Adobe ਦੇ ਨਵੇਂ CEO ਹੋਣਗੇ ਅਨਿਲ ਚੱਕਰਵਰਤੀ, ਜਾਣੋ ਉਨ੍ਹਾਂ ਕੋਲ ਕਿਹੜੀਆਂ ਡਿਗਰੀਆਂ
ਦੁਨੀਆ ਦੀ ਪ੍ਰਮੁੱਖ ਸਾਫਟਵੇਅਰ ਕੰਪਨੀ ਅਡੋਬ (Adobe) ਦੀ ਕਮਾਨ ਹੁਣ ਭਾਰਤੀ ਮੂਲ ਦੇ ਦਿੱਗਜ ਤਕਨੀਕੀ ਮਾਹਿਰ ਅਨਿਲ ਚੱਕਰਵਰਤੀ ਸੰਭਾਲਣ ਜਾ ਰਹੇ ਹਨ। ਕੰਪਨੀ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਨੂੰ ਆਪਣਾ ਨਵਾਂ ਪ੍ਰਧਾਨ (ਪ੍ਰੈਜ਼ੀਡੈਂਟ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ।
ਦੁਨੀਆ ਦੀ ਪ੍ਰਮੁੱਖ ਸਾਫਟਵੇਅਰ ਕੰਪਨੀ ਅਡੋਬ (Adobe) ਦੀ ਕਮਾਨ ਹੁਣ ਭਾਰਤੀ ਮੂਲ ਦੇ ਦਿੱਗਜ ਤਕਨੀਕੀ ਮਾਹਿਰ ਅਨਿਲ ਚੱਕਰਵਰਤੀ ਸੰਭਾਲਣ ਜਾ ਰਹੇ ਹਨ। ਕੰਪਨੀ ਨੇ ਅਧਿਕਾਰਤ ਤੌਰ ‘ਤੇ ਉਨ੍ਹਾਂ ਨੂੰ ਆਪਣਾ ਨਵਾਂ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਅਨਿਲ ਚੱਕਰਵਰਤੀ 1 ਦਸੰਬਰ ਤੋਂ ਰਸਮੀ ਤੌਰ ‘ਤੇ ਇਸ ਸਰਵਉੱਚ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ ਅਤੇ ਉਹ ਮੌਜੂਦਾ ਮੁਖੀ ਸ਼ਾਂਤਨੂ ਨਾਰਾਇਣ ਦਾ ਸਥਾਨ ਲੈਣਗੇ। ਸ਼ਾਂਤਨੂ ਨਾਰਾਇਣ ਨੇ 18 ਸਾਲਾਂ ਤੋਂ ਵੱਧ ਸਮੇਂ ਤੱਕ ਅਡੋਬ ਦੀ ਅਗਵਾਈ ਬੇਹੱਦ ਸਫ਼ਲਤਾਪੂਰਵਕ ਕੀਤੀ ਹੈ ਅਤੇ ਹੁਣ ਉਹ ਕੰਪਨੀ ਵਿੱਚ ਕਾਰਜਕਾਰੀ ਚੇਅਰਮੈਨ ਦੀ ਅਹਿਮ ਭੂਮਿਕਾ ਨਿਭਾਉਣਗੇ। ਆਓ ਜਾਣਦੇ ਹਾਂ ਅਡੋਬ ਦੇ ਨਵੇਂ ਮੁਖੀ ਅਨਿਲ ਚੱਕਰਵਰਤੀ ਦੇ ਸ਼ਾਨਦਾਰ ਸਫ਼ਰ ਬਾਰੇ।
ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਤੋਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਵਾਲੇ ਅਨਿਲ ਚੱਕਰਵਰਤੀ ਨੇ ਆਈ.ਆਈ.ਟੀ. ਬੀ.ਐੱਚ.ਯੂ. (IIT BHU) ਅਤੇ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਐੱਮ.ਆਈ.ਟੀ. (MIT) ਵਰਗੇ ਨਾਮਵਰ ਵਿੱਦਿਅਕ ਅਦਾਰਿਆਂ ਤੋਂ ਉੱਚ ਸਿੱਖਿਆ ਹਾਸਲ ਕੀਤੀ ਹੈ। ਇਸ ਮਗਰੋਂ ਉਨ੍ਹਾਂ ਨੇ ਗਲੋਬਲ ਟੈਕਨਾਲੋਜੀ ਅਤੇ ਕਾਰੋਬਾਰੀ ਜਗਤ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦੀ ਅਗਵਾਈ ਕੀਤੀ।
ਬੈਂਗਲੁਰੂ ਤੋਂ ਸ਼ੁਰੂ ਹੋਇਆ ਵਿੱਦਿਅਕ ਸਫ਼ਰ
ਅਨਿਲ ਚੱਕਰਵਰਤੀ ਦਾ ਪਿਛੋਕੜ ਭਾਰਤ ਦੀ ਸਿਲੀਕਾਨ ਵੈਲੀ ਵਜੋਂ ਜਾਣੇ ਜਾਂਦੇ ਬੈਂਗਲੁਰੂ ਸ਼ਹਿਰ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਆਪਣੀ ਸਕੂਲੀ ਪੜ੍ਹਾਈ ਦੀ ਸ਼ੁਰੂਆਤ ਸੁਦਰਸ਼ਨ ਵਿੱਦਿਆ ਮੰਦਰ ਤੋਂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਜੈਨਗਰ ਦੇ ਵਿਜਯਾ ਹਾਈ ਸਕੂਲ ਤੋਂ ਸਿੱਖਿਆ ਹਾਸਲ ਕੀਤੀ। ਪ੍ਰੀ-ਯੂਨੀਵਰਸਿਟੀ ਦੀ ਪੜ੍ਹਾਈ ਉਨ੍ਹਾਂ ਨੇ ਬਸਵਨਗੁੜੀ ਸਥਿਤ ਨੈਸ਼ਨਲ ਕਾਲਜ ਤੋਂ ਮੁਕੰਮਲ ਕੀਤੀ। ਉੱਚ ਸਿੱਖਿਆ ਲਈ ਉਨ੍ਹਾਂ ਨੇ ਆਈ.ਆਈ.ਟੀ. (ਬੀ.ਐੱਚ.ਯੂ.) ਵਾਰਾਣਸੀ ਵਿੱਚ ਦਾਖ਼ਲਾ ਲਿਆ, ਜਿੱਥੋਂ ਉਨ੍ਹਾਂ ਨੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿੱਚ ਬੀ.ਟੈੱਕ (BTech) ਦੀ ਡਿਗਰੀ ਪ੍ਰਾਪਤ ਕੀਤੀ। ਅਗਲੇਰੀ ਪੜ੍ਹਾਈ ਲਈ ਉਹ ਸੰਯੁਕਤ ਰਾਜ ਅਮਰੀਕਾ ਚਲੇ ਗਏ, ਜਿੱਥੇ ਉਨ੍ਹਾਂ ਨੇ ਮੈਸਾਚੂਸਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (MIT) ਤੋਂ ਮਾਸਟਰ ਡਿਗਰੀ ਅਤੇ ਪੀ.ਐੱਚ.ਡੀ. (PhD) ਦੀ ਉਪਾਧੀ ਹਾਸਲ ਕੀਤੀ।
ਵਿਸ਼ਵ ਦੀਆਂ ਚੋਟੀ ਦੀਆਂ ਕੰਪਨੀਆਂ ਵਿੱਚ ਨਿਭਾਈ ਵੱਡੀ ਜ਼ਿੰਮੇਵਾਰੀ
ਚੱਕਰਵਰਤੀ ਨੇ ਆਪਣੇ ਲੰਮੇ ਪੇਸ਼ੇਵਰ ਕਰੀਅਰ ਦੌਰਾਨ ਮੈਨੇਜਮੈਂਟ ਕੰਸਲਟਿੰਗ, ਸਾਈਬਰ ਸੁਰੱਖਿਆ, ਐਂਟਰਪ੍ਰਾਈਜ਼ ਸਾਫਟਵੇਅਰ ਅਤੇ ਕਲਾਊਡ ਡਾਟਾ ਮੈਨੇਜਮੈਂਟ ਵਰਗੇ ਗੁੰਝਲਦਾਰ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਕੰਮ ਕੀਤਾ ਹੈ। ਜਨਵਰੀ 2020 ਵਿੱਚ ਉਨ੍ਹਾਂ ਨੇ ਅਡੋਬ ਕੰਪਨੀ ਜੁਆਇਨ ਕੀਤੀ ਸੀ, ਜਿੱਥੇ ਉਨ੍ਹਾਂ ਨੂੰ ਕੰਪਨੀ ਦੇ ਡਿਜੀਟਲ ਐਕਸਪੀਰੀਅੰਸ ਕਾਰੋਬਾਰ ਦੀ ਅਹਿਮ ਕਮਾਨ ਸੌਂਪੀ ਗਈ ਸੀ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਤੰਬਰ 2020 ਵਿੱਚ ਉਨ੍ਹਾਂ ਨੂੰ ਕੰਪਨੀ ਦੇ ਗਲੋਬਲ ਸੇਲਜ਼ ਆਪ੍ਰੇਸ਼ਨਜ਼ ਦੀ ਵਾਧੂ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ ਸੀ।
Informatica ਦੇ CEO ਵਜੋਂ ਵੀ ਕਰ ਚੁੱਕੇ ਹਨ ਕੰਮ
ਅਡੋਬ ਪਰਿਵਾਰ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਚੱਕਰਵਰਤੀ ਪ੍ਰਸਿੱਧ ਡਾਟਾ ਕੰਪਨੀ ‘ਇਨਫਾਰਮੈਟਿਕਾ’ ਦੇ ਸੀ.ਈ.ਓ. ਰਹਿ ਚੁੱਕੇ ਹਨ। ਉਨ੍ਹਾਂ ਨੇ ਸਾਲ 2015 ਤੋਂ ਲੈ ਕੇ 2020 ਤੱਕ ਬਤੌਰ ਸੀ.ਈ.ਓ. ਉਸ ਕੰਪਨੀ ਦੀ ਕਾਮਯਾਬੀ ਨਾਲ ਅਗਵਾਈ ਕੀਤੀ। ਇਸ ਤੋਂ ਇਲਾਵਾ ਉਹ ਆਪਣੇ ਕਰੀਅਰ ਵਿੱਚ ਸਿਮੈਂਟਿਕ, ਵੇਰੀਸਾਈਨ ਅਤੇ ਮੈਕਕਿੰਜ਼ੀ ਐਂਡ ਕੰਪਨੀ ਵਰਗੇ ਬਹੁ-ਰਾਸ਼ਟਰੀ ਕਾਰਪੋਰੇਟ ਅਦਾਰਿਆਂ ਵਿੱਚ ਸੀਨੀਅਰ ਅਹੁਦਿਆਂ ‘ਤੇ ਸੇਵਾਵਾਂ ਨਿਭਾ ਚੁੱਕੇ ਹਨ। ਹੁਣ ਅਡੋਬ ਦੇ ਸੀ.ਈ.ਓ. ਵਜੋਂ ਉਨ੍ਹਾਂ ਦੀ ਨਵੀਂ ਤਾਇਨਾਤੀ ਵਿਸ਼ਵ ਪੱਧਰ ‘ਤੇ ਕੰਪਨੀ ਦੇ ਭਵਿੱਖੀ ਵਿਕਾਸ ਅਤੇ ਨਵੀਆਂ ਕਾਰੋਬਾਰੀ ਰਣਨੀਤੀਆਂ ਨੂੰ ਨਿਰਧਾਰਤ ਕਰਨ ਵਿੱਚ ਬੇਹੱਦ ਫ਼ੈਸਲਾਕੁੰਨ ਸਾਬਤ ਹੋਵੇਗੀ।
