ਅਮਰੀਕਾ ਵੱਲੋਂ ਵੱਡੇ ਹਵਾਈ ਅਭਿਆਸ ਦਾ ਐਲਾਨ, ਈਰਾਨ ਵੱਲ ਰਵਾਨਾ ਹੋਇਆ ਜੰਗੀ ਬੇੜਾ, ਵਧਿਆ ਤਣਾਅ
ਅਮਰੀਕਾ ਅਤੇ ਈਰਾਨ ਵਿਚਾਲੇ ਵਧਦੀ ਖਿੱਚੋਤਾਣ ਦੇ ਵਿਚਕਾਰ ਅਮਰੀਕਾ ਨੇ ਮੱਧ ਪੂਰਬ ਵਿੱਚ ਕਈ ਦਿਨਾਂ ਤੱਕ ਚੱਲਣ ਵਾਲੇ ਹਵਾਈ ਫੌਜੀ ਅਭਿਆਸ (ਏਅਰ ਐਕਸਰਸਾਈਜ਼) ਦਾ ਐਲਾਨ ਕੀਤਾ ਹੈ।
ਅਮਰੀਕਾ ਵੱਲੋਂ ਵੱਡੇ ਹਵਾਈ ਅਭਿਆਸ ਦਾ ਐਲਾਨ, ਈਰਾਨ ਵੱਲ ਰਵਾਨਾ ਹੋਇਆ ਜੰਗੀ ਬੇੜਾ
ਅਮਰੀਕਾ ਅਤੇ ਈਰਾਨ ਵਿਚਾਲੇ ਵਧਦੀ ਖਿੱਚੋਤਾਣ ਦੇ ਵਿਚਕਾਰ ਅਮਰੀਕਾ ਨੇ ਮੱਧ ਪੂਰਬ ਵਿੱਚ ਕਈ ਦਿਨਾਂ ਤੱਕ ਚੱਲਣ ਵਾਲੇ ਹਵਾਈ ਫੌਜੀ ਅਭਿਆਸ (ਏਅਰ ਐਕਸਰਸਾਈਜ਼) ਦਾ ਐਲਾਨ ਕੀਤਾ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਪ੍ਰਤੀ ਸਖ਼ਤ ਰਵੱਈਆ ਅਪਣਾ ਰਹੇ ਹਨ ਅਤੇ ਖੇਤਰ ਵਿੱਚ ਅਮਰੀਕੀ ਫੌਜ ਦੀ ਮੌਜੂਦਗੀ ਲਗਾਤਾਰ ਵਧਾਈ ਜਾ ਰਹੀ ਹੈ।
ਅਮਰੀਕੀ ਸੈਂਟਰਲ ਕਮਾਂਡ (CENTCOM) ਦੇ ਏਅਰ ਫੋਰਸ ਕੰਪੋਨੈਂਟ ਦੇ ਕਮਾਂਡਰ ਲੈਫਟੀਨੈਂਟ ਜਨਰਲ ਅਨੁਸਾਰ, ਇਸ ਅਭਿਆਸ ਦਾ ਮੁੱਖ ਉਦੇਸ਼ ਇਹ ਸਾਬਤ ਕਰਨਾ ਹੈ ਕਿ ਅਮਰੀਕੀ ਹਵਾਈ ਸੈਨਿਕ ਮੁਸ਼ਕਲ ਹਾਲਾਤਾਂ ਵਿੱਚ ਵੀ ਸੁਰੱਖਿਅਤ, ਸਟੀਕ ਅਤੇ ਸਹਿਯੋਗੀ ਦੇਸ਼ਾਂ ਦੇ ਨਾਲ ਮਿਲ ਕੇ ਕਾਰਵਾਈਆਂ ਕਰ ਸਕਦੇ ਹਨ। ਹਾਲਾਂਕਿ, CENTCOM ਨੇ ਸੁਰੱਖਿਆ ਕਾਰਨਾਂ ਕਰਕੇ ਅਭਿਆਸ ਦੀ ਸਹੀ ਥਾਂ, ਸਮਾਂ ਅਤੇ ਇਸ ਵਿੱਚ ਸ਼ਾਮਲ ਹਥਿਆਰਾਂ ਦੇ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਹੈ।
ਟਰੰਪ ਦੀ ‘ਆਰਮਾਡਾ’ ਚੇਤਾਵਨੀ ਅਤੇ ਫੌਜੀ ਦਬਾਅ
ਇਹ ਘੋਸ਼ਣਾ ਰਾਸ਼ਟਰਪਤੀ ਟਰੰਪ ਦੀ ਉਸ ਚੇਤਾਵਨੀ ਤੋਂ ਬਾਅਦ ਆਈ ਹੈ ਜਿਸ ਵਿੱਚ ਉਨ੍ਹਾਂ ਨੇ ਈਰਾਨ ਵੱਲ ‘ਆਰਮਾਡਾ’ (ਜੰਗੀ ਜਹਾਜ਼ਾਂ ਦਾ ਵੱਡਾ ਬੇੜਾ) ਰਵਾਨਾ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਨੇ ਸੰਭਾਵੀ ਫੌਜੀ ਕਾਰਵਾਈ ਦੇ ਸੰਕੇਤ ਵੀ ਦਿੱਤੇ ਹਨ, ਹਾਲਾਂਕਿ ਇਹ ਵੀ ਸਪੱਸ਼ਟ ਕੀਤਾ ਕਿ ਅਜੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ।
ਟਰੰਪ ਨੇ ਕਿਹਾ, “ਅਸੀਂ ਸਾਵਧਾਨੀ ਦੇ ਤੌਰ ‘ਤੇ ਕਈ ਜਹਾਜ਼ ਉਸ ਦਿਸ਼ਾ ਵਿੱਚ ਭੇਜ ਰਹੇ ਹਾਂ। ਮੈਂ ਨਹੀਂ ਚਾਹੁੰਦਾ ਕਿ ਕੁਝ ਮਾੜਾ ਵਾਪਰੇ, ਪਰ ਅਸੀਂ ਸਥਿਤੀ ‘ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ।” CENTCOM ਮੁਤਾਬਕ, USS ਅਬਰਾਹਿਮ ਲਿੰਕਨ ਕੈਰੀਅਰ ਸਟ੍ਰਾਈਕ ਗਰੁੱਪ ਪਹਿਲਾਂ ਹੀ ਖੇਤਰ ਵਿੱਚ ਪਹੁੰਚ ਚੁੱਕਾ ਹੈ। ਜਨਵਰੀ 2026 ਦੀਆਂ ਤਸਵੀਰਾਂ ਵਿੱਚ ਇਸ ਏਅਰਕ੍ਰਾਫਟ ਕੈਰੀਅਰ ਦੇ ਡੈਕ ‘ਤੇ ਬੋਇੰਗ EA-18G ਗ੍ਰੋਲਰ ਜਹਾਜ਼ ਤਿਆਰ ਹੁੰਦੇ ਨਜ਼ਰ ਆ ਰਹੇ ਹਨ।
ਸਾਊਦੀ ਅਰਬ ਅਤੇ ਯੂਏਈ ਵੱਲੋਂ ਅਮਰੀਕਾ ਨੂੰ ਇਨਕਾਰ
CENTCOM ਨੇ ਦੱਸਿਆ ਕਿ ਇਹ ਅਭਿਆਸ ਮੇਜ਼ਬਾਨ ਦੇਸ਼ਾਂ ਦੀ ਮਨਜ਼ੂਰੀ ਅਤੇ ਨਾਗਰਿਕ ਤੇ ਫੌਜੀ ਹਵਾਬਾਜ਼ੀ ਅਧਿਕਾਰੀਆਂ ਦੇ ਤਾਲਮੇਲ ਨਾਲ ਹੋਵੇਗਾ। ਪਰ ਇਸ ਦੌਰਾਨ ਅਮਰੀਕਾ ਨੂੰ ਇੱਕ ਵੱਡਾ ਝਟਕਾ ਵੀ ਲੱਗਾ ਹੈ। ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾ (UAE) ਵਰਗੇ ਅਮਰੀਕੀ ਸਹਿਯੋਗੀ ਦੇਸ਼ਾਂ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਈਰਾਨ ਖਿਲਾਫ਼ ਕਿਸੇ ਵੀ ਫੌਜੀ ਕਾਰਵਾਈ ਲਈ ਆਪਣਾ ਹਵਾਈ ਖੇਤਰ ਜਾਂ ਲੌਜਿਸਟਿਕ ਸਹਾਇਤਾ ਪ੍ਰਦਾਨ ਨਹੀਂ ਕਰਨਗੇ।
ਇਹ ਵੀ ਪੜ੍ਹੋ
ਤੇਹਰਾਨ ਦੀਆਂ ਸੜਕਾਂ ‘ਤੇ ਜੰਗ ਦਾ ਸੁਨੇਹਾ
ਦੂਜੇ ਪਾਸੇ ਈਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਵੀ ਮਾਹੌਲ ਤਣਾਅਪੂਰਨ ਹੈ। ਤੇਹਰਾਨ ਦੇ ਐਂਗੇਲਾਬ (ਕ੍ਰਾਂਤੀ) ਸਕੁਏਅਰ ਵਿੱਚ ਲੱਗੇ ਇੱਕ ਚਾਰ ਮੰਜ਼ਿਲਾ ਸਰਕਾਰੀ ਪੋਸਟਰ ਵਿੱਚ ਇੱਕ ਅਮਰੀਕੀ ਏਅਰਕ੍ਰਾਫਟ ਕੈਰੀਅਰ ਨੂੰ ਤਬਾਹ ਹੁੰਦੇ ਦਿਖਾਇਆ ਗਿਆ ਹੈ। ਪੋਸਟਰ ‘ਤੇ ਅੰਗਰੇਜ਼ੀ ਅਤੇ ਫਾਰਸੀ ਵਿੱਚ ਚੇਤਾਵਨੀ ਲਿਖੀ ਗਈ ਹੈ। “ਜੇ ਤੁਸੀਂ ਹਵਾ ਬੀਜੋਗੇ, ਤਾਂ ਤੂਫ਼ਾਨ ਵੱਢੋਗੇ।” ਕੁਝ ਹੀ ਦੂਰੀ ‘ਤੇ ਇੱਕ ਹੋਰ ਪੋਸਟਰ ਲੱਗਿਆ ਹੈ ਜਿਸ ਵਿੱਚ 2016 ਵਿੱਚ ਫੜੇ ਗਏ ਅਮਰੀਕੀ ਜਲ ਸੈਨਿਕਾਂ ਦੀ ਤਸਵੀਰ ਦਿਖਾਈ ਗਈ ਹੈ, ਜੋ ਅਮਰੀਕਾ ਨੂੰ ਉਸ ਦੀ ਪੁਰਾਣੀ ਹਾਰ ਯਾਦ ਦਿਵਾਉਣ ਦੀ ਕੋਸ਼ਿਸ਼ ਹੈ।
