
Updated On: 

15 Jul 2025 16:26 PM

ਤਨਵੀਰ ਨੂੰ ਭਾਰਤੀ ਪਾਸੇ ਸ਼ੱਕੀ ਹਾਲਾਤਾਂ ਵਿੱਚ ਫੜਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਜਾਂਚ ਅਗਲੇ ਪੱਧਰ 'ਤੇ ਚੱਲ ਰਹੀ ਹੈ।

ਗੁਰਦਾਸਪੁਰ ਚ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, ਬਾਰਡਰ ਪਾਰ ਕਰਨ ਦੇ ਕਾਰਨਾਂ ਦੀ ਜਾਂਚ ਜਾਰੀ
Follow Us On

ਇੱਕ ਪਾਕਿਸਤਾਨੀ ਨਾਗਰਿਕ ਭਾਰਤ-ਪਾਕਿਸਤਾਨ ਸਰਹੱਦ ਪਾਰ ਕਰਕੇ ਭਾਰਤ ਦਾਖ਼ਲ ਹੋ ਗਿਆ। ਹਾਲਾਂਕਿ, ਉਸ ਨੂੰ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਫੜ ਲਿਆ ਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪਾਕਿਸਤਾਨੀ ਨਾਗਰਿਕ ਦਾ ਨਾਮ ਤਨਵੀਰ ਕਾਲਾ ਹੈ। ਤਨਵੀਰ ਕੋਲ ਨਾ ਤਾਂ ਵੀਜ਼ਾ ਹੈ ਅਤੇ ਨਾ ਹੀ ਕੋਈ ਦਸਤਾਵੇਜ਼ ਜਿਸ ਨਾਲ ਉਹ ਭਾਰਤ ਆ ਸਕੇ।

ਪੰਜਾਬ ਦੇ ਗੁਰਦਾਸਪੁਰ ਸਰਹੱਦੀ ਖੇਤਰ ਵਿੱਚ, ਬੀਐਸਐਫ ਜਵਾਨਾਂ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਬਿਨਾਂ ਵੀਜ਼ਾ ਅਤੇ ਇਜਾਜ਼ਤ ਦੇ ਭਾਰਤ ਵਿੱਚ ਦਾਖਲ ਹੋਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਬੀਓਪੀ ਚੌਤਾਰਾ ਪੋਸਟ ‘ਤੇ ਪੋਸਟ ਨੰਬਰ 58, ਬਟਾਲੀਅਨ ਬੀਐਸਐਫ ਦੁਆਰਾ ਕੀਤੀ ਗਈ।

ਪਾਕਿਸਤਾਨੀ ਨਾਗਰਿਕ ਵਜੋਂ ਹੋਈ ਪਛਾਣ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਤਨਵੀਰ ਕਾਲਾ ਪੁੱਤਰ ਤਾਰੀਘਰ ਵਾਸੀ ਡੇਨਕਾਲਾ ਸ਼ੱਕਰਗੜ੍ਹ (ਨਾਰੋਵਾਲ) ਪਾਕਿਸਤਾਨ ਵਜੋਂ ਹੋਈ ਹੈ। ਉਨ੍ਹਾਂ ਨੇ ਬਿਨਾਂ ਕਿਸੇ ਅਧਿਕਾਰਤ ਇਜਾਜ਼ਤ ਦੇ ਭਾਰਤ-ਪਾਕਿਸਤਾਨ ਸਰਹੱਦ ਪਾਰ ਕੀਤੀ ਹੈ। ਇਸ ਤਹਿਤ ਉਸ ਵਿਰੁੱਧ 3-34-20 ਆਈਪੀ ਐਕਟ ਅਤੇ 14ਏ ਫਾਰੇਨ ਐਕਸਚੇਂਜ (ਰੈਗੂਲੇਸ਼ਨ) ਐਕਟ 1973 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਤਨਵੀਰ ਨੂੰ ਭਾਰਤੀ ਪਾਸੇ ਸ਼ੱਕੀ ਹਾਲਾਤਾਂ ਵਿੱਚ ਫੜਿਆ ਗਿਆ ਸੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਹਿਰਾਸਤ ਵਿੱਚ ਸੌਂਪ ਦਿੱਤਾ ਗਿਆ ਅਤੇ ਮਾਮਲਾ ਦਰਜ ਕਰ ਲਿਆ ਗਿਆ। ਮਾਮਲੇ ਦੀ ਜਾਂਚ ਅਗਲੇ ਪੱਧਰ ‘ਤੇ ਚੱਲ ਰਹੀ ਹੈ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀਆਂ ਹਨ ਕਿ ਤਨਵੀਰ ਦੇ ਭਾਰਤ ਵਿੱਚ ਦਾਖਲ ਹੋਣ ਦਾ ਕੀ ਮਕਸਦ ਸੀ।