Punjab Investors Summit 2026: ਪੰਜਾਬ ਨਿਵੇਸ਼ਕ ਸੰਮੇਲਨ ਦਾ ਸ਼ਾਨਦਾਰ ਸਮਾਪਨ, CM ਮਾਨ ਦਾ ਵੱਡਾ ਬਿਆਨ- “ਵਿਰੋਧੀ ਕੁਰਸੀ ਲਈ ਲੜਦੇ, ਅਸੀਂ ਪੰਜਾਬ ਲਈ ਅੜਦੇ ਹਾਂ”
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੋਹਾਲੀ ਵਿਖੇ ਚੱਲ ਰਿਹਾ ਤਿੰਨ ਦਿਨਾਂ 'ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ' ਐਤਵਾਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੰਮੇਲਨ ਦੌਰਾਨ ਕਿਹੜੀਆਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ, ਇਸ ਦਾ ਪੂਰਾ ਵੇਰਵਾ ਭਲਕੇ (ਸੋਮਵਾਰ) ਦਿੱਤਾ ਜਾਵੇਗਾ।
Image Credit: @AAPPunjab
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੋਹਾਲੀ ਵਿਖੇ ਚੱਲ ਰਿਹਾ ਤਿੰਨ ਦਿਨਾਂ ‘ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ’ ਐਤਵਾਰ ਨੂੰ ਸਫਲਤਾਪੂਰਵਕ ਸੰਪੰਨ ਹੋ ਗਿਆ। ਇਸ ਮੌਕੇ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸੰਮੇਲਨ ਦੌਰਾਨ ਕਿਹੜੀਆਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਦਾ ਭਰੋਸਾ ਦਿੱਤਾ ਹੈ, ਇਸ ਦਾ ਪੂਰਾ ਵੇਰਵਾ ਭਲਕੇ (ਸੋਮਵਾਰ) ਦਿੱਤਾ ਜਾਵੇਗਾ, ਕਿਉਂਕਿ ਕੱਲ੍ਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚਾਰ ਸਾਲ ਪੂਰੇ ਹੋ ਰਹੇ ਹਨ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ, “ਸਾਡੇ ਵਿਰੋਧੀ ਕੁਰਸੀਆਂ ਲਈ ਲੜਦੇ ਹਨ, ਪਰ ਅਸੀਂ ਪੰਜਾਬ ਦੇ ਹੱਕਾਂ ਲਈ ਅੜਦੇ ਹਾਂ।”
ਵਿਦੇਸ਼ ਨੀਤੀ ਅਤੇ ਗੈਸ ਦੀ ਕਿੱਲਤ ‘ਤੇ ਕੇਂਦਰ ਨੂੰ ਘੇਰਿਆ
ਈਰਾਨ ਅਤੇ ਇਜ਼ਰਾਈਲ ਜੰਗ ਕਾਰਨ ਪੈਦਾ ਹੋਈ ਗੈਸ ਦੀ ਕਿੱਲਤ ਬਾਰੇ ਬੋਲਦਿਆਂ ਮੁੱਖ ਮੰਤਰੀ ਨੇ ਭਾਜਪਾ ਸਰਕਾਰ ‘ਤੇ ਸਖ਼ਤ ਸ਼ਬਦੀ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮਹੀਨੇ ਵਿੱਚ 15 ਦਿਨ ਵਿਦੇਸ਼ ਰਹਿੰਦੇ ਹਨ, ਪਰ ਫਿਰ ਵੀ ਕੋਈ ਦੇਸ਼ ਸਾਡੇ ਨਾਲ ਖੜ੍ਹਾ ਨਜ਼ਰ ਨਹੀਂ ਆਉਂਦਾ।
ਉਨ੍ਹਾਂ ਸਵਾਲ ਕੀਤਾ ਕਿ ਜੇਕਰ ਜੰਗ ਦਾ ਖ਼ਤਰਾ ਪਹਿਲਾਂ ਹੀ ਸੀ ਤਾਂ ਗੈਸ ਸਟੋਰੇਜ ਕਿਉਂ ਨਹੀਂ ਕੀਤੀ ਗਈ? ਉਨ੍ਹਾਂ ਕਿਹਾ ਕਿ ਡੋਨਾਲਡ ਟਰੰਪ ਵਰਗੇ ਦੋਸਤਾਂ ਨੇ ਵੀ ਉਨ੍ਹਾਂ ਨੂੰ ਇਸ ਆਉਣ ਵਾਲੀ ਮੁਸੀਬਤ ਬਾਰੇ ਸੁਚੇਤ ਨਹੀਂ ਕੀਤਾ, ਜੋ ਦੇਸ਼ ਦੀ ਫੇਲ੍ਹ ਹੋ ਚੁੱਕੀ ਵਿਦੇਸ਼ ਨੀਤੀ ਦਾ ਸਬੂਤ ਹੈ।
ਲੋਕਤੰਤਰ ਬਨਾਮ ਤਾਨਾਸ਼ਾਹੀ
CM ਮਾਨ ਨੇ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਸਾਰੀਆਂ ਸ਼ਕਤੀਆਂ ਇੱਕ-ਦੋ ਹੱਥਾਂ ਵਿੱਚ ਰਹਿਣਗੀਆਂ ਤਾਂ ਲੋਕਤੰਤਰ ਦੀ ਥਾਂ ਤਾਨਾਸ਼ਾਹੀ ਉਭਰੇਗੀ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਸੀਵਰੇਜ ਦੇ ਢੱਕਣ ਬਦਲਵਾਉਣ ਲਈ ਵੀ ਅਮਿਤ ਸ਼ਾਹ ਕੋਲ ਜਾਣਾ ਪੈਂਦਾ ਹੈ। ਉਨ੍ਹਾਂ ਰਾਹੁਲ ਗਾਂਧੀ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਉਹ ਦਿੱਲੀਓਂ ਆ ਕੇ ਸਿਰਫ਼ ਗਾਲ੍ਹਾਂ ਕੱਢ ਕੇ ਚਲੇ ਜਾਂਦੇ ਹਨ।
ਨਸ਼ਾ ਤਸਕਰੀ ਅਤੇ ਕੇਂਦਰੀ ਫੰਡਾਂ ਦਾ ਮੁੱਦਾ
ਨਸ਼ਿਆਂ ਦੇ ਮੁੱਦੇ ‘ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦਾਂ ਦੀ ਰਾਖੀ ਕੇਂਦਰ ਦੀ ਜ਼ਿੰਮੇਵਾਰੀ ਹੈ। ਜੇਕਰ ਡਰੋਨ ਰਾਹੀਂ ਨਸ਼ਾ ਆ ਰਿਹਾ ਹੈ, ਤਾਂ ਇਹ ਗ੍ਰਹਿ ਮੰਤਰਾਲੇ ਦੀ ਨਾਕਾਮੀ ਹੈ। ਉਨ੍ਹਾਂ ਮੁੰਦਰਾ ਪੋਰਟ (ਗੁਜਰਾਤ) ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਹਜ਼ਾਰਾਂ ਕਿਲੋ ਨਸ਼ਾ ਫੜਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਨੇ ਪੰਜਾਬ ਦਾ ਆਰ.ਡੀ.ਐੱਫ. (RDF), ਜੀ.ਐੱਸ.ਟੀ. ਅਤੇ ਹੜ੍ਹ ਪੀੜਤਾਂ ਦਾ 1600 ਕਰੋੜ ਰੁਪਏ ਦਾ ਪੈਕੇਜ ਅਜੇ ਤੱਕ ਰੋਕ ਕੇ ਰੱਖਿਆ ਹੈ।
ਇਹ ਵੀ ਪੜ੍ਹੋ
ਮੋਹਾਲੀ ਵਿਖੇ ਮਾਨ ਸਰਕਾਰ ਵੱਲੋਂ ਕਰਵਾਇਆ ਗਿਆ ਤਿੰਨ ਰੋਜ਼ਾ ‘Progressive Punjab Investors’ Summit 2026′ ਅੱਜ ਸਮਾਪਤ ਹੋ ਗਿਆ, ਜਿਸ ਦੇ ਸ਼ਾਨਦਾਰ ਸਮਾਪਤੀ ਸਮਾਰੋਹ ਵਿੱਚ CM @BhagwantMann ਨੇ ਹਿੱਸਾ ਲਿਆ ਤੇ ਦੇਸ਼-ਵਿਦੇਸ਼ ਤੋਂ ਆਏ ਸਮੂਹ ਉਦਯੋਗਪਤੀਆਂ ਅਤੇ ਨਿਵੇਸ਼ਕਾਂ ਦਾ ਦਿਲੋਂ ਧੰਨਵਾਦ ਕੀਤਾ। ਇਸ ਸੱਮਿਟ ਵਿੱਚ ਨਿਵੇਸ਼ਕਾਂ ਵੱਲੋਂ pic.twitter.com/fuYkWzumhf
— AAP Punjab (@AAPPunjab) March 15, 2026
ਉਦਯੋਗਾਂ ਲਈ ਵੱਡੇ ਐਲਾਨ
ਮੁੱਖ ਮੰਤਰੀ ਨੇ ਦੱਸਿਆ ਕਿ ਵਰਬੀਓ ਕੰਪਨੀ ਲਹਿਰਾਗਾਗਾ ਵਿੱਚ 4,000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਤੋਂ ਇਲਾਵਾ ਡੈਨਮਾਰਕ, ਜਾਪਾਨ ਅਤੇ ਜਰਮਨੀ ਦੀਆਂ ਕੰਪਨੀਆਂ ਵੀ ਪੰਜਾਬ ਵਿੱਚ ਦਿਲਚਸਪੀ ਦਿਖਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ 1 ਨਵੰਬਰ ਅਤੇ 8 ਨਵੰਬਰ ਦੇ ਨੇੜੇ ਉਦਯੋਗਪਤੀਆਂ ਨਾਲ ਮੁੜ ਮੁਲਾਕਾਤ ਕੀਤੀ ਜਾਵੇਗੀ ਅਤੇ ਜੇਕਰ ਲੋੜ ਪਈ ਤਾਂ ਸਨਅਤੀ ਨੀਤੀ ਵਿੱਚ ਬਦਲਾਅ ਵੀ ਕੀਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਮੋਹਾਲੀ ਵਿੱਚ ਹਾਕੀ ਦਾ ਏਸ਼ੀਆ ਕੱਪ ਵੀ ਕਰਵਾਇਆ ਜਾ ਸਕਦਾ ਹੈ।
ਸੰਮੇਲਨ ਦੇ ਪਿਛਲੇ ਦੋ ਦਿਨਾਂ ਦੀਆਂ ਝਲਕੀਆਂ
13 ਮਾਰਚ: ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸੰਮੇਲਨ ਦੀ ਸ਼ੁਰੂਆਤ ਕੀਤੀ। ਪਹਿਲੇ ਦਿਨ ਟਾਟਾ ਸਟੀਲ, JSW ਅਤੇ ਹੀਰੋ ਵਰਗੇ ਵੱਡੇ ਗਰੁੱਪਾਂ ਨੇ 10,000 ਕਰੋੜ ਤੋਂ ਵੱਧ ਦੇ ਨਿਵੇਸ਼ ਪ੍ਰਸਤਾਵ ਦਿੱਤੇ। ਕੇਜਰੀਵਾਲ ਨੇ ਚੀਨ ਦਾ ਮੁਕਾਬਲਾ ਕਰਨ ਅਤੇ ‘ਮੇਕ ਇਨ ਇੰਡੀਆ’ ਨੂੰ ਹੁਲਾਰਾ ਦੇਣ ‘ਤੇ ਜ਼ੋਰ ਦਿੱਤਾ।
14 ਮਾਰਚ: ਯੂਕੇ ਦੀ ਫਰਮ ‘3 ਐਸੋਸੀਏਟਸ’ ਨੇ 1,407 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ। ਕਾਰੋਬਾਰੀਆਂ ਨੇ ਮਾਨ ਸਰਕਾਰ ਦੀਆਂ ਨੀਤੀਆਂ ਨੂੰ ਪਿਛਲੇ 20 ਸਾਲਾਂ ਦੀ ਸਭ ਤੋਂ ਪ੍ਰਭਾਵਸ਼ਾਲੀ ਪਹਿਲ ਦੱਸਿਆ।
