Wheat Procurement: ਕਣਕ ਵੇਚਣ ਵਾਲੇ ਕਿਸਾਨਾਂ ਦੇ ਖਾਤੇ ‘ਚ ਪਹੁੰਚੇ 41742.92 ਕਰੋੜ, ਜਲਦੀ ਚੈੱਕ ਕਰੋ ਅਕਾਉਂਟ
ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਕਣਕ ਦੀ ਖਰੀਦ ਤੇਜ਼ੀ ਨਾਲ ਹੋ ਰਹੀ ਹੈ। 8 ਮਈ ਤੱਕ ਐਫਸੀਆਈ ਨੇ 250 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਅਤੇ ਰਾਜਸਥਾਨ ਸਮੇਤ ਪੂਰੇ ਦੇਸ਼ ਵਿੱਚ ਕਣਕ ਦੀ ਸਰਕਾਰੀ ਖਰੀਦ ਤੇਜ਼ੀ ਨਾਲ ਹੋ ਰਹੀ ਹੈ। ਹੁਣ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਕਿਸਾਨਾਂ ਤੋਂ 250 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਪਿਛਲੇ ਅਪ੍ਰੈਲ ਮਹੀਨੇ ਦੇ ਮੁਕਾਬਲੇ ਮਈ ਮਹੀਨੇ ਕਣਕ ਦੀ ਆਮਦ ਵਧੀ ਹੈ। ਕਣਕ ਵੇਚਣ ਲਈ ਕਿਸਾਨ ਵੱਡੀ ਗਿਣਤੀ ‘ਚ ਖਰੀਦ ਕੇਂਦਰ ‘ਤੇ ਪਹੁੰਚ ਰਹੇ ਹਨ। ਅਜਿਹੀ ਸਥਿਤੀ ਵਿੱਚ, ਸਰਕਾਰ ਨੂੰ ਉਮੀਦ ਹੈ ਕਿ ਐਫਸੀਆਈ ਜਲਦੀ ਹੀ ਕਣਕ ਦੀ ਖਰੀਦ ਲਈ 341.5 ਲੱਖ ਮੀਟ੍ਰਿਕ ਟਨ ਦੇ ਟੀਚੇ ਨੂੰ ਪਾਰ ਕਰ ਸਕਦੀ ਹੈ। ਅਜਿਹੇ ‘ਚ ਇਸ ਵਾਰ ਦੇਸ਼ ‘ਚ ਕਣਕ ਦਾ ਕਾਫੀ ਭੰਡਾਰ ਹੋਵੇਗਾ, ਜਿਸ ਨਾਲ ਕਣਕ ਅਤੇ ਆਟੇ ਦੀਆਂ ਕੀਮਤਾਂ ‘ਤੇ ਕਾਬੂ ਪਾਇਆ ਜਾ ਸਕੇਗਾ।
ਮੀਡੀਆ ਰਿਪੋਰਟਾਂ ਅਨੁਸਾਰ 7 ਮਈ ਤੱਕ ਕਣਕ ਵੇਚਣ ਵਾਲੇ ਕਿਸਾਨਾਂ ਦੇ ਖਾਤਿਆਂ ਵਿੱਚ 41742.92 ਕਰੋੜ ਰੁਪਏ ਦਾ ਭੁਗਤਾਨ ਕੀਤਾ ਗਿਆ ਸੀ। ਜਿਸ ਕਾਰਨ ਕਿਸਾਨਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਗਏ ਹਨ। ਹਾਲਾਂਕਿ, ਸਰਕਾਰ ਨੇ ਅਜੇ 50471.69 ਕਰੋੜ ਰੁਪਏ ਦਾ ਭੁਗਤਾਨ ਕਰਨਾ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ ਕੇਂਦਰ ਸਰਕਾਰ ਕਿਸਾਨਾਂ ਤੋਂ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਣਕ ਖਰੀਦ ਰਹੀ ਹੈ। ਹਾਲਾਂਕਿ ਕਣਕ ਦੀ ਗੁਣਵੱਤਾ ਖਰਾਬ ਹੋਣ ਕਾਰਨ ਘੱਟੋ-ਘੱਟ ਸਮਰਥਨ ਮੁੱਲ 5.31 ਤੋਂ 31.87 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕੱਟਿਆ ਜਾ ਰਿਹਾ ਹੈ।
ਹਾਲਾਂਕਿ ਪੰਜਾਬ ਅਤੇ ਹਰਿਆਣਾ ਸਰਕਾਰਾਂ ਇਸ ਕਟੌਤੀ ਦੀ ਭਰਪਾਈ ਖੁਦ ਕਰ ਰਹੀਆਂ ਹਨ। ਯਾਨੀ ਕਿਸਾਨਾਂ ਨੂੰ ਕੁਆਲਿਟੀ ਪ੍ਰਭਾਵਿਤ ਕਣਕ ਵੇਚਣ ਤੋਂ ਬਾਅਦ ਵੀ 2125 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਆ ਰਹੇ ਹਨ। ਉਨ੍ਹਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਝੱਲਣਾ ਪੈ ਰਿਹਾ ਹੈ।
ਪੰਜਾਬ ਦੇ ਕਿਸਾਨਾਂ ਨੇ ਯੂਪੀ ਦੇ ਕਿਸਾਨਾਂ ਨੂੰ ਛੱਡਿਆ ਪਿੱਛੇ
ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਕਣਕ ਵੇਚਣ ਦੇ ਮਾਮਲੇ ਵਿੱਚ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕਣਕ ਵੇਚਣ ਬਦਲੇ ਪੰਜਾਬ ਦੇ ਕਿਸਾਨਾਂ ਨੂੰ 7 ਮਈ ਤੱਕ 22907.39 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ ਜਦਕਿ 24050.47 ਕਰੋੜ ਰੁਪਏ ਦੀ ਅਦਾਇਗੀ ਅਜੇ ਬਾਕੀ ਹੈ। ਇਸੇ ਤਰ੍ਹਾਂ 7 ਮਈ ਤੱਕ ਹਰਿਆਣਾ ਦੇ ਕਿਸਾਨਾਂ ਦੇ ਖਾਤਿਆਂ ਵਿੱਚ 10621.45 ਰੁਪਏ ਪਹੁੰਚ ਚੁੱਕੇ ਹਨ। ਸਰਕਾਰ ਜਲਦੀ ਹੀ 12450.14 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰੇਗੀ। ਇਸ ਵਾਰ ਰਾਜਸਥਾਨ ਦੇ ਕਿਸਾਨ ਕਣਕ ਵੇਚਣ ਵਿੱਚ ਬਹੁਤ ਪਿੱਛੇ ਹਨ। ਹੁਣ ਤੱਕ ਸਿਰਫ਼ 7.93 ਕਰੋੜ ਰੁਪਏ ਹੀ ਕਿਸਾਨਾਂ ਦੇ ਖਾਤੇ ਵਿੱਚ ਪੁੱਜੇ ਹਨ, ਜਦਕਿ 94.06 ਕਰੋੜ ਰੁਪਏ ਦੀ ਅਦਾਇਗੀ ਅਜੇ ਬਾਕੀ ਹੈ।
ਪੰਜਾਬ ਚੋਂ ਸਭ ਤੋਂ ਵੱਧ ਹੋਈ ਕਣਕ ਦੀ ਖਰੀਦ
ਐਫਸੀਆਈ ਅਨੁਸਾਰ ਇਸ ਵਾਰ ਕਣਕ ਦੀ ਖਰੀਦ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਹੋ ਰਹੀ ਹੈ। 8 ਮਈ ਤੱਕ ਐਫਸੀਆਈ ਨੇ 250 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ, ਜਦੋਂ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ ਸਿਰਫ 176 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ। ਪੰਜਾਬ ਵਿੱਚੋਂ ਸਭ ਤੋਂ ਵੱਧ 118 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੂਜੇ ਸਥਾਨ ‘ਤੇ ਹੈ। ਇੱਥੋਂ ਦੇ ਕਿਸਾਨ 8 ਮਈ ਤੱਕ 65.33 ਲੱਖ ਮੀਟ੍ਰਿਕ ਟਨ ਕਣਕ ਵੇਚ ਚੁੱਕੇ ਹਨ। ਹਰਿਆਣਾ 62 ਲੱਖ ਮੀਟ੍ਰਿਕ ਟਨ ਦੇ ਨਾਲ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ।