Agriculture News: ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖ਼ਰੀਦ ਲਈ ਕੀਤੇ ਗਏ ਹਨ ਢੁੱਕਵੇਂ ਪ੍ਰਬੰਧ – ਵਿਧਾਇਕ ਗਿੱਲ

Published: 

11 Apr 2023 15:58 PM

MLA ਗਿੱਲ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਗਈਆਂ ਨੁਮਾਇਸ਼ਾਂ ਨੂੰ ਵੇਖਿਆ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਨਤਮ ਤਕਨਾਲੋਜੀ ਨੂੰ ਆਪਣਾ ਕੇ ਵੱਧ ਤੋਂ ਵੱਧ ਮੁਨਾਫਾ ਲੈਣ ਦੀ ਅਪੀਲ ਕੀਤੀ।

Agriculture News: ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖ਼ਰੀਦ ਲਈ ਕੀਤੇ ਗਏ ਹਨ ਢੁੱਕਵੇਂ ਪ੍ਰਬੰਧ - ਵਿਧਾਇਕ ਗਿੱਲ
Follow Us On

ਬਠਿੰਡਾ ਨਿਊਜ: ਮੁੱਖ ਮੰਤਰੀ ਭਗਵੰਤ ਮਾਨ ਦੀਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਹਾੜ੍ਹੀ ਦੀਆਂ ਫਸਲਾਂ ਦੀ ਸੁਚੱਜੀ ਖਰੀਦ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਚੁੱਕੇ ਹਨ ਤੇ ਕਿਸਾਨ ਭਰਾਵਾਂ ਨੂੰ ਵੀ ਆਪਣੀਆਂ ਫਸਲਾਂ ਦੇ ਵੱਧ ਉਤਪਾਦਨ ਲਈ ਖੇਤੀਬਾੜੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਬੀਜ, ਖਾਦ ਤੇ ਕੀੜੇਮਾਰ ਦਵਾਈਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਕੀਤਾ।

ਜਗਰੂਪ ਸਿੰਘ ਗਿੱਲ ਨੇ ਕਿਸਾਨਾਂ ਨੂੰ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਸਾਲ ਨਰਮੇ ਦੇ ਬੀਜ ਤੇ ਕਿਸਾਨਾਂ ਨੂੰ 33 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ, ਇਸ ਲਈ ਕਿਸਾਨਾਂ ਵੱਲੋਂ ਨਰਮੇ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ ਤਾਂ ਜੋ ਪਾਣੀ ਦੀ ਬੱਚਤ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਸੰਭਾਲ ਵੀ ਕੀਤੀ ਜਾ ਸਕੇ। ਕਿਸਾਨਾਂ ਨੂੰ ਬੇਲੋੜੇ ਖਰਚੇ ਘੱਟ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨ।

ਅੰਤਿਮ ਪੜਾਅ ਤੇ ਹੈ ਖਰਾਬ ਫਸਲਾਂ ਦੀ ਗਿਰਦਾਵਰੀ

ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਦੱਸਿਆ ਕਿ ਮਾਰਚ ਮਹੀਨੇ ਦੌਰਾਨ ਹੋਈ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਨਾਲ ਹੋਏ ਫਸਲਾਂ ਦੇ ਨੁਕਸਾਨ ਦੀ ਕਰਵਾਈ ਜਾ ਰਹੀ ਗਿਰਦਾਵਰੀ ਸੂਬਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਤਿਮ ਪੜਾਅ ਤੇ ਹੈ ਤੇ ਇਸ ਸਬੰਧੀ ਹੋਏ ਨੁਕਸਾਨ ਦੀ ਪੂਰਤੀ ਲਈ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁੱਖ ਮੰਤਰੀ ਵੱਲੋਂ ਜਲਦ ਹੀ ਉਨ੍ਹਾਂ ਦੇ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਤੇ ਪਾਣੀ ਨੂੰ ਟੈਸਟ ਕਰਾਉਣ ਉਪਰੰਤ ਹੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਦਾ ਖਰਚ ਖਾਦਾਂ ਤੇ ਘੱਟ ਹੋਵੇ।

ਮੇਲੇ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਵੱਲੋ ਕਿਸਾਨਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਫਸਲੀ ਵਿਭਿੰਨਤਾ ਪ੍ਰੋਗਰਾਮ ਤਹਿਤ ਸਾਉਣੀ 2023 ਦੌਰਾਨ ਨਰਮੇ ਦੇ ਬੀਜ ਤੇ ਹਰੇਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਤੱਕ ਦੇ ਬੀਜ (10 ਪੈਕੇਟ) ਲਈ 33 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਸਾਉਣੀ ਦੀਆਂ ਫਸਲਾਂ ਦੇ ਪ੍ਰਮਾਣਿਤ ਬੀਜਾਂ ਅਤੇ ਖਾਦਾਂ ਦੀ ਲੋੜ ਨੂੰ ਪੂਰਾ ਕਰਨ ਲਈ ਸਪਲਾਈ ਕਰਨ ਵਾਲੀਆਂ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਕਰਕੇ ਮੰਗ ਅਨੁਸਾਰ ਬੀਜ ਅਤੇ ਖਾਦ ਦੇ ਪ੍ਰਬੰਧ ਕੀਤੇ ਗਏ ਹਨ।

ਸੱਮਸਿਆ ਦੇ ਹੱਲ ਲਈ ਅਧਿਕਾਰੀਆਂ ਦੀ ਨਿਯੁਕਤੀ

ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਾਉਣੀ 2023 ਦੌਰਾਨ ਨਰਮੇ/ਕਪਾਹ ਹੇਠ 80000 ਹੈਕ. ਰਕਬੇ ਉਪਰ ਬਿਜਾਈ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਣ-ਅਧਿਕਾਰਤ ਤੌਰ ਤੇ ਬੀਜ ਨਾ ਖਰੀਦਿਆ ਜਾਵੇ। ਸਿਰਫ ਮਨਜ਼ੂਰਸ਼ੁਦਾ ਅਦਾਰਿਆਂ ਵੱਲੋ ਪੱਕਾ ਬਿੱਲ ਲੈਣ ਉਪਰੰਤ ਹੀ ਪ੍ਰਮਾਣਿਤ ਬੀਜ ਖਰੀਦਿਆ ਜਾਵੇ। ਨਰਮੇ ਦੀ ਫਸਲ ਨੂੰ ਕਾਮਯਾਬ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਪਿੰਡ ਪੱਧਰ ਤੇ ਰਾਬਤਾ ਕਾਇਮ ਰੱਖਣ ਲਈ ਜ਼ਿਲ੍ਹੇ ਵਿੱਚ 27 ਸੁਪਰਵਾਈਜ਼ਰ ਅਤੇ 237 ਕਿਸਾਨ ਮਿੱਤਰ ਨਵੰਬਰ 2023 ਤੱਕ ਆਰਜ਼ੀ ਤੌਰ ਤੇ ਰੱਖੇ ਗਏ ਹਨ।

ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਤਾਂ ਕਿ ਜ਼ਮੀਨ ਦੀ ਸਿਹਤ ਅਤੇ ਮਨੁੱਖੀ ਸਿਹਤ ਤੇ ਇਸ ਦਾ ਮਾੜਾ ਪ੍ਰਭਾਵ ਨਾ ਪਵੇ। ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਤੇ ਇਸ ਦੀ ਸੁਚੱਜੀ ਸੰਭਾਲ ਸਬੰਧੀ ਜ਼ਿਲ੍ਹਾ ਦਾ ਐਕਸ਼ਨ ਪਲਾਨ ਤਿਆਰ ਕਰਕੇ ਸੂਬਾ ਸਰਕਾਰ ਨੂੰ ਭੇਜਿਆ ਜਾ ਚੁੱਕਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਵੱਖ-ਵੱਖ ਤਰ੍ਹਾਂ ਦੀ 8215 ਮਸ਼ੀਨਰੀ ਕਿਸਾਨਾਂ ਨੂੰ ਸਬਸਿਡੀ ਤੇ ਮੁਹੱਈਆ ਕਰਵਾਈ ਜਾ ਚੁੱਕੀ ਹੈ।

ਸਬਜ਼ੀਆਂ ਦੀ ਕਾਸ਼ਤ ਅਤੇ ਸਹਾਇਕ ਧੰਦਿਆਂ ਬਾਰੇ ਜਾਣਕਾਰੀ

ਇਸ ਮੌਕੇ ਡਾਇਰੈਕਟਰ ਰਿਜਨਲ ਰਿਸਰਚ ਸੈਟਰ ਡਾ. ਜਗਦੀਸ਼ ਗਰੋਵਰ ਵੱਲੋ ਸਾਉਣੀ 2023 ਲਈ ਨਰਮੇ ਦੇ ਬੀ.ਟੀ. ਬੀਜ ਦੀਆਂ ਸਿਫਾਰਿਸ ਕੀਤੀਆਂ ਕਿਸਮਾਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ ਗਈ। ਪੀ.ਏ.ਯੂ ਦੇ ਮਾਹਿਰਾਂ ਵੱਲੋ ਕਿਸਾਨਾਂ ਨੂੰ ਸਬਜ਼ੀਆਂ ਦੀ ਕਾਸ਼ਤ ਅਤੇ ਖੇਤੀਬਾੜੀ ਨਾਲ ਸਬੰਧਤ ਸਹਾਇਕ ਧੰਦਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਧੰਦਿਆਂ ਸਬੰਧੀ ਟਰੇਨਿੰਗ ਲੈਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਕੋਲ ਆਪਣੇ ਨਾਮ ਦਰਜ ਕਰਵਾਉਣ ਬਾਰੇ ਅਪੀਲ ਕੀਤੀ ਤੇ ਖੇਤੀ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ ਅਤੇ ਕਿਸਾਨਾਂ ਵੱਲੋਂ ਪੁੱਛੇ ਗਏ ਸਵਾਲਾਂ ਬਾਰੇ ਤਸੱਲੀਬਖਸ਼ ਜਵਾਬ ਵੀ ਦਿੱਤੇ।

ਕਿਸਾਨ ਮੇਲੇ ਦੌਰਾਨ ਸਟੇਜ ਦਾ ਸੰਚਾਲਨ ਭੂਮੀ ਪਰਖ ਅਫਸਰ ਡਾ. ਬਲਜਿੰਦਰ ਸਿੰਘ ਤੇ ਖੇਤੀਬਾੜੀ ਅਫਸਰ ਨਥਾਣਾ ਡਾ. ਜਸਕਰਨ ਸਿੰਘ ਵੱਲੋਂ ਬੜੀ ਬਾਖੂਬੀ ਨਾਲ ਕੀਤਾ ਗਿਆ ਤੇ ਅੰਤ ਵਿੱਚ ਬਲਾਕ ਖੇਤੀਬਾੜੀ ਅਫਸਰ ਸੰਗਤ ਡਾ. ਧਰਮਪਾਲ ਵੱਲੋਂ ਆਏ ਹੋਏ ਕਿਸਾਨਾਂ ਅਤੇ ਮਹਿਮਾਨਾਂ ਦਾ ਮੇਲੇਂ ਵਿੱਚ ਆਉਣ ਤੇ ਵਿਸ਼ੇਸ਼ ਧੰਨਵਾਦ ਕੀਤਾ ਵੀ ਗਿਆ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ