ਪਾਕਿਸਤਾਨ ਦੌਰੇ ‘ਤੇ World Bank ਚੇਅਰਮੈਨ ਅਜੈ ਬੰਗਾ: ਗੁਰਦੁਆਰਾ ਪੰਜਾ ਸਾਹਿਬ ਹੋਏ ਨਤਮਸਤਕ, ਆਰਥਿਕ ਸੁਧਾਰਾਂ ‘ਤੇ ਸਖ਼ਤ ਨਸੀਹਤ

Updated On: 

03 Feb 2026 18:31 PM IST

ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਇਨੀਂ ਦਿਨੀਂ ਪਾਕਿਸਤਾਨ ਦੇ ਦੌਰੇ 'ਤੇ ਹਨ, ਜਿੱਥੇ ਉਹਨਾਂ ਨੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਦੇਸ਼ ਦੀ ਲੜਖੜਾਉਂਦੀ ਆਰਥਿਕਤਾ ਨੂੰ ਸੁਧਾਰਨ ਲਈ ਪਾਕਿਸਤਾਨੀ ਲੀਡਰਸ਼ਿਪ ਨੂੰ ਸਪੱਸ਼ਟ ਸ਼ਬਦਾਂ ਵਿੱਚ ਨਸੀਹਤਾਂ ਦਿੱਤੀਆਂ ਹਨ।

ਪਾਕਿਸਤਾਨ ਦੌਰੇ ਤੇ World Bank ਚੇਅਰਮੈਨ ਅਜੈ ਬੰਗਾ: ਗੁਰਦੁਆਰਾ ਪੰਜਾ ਸਾਹਿਬ ਹੋਏ ਨਤਮਸਤਕ, ਆਰਥਿਕ ਸੁਧਾਰਾਂ ਤੇ ਸਖ਼ਤ ਨਸੀਹਤ

ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਪਾਕਿਸਤਾਨ ਦੌਰੇ 'ਤੇ, ਪੰਜਾ ਸਾਹਿਬ ਹੋਏ ਨਤਮਸਤਕ

Follow Us On

ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ ਇਨੀਂ ਦਿਨੀਂ ਪਾਕਿਸਤਾਨ ਦੇ ਦੌਰੇ ‘ਤੇ ਹਨ, ਜਿੱਥੇ ਉਹਨਾਂ ਨੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੀ ਯਾਤਰਾ ਦੇ ਨਾਲ-ਨਾਲ ਦੇਸ਼ ਦੀ ਲੜਖੜਾਉਂਦੀ ਆਰਥਿਕਤਾ ਨੂੰ ਸੁਧਾਰਨ ਲਈ ਪਾਕਿਸਤਾਨੀ ਲੀਡਰਸ਼ਿਪ ਨੂੰ ਸਪੱਸ਼ਟ ਸ਼ਬਦਾਂ ਵਿੱਚ ਨਸੀਹਤਾਂ ਦਿੱਤੀਆਂ ਹਨ।

ਗੁਰਦੁਆਰਾ ਪੰਜਾ ਸਾਹਿਬ ਵਿਖੇ ਹੋਏ ਨਤਮਸਤਕ

ਆਪਣੇ ਦੌਰੇ ਦੇ ਦੌਰਾਨ ਅਜੈ ਬੰਗਾ ਆਪਣੀ ਪਤਨੀ ਰੀਤੂ ਬੰਗਾ ਅਤੇ ਸੀਨੀਅਰ ਅਧਿਕਾਰੀਆਂ ਦੇ ਨਾਲ ਹਸਨ ਅਬਦਾਲ ਸਥਿਤ ਇਤਿਹਾਸਕ ਗੁਰਦੁਆਰਾ ਪੰਜਾ ਸਾਹਿਬ ਵਿਖੇ ਨਤਮਸਤਕ ਹੋਏ। ਇੱਥੇ ਉਹਨਾਂ ਨੇ ਅਰਦਾਸ ਕੀਤੀ ਅਤੇ ਸੰਗਤ ਵਿੱਚ ਬੈਠ ਕੇ ਲੰਗਰ ਛਕਿਆ। ਇਸ ਮੌਕੇ ਪੰਜਾਬ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਅਤੇ ਸੰਘੀ ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਵੀ ਮੌਜੂਦ ਸਨ।

ਇਸ ਤੋਂ ਬਾਅਦ, ਉਹ ਉੱਤਰ-ਪੱਛਮੀ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸਥਿਤ ਜੌਲੀਅਨ ਬੁੱਧ ਪੁਰਾਤੱਤਵ ਸਾਈਟ (ਖਾਨਪੁਰ) ਪਹੁੰਚੇ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਵਿੱਤ ਸਲਾਹਕਾਰ ਮੁਜ਼ੱਮਿਲ ਅਸਲਮ ਅਤੇ ਐਮ.ਐਨ.ਏ. ਫੈਜ਼ਲ ਅਮੀਨ ਗਾਂਡਾਪੁਰ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਪੁਰਾਤੱਤਵ ਵਿਭਾਗ ਦੇ ਡਾਇਰੈਕਟਰ ਜਨਰਲ ਅਬਦੁਲ ਸਮਦ ਨੇ ਬੰਗਾ ਨੂੰ ਬੁੱਧ ਵਿਰਾਸਤ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਅਜੈ ਬੰਗਾ ਨੇ ਸੱਭਿਆਚਾਰਕ ਵਿਰਾਸਤ ਦੀ ਸਾਂਭ-ਸੰਭਾਲ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਅਜੈ ਬੰਗਾ ਦੀਆਂ ਪਾਕਿਸਤਾਨ ਨੂੰ 5 ਵੱਡੀਆਂ ਨਸੀਹਤਾਂ

ਵਿੱਤ ਮੰਤਰੀ ਮੁਹੰਮਦ ਔਰੰਗਜ਼ੇਬ ਨਾਲ ਮੁਲਾਕਾਤ ਦੌਰਾਨ ਵਿਸ਼ਵ ਬੈਂਕ ਦੇ ਪ੍ਰਧਾਨ ਨੇ ਆਰਥਿਕ ਮਦਦ ਲਈ ਸਖ਼ਤ ਸ਼ਰਤਾਂ ਅਤੇ ਸੁਝਾਅ ਰੱਖੇ:

ਨਤੀਜੇ ਦਿਖਾਓ, ਫਿਰ ਮਿਲੇਗਾ ਪੈਸਾ: ਬੰਗਾ ਨੇ ਸਾਫ਼ ਕਿਹਾ ਕਿ ਵਿਸ਼ਵ ਬੈਂਕ ਸਾਥ ਦੇਣ ਲਈ ਤਿਆਰ ਹੈ, ਪਰ ਫੰਡ ਉਦੋਂ ਹੀ ਜਾਰੀ ਹੋਣਗੇ ਜਦੋਂ ਜ਼ਮੀਨੀ ਪੱਧਰ ‘ਤੇ ਨਤੀਜੇ ਦਿਖਣਗੇ। ਉਹਨਾਂ ਕਿਹਾ ਕਿ ਪਾਕਿਸਤਾਨ ਸਿਰਫ਼ ਕਰਜ਼ੇ ਦੇ ਸਿਰ ‘ਤੇ ਨਹੀਂ ਚੱਲ ਸਕਦਾ, ਉਸਨੂੰ ਵਿਦੇਸ਼ੀ ਨਿਵੇਸ਼ (FDI) ਲਈ ਮਾਹੌਲ ਸੁਧਾਰਨਾ ਪਵੇਗਾ।

10 ਸਾਲਾਂ ਵਿੱਚ 20 ਅਰਬ ਡਾਲਰ ਦੀ ਯੋਜਨਾ: ‘ਕੰਟਰੀ ਪਾਰਟਨਰਸ਼ਿਪ ਫਰੇਮਵਰਕ’ ਤਹਿਤ ਪਾਕਿਸਤਾਨ ਨੂੰ ਅਗਲੇ 10 ਸਾਲਾਂ ਵਿੱਚ 20 ਅਰਬ ਡਾਲਰ ਮਿਲਣ ਦੀ ਪੁਸ਼ਟੀ ਕੀਤੀ ਗਈ ਹੈ, ਜੋ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ‘ਤੇ ਖਰਚ ਕੀਤੇ ਜਾਣਗੇ।

ਡਿਜੀਟਲ ਪੇਮੈਂਟ ਅਤੇ ਟੈਕਸ ਚੋਰੀ ‘ਤੇ ਲਗਾਮ: ਭਾਰਤ ਦੇ ‘ਆਧਾਰ’ ਅਤੇ ਡਿਜੀਟਲ ਪੇਮੈਂਟ ਸਿਸਟਮ ਦਾ ਅਸਿੱਧੇ ਤੌਰ ‘ਤੇ ਹਵਾਲਾ ਦਿੰਦੇ ਹੋਏ ਉਹਨਾਂ ਕਿਹਾ ਕਿ ਟੈਕਸ ਚੋਰੀ ਰੋਕਣ ਲਈ ਪਾਕਿਸਤਾਨ ਨੂੰ ਆਪਣਾ ਟੈਕਸ ਨੈੱਟਵਰਕ ਪੂਰੀ ਤਰ੍ਹਾਂ ਡਿਜੀਟਲ ਕਰਨਾ ਚਾਹੀਦਾ ਹੈ।

ਊਰਜਾ ਖੇਤਰ ਵਿੱਚ ਸੁਧਾਰ: ਉਹਨਾਂ ਚੇਤਾਵਨੀ ਦਿੱਤੀ ਕਿ ਵਿਸ਼ਵ ਬੈਂਕ ਦਾ ਪੈਸਾ ਬਿਜਲੀ ਚੋਰੀ ਕਰਨ ਵਾਲੀਆਂ ਘਾਟੇ ਵਿੱਚ ਚੱਲ ਰਹੀਆਂ ਕੰਪਨੀਆਂ ਨੂੰ ਬਚਾਉਣ ਲਈ ਨਹੀਂ ਹੈ। ਬਿਜਲੀ ਦੇ ਬਿੱਲਾਂ ਦੀ ਵਸੂਲੀ ਯਕੀਨੀ ਬਣਾਉਣ ਅਤੇ ਬੇਲੋੜੀਆਂ ਸਬਸਿਡੀਆਂ ਖ਼ਤਮ ਕਰਨ ਦੀ ਲੋੜ ਹੈ।

ਮੌਸਮੀ ਤਬਦੀਲੀ ਅਤੇ ਬੁਨਿਆਦੀ ਢਾਂਚਾ: ਜੇਕਰ ਪਾਕਿਸਤਾਨ ਨੇ ਜਲਵਾਯੂ ਪਰਿਵਰਤਨ ਦੇ ਅਨੁਸਾਰ ਆਪਣੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਨਾ ਕੀਤਾ, ਤਾਂ ਭਵਿੱਖ ਵਿੱਚ ਕਰਜ਼ਾ ਮਿਲਣਾ ਮੁਸ਼ਕਲ ਹੋ ਜਾਵੇਗਾ। ਉਹਨਾਂ ਕਿਹਾ, “ਵਿਸ਼ਵ ਬੈਂਕ ਪਾਕਿਸਤਾਨ ਦਾ ਹਿੱਸੇਦਾਰ ਹੈ, ਸ਼ਾਹੂਕਾਰ ਨਹੀਂ।”

ਪਾਕਿਸਤਾਨ ਵੱਲੋਂ ਵਿਸ਼ੇਸ਼ ਸਵਾਗਤ ਅਤੇ ਜੱਦੀ ਪਿੰਡ ਦਾ ਦੌਰਾ

ਪਾਕਿਸਤਾਨ ਸਰਕਾਰ ਨੇ ਬੰਗਾ ਲਈ ਰੈੱਡ ਕਾਰਪੇਟ ਵਿਛਾਇਆ। ਗੁਰਦੁਆਰਾ ਸਾਹਿਬ ਵਿਖੇ ਉਹਨਾਂ ਨੂੰ ‘ਸਿਰੋਪਾ’ ਭੇਟ ਕੀਤਾ ਗਿਆ। ਜਦੋਂ ਪ੍ਰਬੰਧਕਾਂ ਨੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਬੋਲਣ ਦੀ ਬੇਨਤੀ ਕੀਤੀ, ਤਾਂ ਉਹਨਾਂ ਨੇ ਬੜੀ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ ਅਤੇ ਕਿਹਾ ਕਿ ਉਹਨਾਂ ਦੇ ਪਿਤਾ ਨੇ ਸਿਖਾਇਆ ਹੈ ਕਿ ਗੁਰੂ ਘਰ ਦੇ ਅੰਦਰ ਬੋਲਣ ਦਾ ਹੱਕ ਸਿਰਫ਼ ਗ੍ਰੰਥੀ ਸਿੰਘ ਦਾ ਹੁੰਦਾ ਹੈ।

ਜੱਦੀ ਪਿੰਡ ਦੀ ਯਾਤਰਾ: ਅਜੈ ਬੰਗਾ ਅੱਜ ਪੰਜਾਬ ਦੇ ਜ਼ਿਲ੍ਹਾ ਖੁਸ਼ਾਬ ਵਿੱਚ ਆਪਣੇ ਮਾਤਾ-ਪਿਤਾ ਦੇ ਜੱਦੀ ਪਿੰਡ ਜਾਣਗੇ। 1947 ਦੀ ਵੰਡ ਵੇਲੇ ਉਹਨਾਂ ਦਾ ਪਰਿਵਾਰ ਜਲੰਧਰ ਆ ਗਿਆ ਸੀ। ਖੁਸ਼ਾਬ ਪ੍ਰਸ਼ਾਸਨ ਨੇ ‘ਗਲੀ ਸਿੱਖਾਂ ਵਾਲੀ’ ਸਥਿਤ ਉਹਨਾਂ ਦੇ ਪੁਰਾਣੇ ਘਰ ਨੂੰ ਵਿਸ਼ੇਸ਼ ਤੌਰ ‘ਤੇ ਸਜਾਇਆ ਹੈ।

ਪਾਕਿਸਤਾਨੀ ਮੀਡੀਆ ਦੀ ਪ੍ਰਤੀਕਿਰਿਆ

ਦੀ ਡੌਨ (Dawn): ਅਖ਼ਬਾਰ ਨੇ ਲਿਖਿਆ ਕਿ ਬੰਗਾ ਇੱਕ ‘ਸਖ਼ਤ ਮਹਾਜਨ’ ਵਜੋਂ ਆਏ ਹਨ ਜੋ ਮਦਦ ਤਾਂ ਦੇਣਗੇ ਪਰ ਇੱਕ-ਇੱਕ ਪੈਸੇ ਦਾ ਹਿਸਾਬ ਵੀ ਮੰਗਣਗੇ।

ਹਮ ਨਿਊਜ਼: ਇਸ ਦੌਰੇ ਨੂੰ ਪਾਕਿਸਤਾਨ ਦੀ ‘ਸਾਫਟ ਇਮੇਜ’ (ਨਰਮ ਅਕਸ) ਨੂੰ ਦੁਨੀਆ ਭਰ ਵਿੱਚ ਉਭਾਰਨ ਵਾਲਾ ਦੱਸਿਆ ਗਿਆ ਹੈ।

ਦ ਐਕਸਪ੍ਰੈਸ ਟ੍ਰਿਬਿਊਨ: ਅਖ਼ਬਾਰ ਅਨੁਸਾਰ, ਹਾਲਾਂਕਿ ਬੰਗਾ ਦਾ ਸਵਾਗਤ ਸ਼ਾਨਦਾਰ ਰਿਹਾ, ਪਰ ਸਿੰਧ ਜਲ ਸੰਧੀ (Indus Waters Treaty) ‘ਤੇ ਉਹਨਾਂ ਦੇ ਰੁਖ ਨੇ ਪਾਕਿਸਤਾਨੀ ਉਮੀਦਾਂ ਨੂੰ ਝਟਕਾ ਦਿੱਤਾ ਹੈ।