ਬਰਨਾਲਾ ‘ਚ ਪੰਚਾਇਤ ਸੈਕਟਰੀ ‘ਤੇ ਵਿਜੀਲੈਂਸ ਦੀ ਕਾਰਵਾਈ, ਰੰਗੇ ਹੱਥ ਰਿਸ਼ਵਤ ਲੈਂਦਾ ਗ੍ਰਿਫ਼ਤਾਰ

tv9-punjabi
Updated On: 

22 Apr 2025 17:41 PM

ਸੈਕਟਰੀ ਨੂੰ ਬਰਨਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਚਾਇਤ ਸਕੱਤਰ ਨੂੰ ਵਿਜੀਲੈਂਸ ਟੀਮ ਨੇ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸਕੱਤਰ ਬਿੱਲ ਪਾਸ ਕਰਨ ਦੇ ਬਦਲੇ ਠੇਕੇਦਾਰ ਤੋਂ ਕਮਿਸ਼ਨ ਲੈ ਰਿਹਾ ਸੀ।

ਬਰਨਾਲਾ ਚ ਪੰਚਾਇਤ ਸੈਕਟਰੀ ਤੇ ਵਿਜੀਲੈਂਸ ਦੀ ਕਾਰਵਾਈ, ਰੰਗੇ ਹੱਥ ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਸੰਕੇਤਕ ਤਸਵੀਰ

Follow Us On

Panchayat Secretary Arrested: ਬਰਨਾਲਾ ਵਿੱਚ ਪੰਚਾਇਤ ਸਕੱਤਰ ਨੂੰ ਰਿਸ਼ਵਤ ਲੈਂਦੇ ਫੜਿਆ ਗਿਆ ਹੈ। ਮੁਲਜ਼ਮ ਸਕੱਤਰ ਨੂੰ ਵਿਜੀਲੈਂਸ ਟੀਮ ਨੇ ਰਿਸ਼ਵਤ ਦੀ ਰਕਮ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਊਰੋ ਨੇ ਬਰਨਾਲਾ ਵਿੱਚ ਤਾਇਨਾਤ ਪੰਚਾਇਤ ਸਕੱਤਰ ਗੁਰਮੇਲ ਸਿੰਘ ਨੂੰ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਮੇਲ ਸਿੰਘ ਨੂੰ ਠੇਕੇਦਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਸ਼ਿਕਾਇਤਕਰਤਾ ਠੇਕੇਦਾਰ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਇਲਜ਼ਾਮ ਲਗਾਇਆ ਹੈ ਕਿ ਉਸ ਨੇ 2023 ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਫਤਿਹਗੜ੍ਹ ਛੰਨਾ ਵਿੱਚ ਪੰਚਾਇਤੀ ਜ਼ਮੀਨ ‘ਤੇ 3 ਲੱਖ 84 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਸੋਲਰ ਪੰਪ ਲਗਾਇਆ ਸੀ, ਪਰ ਉਕਤ ਪੰਚਾਇਤ ਸਕੱਤਰ ਬਿੱਲ ਪਾਸ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਪੰਚਾਇਤ ਸਕੱਤਰ ਗੁਰਮੇਲ ਸਿੰਘ ਨੇ ਕਮਿਸ਼ਨ ਵਜੋਂ 20 ਹਜ਼ਾਰ ਰੁਪਏ ਰਿਸ਼ਵਤ ਮੰਗੀ ਹੈ।

ਮੁਲਜ਼ਮ ਸਕੱਤਰ ਨੂੰ ਰੰਗੇ ਹੱਥੀਂ ਫੜਿਆ

ਵਿਜੀਲੈਂਸ ਨੇ ਠੇਕੇਦਾਰ ਦੀ ਸ਼ਿਕਾਇਤ ਦੀ ਜਾਂਚ ਕੀਤੀ। ਜਾਂਚ ਤੋਂ ਬਾਅਦ ਇਲਜ਼ਾਮ ਸੱਚ ਪਾਏ ਗਏ। ਇਸ ਤੋਂ ਬਾਅਦ, ਵਿਜੀਲੈਂਸ ਟੀਮ ਨੇ ਮੁਲਜ਼ਮ ਸਕੱਤਰ ਨੂੰ ਰੰਗੇ ਹੱਥੀਂ ਫੜਨ ਲਈ ਜਾਲ ਵਿਛਾ ਦਿੱਤਾ ਸੀ। ਸੈਕਟਰੀ ਵਿਜੀਲੈਂਸ ਵੱਲੋਂ ਵਿਛਾਏ ਜਾਲ ਵਿੱਚ ਫਸ ਗਿਆ ਅਤੇ ਮੁਲਜ਼ਮ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ‘ਚ ਸ਼ਿਕਾਇਤਕਰਤਾ ਤੋਂ 20 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁਲਜ਼ਮ ਪੰਚਾਇਤ ਸਕੱਤਰ ਗੁਰਮੇਲ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਪੁਲਿਸ ਸਟੇਸ਼ਨ, ਪਟਿਆਲਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਟੀਮ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗਿੱਛ ਲਈ ਰਿਮਾਂਡ ‘ਤੇ ਵੀ ਲੈ ਸਕਦੀ ਹੈ।