ਅਸੀਮ ਮੁਨੀਰ ਦੇ ਪਰਮਾਣੂ ਹਮਲੇ ਵਾਲੇ ਬਿਆਨ ‘ਤੇ ਭਾਰਤ ਦਾ ਤਿੱਖਾ ਜਵਾਬ, ਕਿਹਾ – ਇਹ ਪਾਕਿਸਤਾਨ ਦੀ ਪੁਰਾਣੀ ਆਦਤ

Updated On: 

11 Aug 2025 17:58 PM IST

India on Asim Munir's statement: ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਪਰਮਾਣੂ ਹਥਿਆਰਾਂ ਨਾਲ ਧਮਕੀਆਂ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਅੰਤਰਰਾਸ਼ਟਰੀ ਭਾਈਚਾਰਾ ਖੁਦ ਦੇਖ ਸਕਦਾ ਹੈ ਕਿ ਅਜਿਹੇ ਬਿਆਨ ਕਿੰਨੇ ਗੈਰ-ਜ਼ਿੰਮੇਵਾਰਾਨਾ ਹਨ।

ਅਸੀਮ ਮੁਨੀਰ ਦੇ ਪਰਮਾਣੂ ਹਮਲੇ ਵਾਲੇ ਬਿਆਨ ਤੇ ਭਾਰਤ ਦਾ ਤਿੱਖਾ ਜਵਾਬ, ਕਿਹਾ - ਇਹ ਪਾਕਿਸਤਾਨ ਦੀ ਪੁਰਾਣੀ ਆਦਤ
Follow Us On

ਪਾਕਿਸਤਾਨੀ ਫੌਜ ਮੁਖੀ ਅਸੀਮ ਮੁਨੀਰ ਨੇ ਆਪਣੀ ਅਮਰੀਕਾ ਫੇਰੀ ਦੌਰਾਨ ਭਾਰਤ ਬਾਰੇ ਇੱਕ ਟਿੱਪਣੀ ਕੀਤੀ ਸੀ। ਹੁਣ, ਵਿਦੇਸ਼ ਮੰਤਰਾਲੇ (MEA) ਨੇ ਪਾਕਿਸਤਾਨੀ ਫੌਜ ਮੁਖੀ ਵੱਲੋਂ ਭਾਰਤ ਬਾਰੇ ਕੀਤੀਆਂ ਗਈਆਂ ਕਥਿਤ ਟਿੱਪਣੀਆਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਨੂੰ ਪਾਕਿਸਤਾਨ ਵੱਲੋਂ “ਪਰਮਾਣੂ ਤਲਵਾਰਾਂ ਲਹਿਰਾਉਣ” ਦੀ ਇੱਕ ਉਦਾਹਰਣ ਦੱਸਿਆ ਹੈ।

ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਪਰਮਾਣੂ ਹਥਿਆਰਾਂ ਨਾਲ ਧਮਕੀਆਂ ਦੇਣਾ ਪਾਕਿਸਤਾਨ ਦੀ ਪੁਰਾਣੀ ਆਦਤ ਹੈ। ਅੰਤਰਰਾਸ਼ਟਰੀ ਭਾਈਚਾਰਾ ਖੁਦ ਦੇਖ ਸਕਦਾ ਹੈ ਕਿ ਅਜਿਹੇ ਬਿਆਨ ਕਿੰਨੇ ਗੈਰ-ਜ਼ਿੰਮੇਵਾਰਾਨਾ ਹਨ। ਇਹ ਬਿਆਨ ਇਸ ਸ਼ੱਕ ਨੂੰ ਵੀ ਮਜ਼ਬੂਤ ਕਰਦੇ ਹਨ ਜੋ ਪਹਿਲਾਂ ਹੀ ਮੌਜੂਦ ਹੈ ਕਿ ਇੱਕ ਦੇਸ਼ ਜਿੱਥੇ ਫੌਜ ਅੱਤਵਾਦੀ ਸੰਗਠਨਾਂ ਨਾਲ ਮਿਲੀਭੁਗਤ ਰੱਖਦੀ ਹੈ, ਉਸ ‘ਤੇ ਪਰਮਾਣੂ ਹਥਿਆਰਾਂ ਦੇ ਨਿਯੰਤਰਣ ਅਤੇ ਜ਼ਿੰਮੇਵਾਰੀ ‘ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।”

ਅਮਰੀਕਾ ਨੂੰ ਵੀ ਲਪੇਟਿਆ

ਵਿਦੇਸ਼ ਮੰਤਰਾਲੇ ਨੇ ਬਿਆਨ ਵਿੱਚ ਅਮਰੀਕਾ ਨੂੰ ਵੀ ਲਪੇਟਿਆ । ਬਿਆਨ ਵਿੱਚ ਅਮਰੀਕਾ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਇਹ ਵੀ ਅਫਸੋਸ ਦੀ ਗੱਲ ਹੈ ਕਿ ਅਜਿਹੇ ਬਿਆਨ ਉਸ ਦੇਸ਼ ਦੀ ਧਰਤੀ ਤੋਂ ਦਿੱਤੇ ਜਾ ਰਹੇ ਹਨ ਜਿਸ ਨਾਲ ਭਾਰਤ ਦੇ ਚੰਗੇ ਸਬੰਧ ਹਨ। ਭਾਰਤ ਪਹਿਲਾਂ ਹੀ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਪ੍ਰਮਾਣੂ ਬਲੈਕਮੇਲ ਅੱਗੇ ਨਹੀਂ ਝੁਕੇਗਾ। ਅਸੀਂ ਆਪਣੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕਦੇ ਰਹਾਂਗੇ।

ਅਸੀਮ ਮੁਨੀਰ ਨੇ ਕੀ ਬਿਆਨ ਦਿੱਤਾ?

ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੇ ਅਮਰੀਕਾ ਦੇ ਫਲੋਰੀਡਾ ਤੋਂ ਭਾਰਤ ਨੂੰ ਪ੍ਰਮਾਣੂ ਹਮਲੇ ਦੀ ਧਮਕੀ ਦਿੱਤੀ ਸੀ। ਫਲੋਰੀਡਾ ਵਿੱਚ ਪ੍ਰਵਾਸੀ ਪਾਕਿਸਤਾਨੀਆਂ ਨਾਲ ਗੱਲਬਾਤ ਕਰਦੇ ਹੋਏ ਮੁਨੀਰ ਨੇ ਕਿਹਾ ਸੀ ਕਿ ਪਾਕਿਸਤਾਨ ਇੱਕ ਪ੍ਰਮਾਣੂ-ਅਮੀਰ ਦੇਸ਼ ਹੈ। ਜੇਕਰ ਕੋਈ ਪਾਕਿਸਤਾਨ ਨੂੰ ਡੋਬਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ।

ਇਸ ਦੇ ਨਾਲ ਹੀ ਪਾਕਿਸਤਾਨ ਦੇ ਫੌਜ ਮੁਖੀ ਨੇ ਸਿੰਧੂ ਨਦੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, ਭਾਰਤ ਸਿੰਧੂ ਨਦੀ ‘ਤੇ ਡੈਮ ਬਣਾਉਣ ਜਾ ਰਿਹਾ ਹੈ। ਪਹਿਲਾਂ ਡੈਮ ਬਣਨ ਦਿਓ, ਫਿਰ ਅਸੀਂ ਇਸ ਨੂੰ ਮਿਜ਼ਾਈਲ ਹਮਲੇ ਨਾਲ ਤਬਾਹ ਕਰ ਦੇਵਾਂਗੇ।

ਇੱਕ ਗੈਰ-ਜ਼ਿੰਮੇਵਾਰ ਪਰਮਾਣੂ ਰਾਸ਼ਟਰ

ਸਰਕਾਰੀ ਸੂਤਰਾਂ ਨੇ ਕਿਹਾ ਕਿ ਫਲੋਰੀਡਾ ਦੇ ਟੈਂਪਾ ਵਿੱਚ ਪਾਕਿਸਤਾਨੀ ਪ੍ਰਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨੀ ਫੌਜ ਮੁਖੀ ਦੀ ਧਮਕੀ ਨੇ ਸਪੱਸ਼ਟ ਕਰ ਦਿੱਤਾ ਕਿ ਗੁਆਂਢੀ ਦੇਸ਼ ਇੱਕ ਗੈਰ-ਜ਼ਿੰਮੇਵਾਰ ਪ੍ਰਮਾਣੂ ਰਾਸ਼ਟਰ ਹੈ। ਸੂਤਰਾਂ ਨੇ ਮੁਨੀਰ ਦੀਆਂ ਟਿੱਪਣੀਆਂ ਨੂੰ ਪਾਕਿਸਤਾਨ ਵਿੱਚ ਲੋਕਤੰਤਰ ਦੀ ਘਾਟ ਦਾ ਲੱਛਣ ਦੱਸਿਆ ਅਤੇ ਦੱਸਿਆ ਕਿ ਦੇਸ਼ ਦੇ ਮਾਮਲਿਆਂ ਵਿੱਚ ਫੌਜ ਦੀ ਵੱਡੀ ਭੂਮਿਕਾ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਫੌਜ ਦਾ ਹਮਲਾਵਰ ਰਵੱਈਆ ਅਕਸਰ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਅਮਰੀਕਾ ਇਸ ਦਾ ਸਮਰਥਨ ਕਰਦਾ ਹੈ।