ਭਾਰਤੀ ਮੂਲ ਦੀ ਜੱਜ ਨੇ ਬਲਾਤਕਾਰ ਦੇ ਦੋਸ਼ੀ ਸਕਾਟਲੈਂਡ ਯਾਰਡ ਪੁਲਿਸ ਦੇ ਸਾਬਕਾ ਅਧਿਕਾਰੀ ਨੂੰ ਸੁਣਾਈ 30 ਸਾਲ ਦੀ ਸਜ਼ਾ Punjabi news - TV9 Punjabi

ਭਾਰਤੀ ਮੂਲ ਦੀ ਜੱਜ ਨੇ ਬਲਾਤਕਾਰ ਦੇ ਦੋਸ਼ੀ ਸਕਾਟਲੈਂਡ ਯਾਰਡ ਪੁਲਿਸ ਦੇ ਸਾਬਕਾ ਅਧਿਕਾਰੀ ਨੂੰ ਸੁਣਾਈ 30 ਸਾਲ ਦੀ ਸਜ਼ਾ

Updated On: 

08 Feb 2023 12:32 PM

ਲੰਦਨ ਦੀ 'ਸਾਊਥ ਵਾਰਕ ਕਰਾਊਨ ਕੋਰਟ' ਵਿੱਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਪਰਮਜੀਤ ਕੌਰ 'ਬੌਬੀ' ਚੀਮਾਂ ਗ੍ਰਬ ਨੇ ਬਲਾਤਕਾਰ ਦੇ ਦੋਸ਼ੀ 48 ਸਾਲਾ ਡੇਵਿਡ ਕੈਰਿਕ ਨੂੰ ਸਜ਼ਾ ਸੁਣਾਉਂਦੇ ਕਿਹਾ ਕਿ ਪੈਰੋਲ ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ 30 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਹੋਵੇਗਾ।

ਭਾਰਤੀ ਮੂਲ ਦੀ ਜੱਜ ਨੇ ਬਲਾਤਕਾਰ ਦੇ ਦੋਸ਼ੀ ਸਕਾਟਲੈਂਡ ਯਾਰਡ ਪੁਲਿਸ ਦੇ ਸਾਬਕਾ ਅਧਿਕਾਰੀ ਨੂੰ ਸੁਣਾਈ 30 ਸਾਲ ਦੀ ਸਜ਼ਾ
Follow Us On

ਲੰਦਨ: ਲੰਬੇ ਅਰਸੇ ਤੱਕ ਇੰਗਲੈਂਡ ਵਿੱਚ ਸੁਰਖੀਆਂ ਚ ਬਣੇ ਰਹੇ ਇਕ ਬੇਹੱਦ ਹੈਰਤਅੰਗੇਜ਼ ਮਾਮਲੇ ਵਿੱਚ ਭਾਰਤੀ ਮੂਲ ਦੀ ਇੱਕ ਜੱਜ ਨੇ ਉੱਥੇ ਦੀ ਸਕਾਟਲੈਂਡ ਯਾਰਡ ਪੁਲਿਸ ਦੇ ਇੱਕ ਪੁਲਿਸ ਅਫਸਰ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਉਦਿਆਂ ਉਸ ਨੂੰ 30 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਉਸ ਨੂੰ ਪਿਛਲੇ 17 ਸਾਲਾਂ ਦੌਰਾਨ ਬਤੌਰ ‘ਸੀਰੀਅਲ ਰੇਪਿਸਟ’ ਘੱਟੋ ਘੱਟ 12 ਔਰਤਾਂ ਨਾਲ ਹਿੰਸਾਤਮਕ ਅਤੇ ਬੇਹੱਦ ਯਾਤਨਾਕਾਰੀ ਸ਼ਰੀਰਕ ਸ਼ੋਸ਼ਣ ਕਰਨ ਦਾ ਦੋਸ਼ੀ ਠਹਿਰਾਉਦਿਆਂ ਸੁਣਾਈ ਗਈ।

ਉਸ ਨੂੰ 12 ਔਰਤਾਂ ਨਾਲ 24 ਵਾਰ ਬਲਾਤਕਾਰ ਕਰਨ ਅਤੇ ਉਹਨਾਂ ਨੂੰ ਫਰਜ਼ੀ ਮਾਮਲਿਆਂ ਵਿੱਚ ਫਸਾ ਦੇਣ ਦੀ ਧਮਕੀਆਂ ਦਿੰਦੇ ਹੋਏ ਉਨ੍ਹਾਂ ਦਾ ਸ਼ਰੀਰਿਕ ਸ਼ੋਸ਼ਣ ਕਰਨ ਸਮੇਤ 49 ਜੁਰਮਾਂ ਵਿੱਚ ਇਹ ਸਜ਼ਾ ਸੁਣਾਈ ਗਈ। ਪਹਿਲੀ ਵਾਰ ਉਸ ਦੇ ਖਿਲਾਫ਼ ਇਲਜਾਮ ਲਗਾਏ ਜਾਣ ਮਗਰੋਂ ਉਸ ਨੂੰ ਪਿਛਲੇ ਮਹੀਨੇ ਹੀ ਪੁਲਿਸ ਵਿਭਾਗ ਚੋਂ ਕੱਢ ਬਾਹਰ ਕੀਤਾ ਗਿਆ ਸੀ।

ਲੰਦਨ ਦੀ ‘ਸਾਊਥ ਵਾਰਕ ਕਰਾਊਨ ਕੋਰਟ’ ਵਿੱਚ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਪਰਮਜੀਤ ਕੌਰ ‘ਬੌਬੀ’ ਚੀਮਾਂ ਗ੍ਰਬ ਨੇ ਬਲਾਤਕਾਰ ਦੇ ਦੋਸ਼ੀ 48 ਸਾਲ ਦੇ ਡੇਵਿਡ ਕੈਰਿਕ ਨੂੰ ਸਜ਼ਾ ਸੁਣਾਉਂਦੇ ਕਿਹਾ ਕਿ ਉਸ ਦੀ ਪੈਰੋਲ ਤੇ ਵਿਚਾਰ ਕੀਤੇ ਜਾਣ ਤੋਂ ਪਹਿਲਾਂ ਉਸ ਨੂੰ 30 ਸਾਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਰਹਿਣਾ ਹੋਵੇਗਾ।

ਜਸਟਿਸ ਪਰਮਜੀਤ ਕੌਰ ਨੇ ਇਸ ਪੁਲਿਸ ਅਧਿਕਾਰੀ ਨੂੰ ਨੈਤਿਕ ਭ੍ਰਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਲੰਘਦੇ ਹੋਏ ਬਲਾਤਕਾਰ ਵਰਗੇ ਸੰਗੀਨ ਜ਼ੁਰਮ ਕਰਨ ਦਾ ਦੋਸ਼ੀ ਠਹਿਰਾਉਂਦਿਆਂ ਕਿਹਾ ਕਿ ਪੀੜਤ ਔਰਤਾਂ ਨੇ ਇਸ ਦੇ ਖਿਲਾਫ ਸ਼ਿਕਾਇਤ ਦੇ ਕੇ ਬੜਾ ਚੰਗਾ ਕੰਮ ਕੀਤਾ।

ਡੇਵਿਡ ਨੇ ਕਨੂੰਨ ਦਾ ਮਜ਼ਾਕ ਉਡਾਇਆ :

ਜਸਟਿਸ ਪਰਮਜੀਤ ਕੌਰ ‘ਬੌਬੀ’ ਚੀਮਾਂ ਗ੍ਰਬ ਨੇ ਅੱਗੇ ਕਿਹਾ, ਇਹ ਦੋਸ਼ ਅਤੇ ਸਜ਼ਾਵਾਂ ਅਜਿਹੇ ਵਿਅਕਤੀ ਵਾਸਤੇ ਇਹਨਾਂ ਮਾਇਨਿਆਂ ਵਿੱਚ ਬੜੇ ਸ਼ਰਮ ਦੀ ਗੱਲ ਹੈ ਕਿ ਜਿਸ ਪੁਲਿਸ ਅਧਿਕਾਰੀ ਨੂੰ ਕਨੂੰਨ ਦੀ ਰੱਖਿਆ ਕਰਨੀ ਚਾਹਿਦੀ ਸੀ, ਅਤੇ ਜਿਸ ਵਾਸਤੇ ਉਸ ਨੂੰ ਅਪਣਾ ਕਰਤੱਵ ਨਿਭਾਉਣ ਲਈ ਹਥਿਆਰ ਤੱਕ ਦਿੱਤੇ ਗਏ ਸਨ, ਉਸ ਨੇ ਹੀ ਕਨੂੰਨ ਦਾ ਮਜ਼ਾਕ ਉਡਾਇਆ। ਇਕ ਪੁਲਿਸ ਅਧਿਕਾਰੀ ਹੋਣ ਦੇ ਨਾਤੇ ਇਹਨਾਂ ਪੀੜਤ ਔਰਤਾਂ ਦੇ ਭਰੋਸੇ ਦਾ ਖ਼ੂਨ ਕਰਦਿਆਂ ਤੁਸੀਂ ਉਹਨਾਂ ਨੂੰ ਆਪਣੇ ਨਾਲ ਸਰੀਰਕ ਸਬੰਧ ਬਣਾਉਣ ‘ਤੇ ਮਜਬੂਰ ਕੀਤਾ। ਤੁਸੀਂ ਬੜੀ ਦਰਿੰਦਗੀ ਨਾਲ ਕਈ ਔਰਤਾਂ ਨਾਲ ਸ਼ਰੀਰਕ ਸਬੰਧ ਬਣਾਏ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। ਤੁਹਾਡਾ ਹੌਂਸਲਾ ਇੰਨਾ ਵਧ ਗਿਆ ਕਿ ਤੁਹਾਨੂੰ ਇਨ੍ਹਾਂ ਗੱਲਾਂ ਦਾ ਕੋਈ ਪਛਤਾਵਾ ਨਹੀਂ ਹੋਇਆ ਅਤੇ ਤੁਸੀਂ ਸੋਚਿਆ ਵੀ ਨਹੀਂ ਹੋਣਾ ਕਿ ਕੋਈ ਪੀੜਤ ਔਰਤ ਸ਼ਰਮੋ-ਸ਼ਰਮੀ ਤੁਹਾਡੇ ਖਿਲਾਫ ਸ਼ਿਕਾਇਤ ਦੇਣ ਵਾਸਤੇ ਅੱਗੇ ਆਵੇਗੀ।

ਪੀੜਤਾਂ ਦੇ ਹੌਸਲੈ ਨੂੰ ਸਲਾਮ :

ਉਨ੍ਹਾਂ ਨੇ ਕਿਹਾ, ਇਹ ਬੜੀ ਚੰਗੀ ਗੱਲ ਹੈ ਕਿ ਇੱਕ ਪੀੜਤ ਔਰਤ ਨੇ ਅੱਗੇ ਆ ਕੇ ਤੁਹਾਡੇ ਖਿਲਾਫ ਸ਼ਿਕਾਇਤ ਦੇਣ ਦਾ ਹੌਸਲਾ ਵਿਖਾਇਆ, ਜਦਕਿ ਉਸ ਨੂੰ ਤੁਹਾਡੀ ਤਾਕਤ ਅਤੇ ਪੁਜੀਸ਼ਨ ਦਾ ਪਤਾ ਸੀ, ਬਾਵਜੂਦ ਇਸਦੇ ਕਈ ਹੋਰ ਪੀੜਤ ਔਰਤਾਂ ਨੇ ਅੱਗੇ ਆ ਕੇ ਤੁਹਾਡੇ ਖਿਲਾਫ ਸ਼ਿਕਾਇਤਾਂ ਦਿੱਤੀਆਂ। ਹੌਸਲਾ ਤਾਂ ਹੌਸਲਾ ਹੀ ਹੁੰਦਾ ਹੈ ਅਤੇ ਉਸ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ।

ਗ੍ਰਹਿ ਸਕੱਤਰ ਸੁਹੇਲਾ ਬਰਮਨ ਨੇ ਜੁਰਮ ਨੂੰ ਪੁਲਿਸ ਫੋਰਸ ਤੇ ਕਲੰਕ ਦੱਸਿਆ :

ਦੂਜੇ ਪਾਸੇ ਸਜ਼ਾ ਸੁਣਾਏ ਜਾਣ ਮਗਰੋਂ ਯੂਕੇ ਦੀ ਗ੍ਰਹਿ ਸਕੱਤਰ ਸੁਹੇਲਾ ਬਰਮਨ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਸਕਾਟਲੈਂਡ ਯਾਰਡ ਪੁਲਿਸ ਦੇ ਅਧਿਕਾਰੀ ਡੇਵਿਡ ਕੈਰਿਕ ਦੇ ਜੁਰਮ ਨੂੰ ਪੁਲਿਸ ਫੋਰਸ ਦੇ ਨਾਂ ਤੇ ਇੱਕ ਕਲੰਕ ਦੱਸਿਆ। ਭਾਰਤੀ ਮੂਲ ਦੀ ਨੇਤਾ ਸੁਹੇਲਾ ਬਰਮਨ ਨੇ ਅੱਗੇ ਕਿਹਾ, ਸਾਨੂੰ ਇਸ ਗੱਲ ਤੇ ਫਖ਼ਰ ਹੋਣਾ ਚਾਹੀਦਾ ਹੈ ਕਿ ਅਸੀਂ ਅਜਿਹੇ ਪੁਲਿਸ ਅਧਿਕਾਰੀ ਦੀ ਵਰਦੀ ਓਸ ਤੋਂ ਖੋਹ ਲਈ ਜੋ ਇੰਨੇ ਲੰਬੇ ਸਮੇਂ ਤੱਕ ਉਸਨੂੰ ਧਾਰਨ ਕਰਦਾ ਆ ਰਿਹਾ ਸੀ। ਸੁਹੇਲਾ ਬਰਮਨ ਦੇ ਮੁਤਾਬਿਕ, ਮੈਂ ਉਹਨਾਂ ਸਾਰੀਆਂ ਪੀੜਤ ਔਰਤਾਂ ਦੇ ਹੌਸਲੇ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਨੇ ਇਸ ਪੁਲਿਸ ਅਧਿਕਾਰੀ ਦੇ ਜ਼ੁਲਮਾਂ ਖਿਲਾਫ਼ ਅੱਗੇ ਆ ਕੇ ਅਪਣੀਆਂ ਸ਼ਿਕਾਇਤਾਂ ਦਿੱਤੀਆਂ।

ਖੁਦਕੁਸ਼ੀ ਦੀ ਕੀਤੀ ਕੋਸ਼ਿਸ਼ :

ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਪੁਲਿਸ ਅਧਿਕਾਰੀ ਡੇਵਿਡ ਕੈਰਿਕ ਵੱਲੋਂ ਪੁਲਿਸ ਹਿਰਾਸਤ ਵਿੱਚ ਅਪਣੀ ਜਾਨ ਦੇਣ ਦੀ ਕੋਸ਼ਿਸ਼ ਮਗਰੋਂ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਸੀ। ਉਸ ਦੀ ਇਸ ਕਰਤੂਤ ਨੂੰ ਵੀ ਜਸਟਿਸ ਪਰਮਜੀਤ ਕੌਰ ਵੱਲੋਂ ਅਦਾਲਤ ਵਿੱਚ ਪੁਲਿਸ ਅਧਿਕਾਰੀ ਦੇ ਖਿਲਾਫ ਚੱਲ ਰਹੇ ਮੁਕੱਦਮੇ ਕਰਕੇ ਪੈਦਾ ਹੋਈ ਸ਼ਰਮਿੰਦਗੀ ਦੇ ਜਵਾਬ ਵਿੱਚ ਕਨੂੰਨ ਵੱਲੋਂ ਉਸ ਦੇ ਉੱਤੇ ਤਰਸ ਕੀਤੇ ਜਾਣ ਦੀ ਨਾਕਾਮ ਕੋਸ਼ਿਸ਼ ਦੱਸਿਆ ਗਿਆ।

Exit mobile version