ਅੰਮ੍ਰਿਤਸਰ ਪੁਲਿਸ ਨੂੰ ਵੱਡੀ ਸਫ਼ਲਤਾ, ਜਿੰਦਾ ਗ੍ਰਨੇਡ ਸਮੇਤ ਗੈਂਗਸਟਰ ਗ੍ਰਿਫ਼ਤਾਰ
ਸਪੈਸ਼ਲ ਟੀਮ ਇੰਚਾਰਜ ਸਬ ਇੰਸਪੈਕਟਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਬੱਚੀ ਵਿੰਡ 30 ਪੁਆਇੰਟ ਤੇ ਛਾਪੇ ਦੌਰਾਨ ਇੱਕ ਦੋਸ਼ੀ ਮਲਕੀਤ ਸਿੰਘ ਕੀਤੂ ਉੱਤਰ ਜੰਗ ਸਿੰਘ ਵਾਸੀ ਪੰਡੋਰੀ ਨੂੰ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਤੋਂ ਇੱਕ ਜਿੰਦਾ ਗ੍ਰਨੇਡ, 30 ਬੋਰ ਦਾ ਪਿਸਤੌਲ ਅਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਸਮਾਜਿਕ ਤੱਤਾਂ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਇੱਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕੀਤਾ ਹੈ। ਡੀਐਸਪੀ ਦਿਹਾਤੀ ਇੰਦਰਜੀਤ ਸਿੰਘ ਰਾਜਾ ਸੰਸੀ ਨੇ ਮੀਡੀਆ ਨੂੰ ਦੱਸਿਆ ਕਿ ਡੀਆਈਜੀ ਬਾਰਡਰ ਰੇਂਜ ਨਾਨਕ ਸਿੰਘ ਤੇ ਐਸਐਸਪੀ ਮਨਿੰਦਰ ਸਿੰਘ ਆਈਪੀਐਸ ਵੱਲੋਂ ਜਾਰੀ ਮੁਹਿੰਮ ਅਧੀਨ ਇਹ ਕਾਰਵਾਈ ਅੰਜ਼ਾਮ ਦਿੱਤੀ ਗਈ ਹੈ।
ਸਪੈਸ਼ਲ ਟੀਮ ਇੰਚਾਰਜ ਸਬ ਇੰਸਪੈਕਟਰ ਸਤਿੰਦਰ ਸਿੰਘ ਦੀ ਅਗਵਾਈ ਹੇਠ ਬੱਚੀ ਵਿੰਡ 30 ਪੁਆਇੰਟ ‘ਤੇ ਛਾਪੇ ਦੌਰਾਨ ਇੱਕ ਮੁਲਜ਼ਮ ਮਲਕੀਤ ਸਿੰਘ ਕੀਤੂ ਉੱਤਰ ਜੰਗ ਸਿੰਘ ਵਾਸੀ ਪੰਡੋਰੀ ਨੂੰ ਕਾਬੂ ਕੀਤਾ ਗਿਆ। ਉਸ ਦੇ ਕਬਜ਼ੇ ਤੋਂ ਇੱਕ ਜਿੰਦਾ ਗ੍ਰਨੇਡ, 30 ਬੋਰ ਦਾ ਪਿਸਤੌਲ ਤੇ 10 ਜਿੰਦਾ ਰੌਂਦ ਬਰਾਮਦ ਕੀਤੇ ਗਏ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਮਲਕੀਤ ਸਿੰਘ ਪਾਕਿਸਤਾਨ ‘ਚ ਬੈਠੇ ਗੈਂਗਸਟਰ ਹਰਿੰਦਰ ਸਿੰਘ ਰਿੰਦਾ ਤੇ ਯੂਕੇ ਅਧਾਰਿਤ ਧਰਮਾ ਸੰਧੂ ਦੇ ਇਸ਼ਾਰਿਆਂ ਤੇ ਕੰਮ ਕਰ ਰਿਹਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਇਸ ਖ਼ਿਲਾਫ਼ ਕੋਈ ਮਾਮਲਾ ਦਰਜ ਨਹੀਂ ਸੀ, ਪਰ ਹੁਣ ਰਿਮਾਂਡ ਦੌਰਾਨ ਇਸ ਤੋਂ ਡੂੰਘੀ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਉਮੀਦ ਹੈ ਕਿ ਇਸ ਦੇ ਹੋਰ ਸਾਥੀਆਂ ਅਤੇ ਹਥਿਆਰਾਂ ਦੀ ਸਪਲਾਈ ਲੜੀ ਬਾਰੇ ਮਹੱਤਵਪੂਰਨ ਖੁਲਾਸੇ ਹੋਣਗੇ।
ਡੀਐਸਪੀ ਇੰਦਰਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਅੰਮ੍ਰਿਤਸਰ ਵਿੱਚ ਕਈ ਥਾਵਾਂ ਤੇ ਗ੍ਰਨੇਡ ਸੁੱਟਣ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਇਸ ਗ੍ਰਿਫ਼ਤਾਰੀ ਨਾਲ਼ ਉਸ ਕੜੀ ਤੱਕ ਵੀ ਪਹੁੰਚ ਹੋ ਸਕਦੀ ਹੈ। ਪੁਲਿਸ ਨੇ ਦ੍ਰਿੜ਼ਤਾ ਨਾਲ਼ ਕਿਹਾ ਹੈ ਕਿ ਜਿਹੜੇ ਵੀ ਲੋਕ ਪਾਕਿਸਤਾਨ ਜਾਂ ਵਿਦੇਸ਼ੀ ਗੈਂਗਸਟਰਾਂ ਨਾਲ ਮਿਲਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਰਹੇਗੀ।
