Pakistan Election Result: ਜਿੱਤੀ ਬਾਜ਼ੀ ਕਿਵੇਂ ਹਾਰ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ?
ਪਾਕਿਸਤਾਨ ‘ਚ ਵੋਟਾਂ ਦੀ ਗਿਣਤੀ ਜਾਰੀ ਹੈ। ਇਮਰਾਨ ਸਮਰਥਿਤ ਉਮੀਦਵਾਰ ਨੈਸ਼ਨਲ ਅਸੈਂਬਲੀ ਚੋਣਾਂ ‘ਚ ਵੱਡੀ ਜਿੱਤ ਵੱਲ ਵਧ ਰਹੇ ਹਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਆਗੂ 266 ਵਿੱਚੋਂ 150 ਸੀਟਾਂ ਤੇ ਅੱਗੇ ਚੱਲ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਸਮਰਥਕਾਂ ਨੇ ਆਤਿਸ਼ਬਾਜ਼ੀ ਨਾਲ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਅਧਿਕਾਰਤ ਨਤੀਜੇ ਘੋਸ਼ਿਤ ਕਰਨ ਵਿੱਚ ਦੇਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਚੋਣ ਕਮਿਸ਼ਨ ਨਤੀਜਿਆਂ ‘ਚ ਦੇਰੀ ਲਈ ਮੋਬਾਈਲ ਸੇਵਾਵਾਂ ਦੀ ਮੁਅੱਤਲੀ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇਸ ਦੌਰਾਨ, ਧੀਮੀ ਗਿਣਤੀ ਨੇ ਸੰਭਾਵਿਤ ਹੇਰਾਫੇਰੀ ਦੀਆਂ ਵਿਆਪਕ ਅਟਕਲਾਂ ਨੂੰ ਜਨਮ ਦਿੱਤਾ ਹੈ ਅਤੇ ਸਿਆਸੀ ਨਾਟਕ ਦੇਖਣ ਨੂੰ ਮਿਲ ਸਕਦਾ ਹੈ।
ਪਹਿਲਾ ਨਤੀਜਾ ਖੈਬਰ ਪਖਤੂਨਖਵਾ ਤੋਂ ਐਲਾਨਿਆ ਗਿਆ ਹੈ, ਜਿੱਥੇ ਸੂਬਾਈ ਅਸੈਂਬਲੀ ਦੀਆਂ 2 ਸੀਟਾਂ ‘ਤੇ ਪੀਟੀਆਈ ਸਮਰਥਿਤ ਆਜ਼ਾਦ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੀਐਲਐਮ-ਐਨ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਮੁਸੀਬਤ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਲਾਹੌਰ ਅਤੇ ਮਾਨਸੇਹਰਾ ਦੋਵਾਂ ਸੀਟਾਂ ‘ਤੇ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਮ ਚੋਣਾਂ ਵਿੱਚ ਸਖ਼ਤ ਟੱਕਰ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਪਾਰਟੀ ਹੈੱਡਕੁਆਰਟਰ ਛੱਡ ਦਿੱਤਾ ਹੈ ਅਤੇ ਵਰਕਰਾਂ ਨੂੰ ਸੰਬੋਧਨ ਵੀ ਨਹੀਂ ਕੀਤਾ ਹੈ।
ਇਮਰਾਨ ਖਾਨ ਦੀ ਪਾਰਟੀ ਵੱਲੋਂ ਇਲਜ਼ਾਮ ਲਾਏ ਗਏ ਹਨ ਕਿ ਚੋਣ ਕਮਿਸ਼ਨ ਜਾਣਬੁੱਝ ਕੇ ਨਤੀਜਿਆਂ ਦਾ ਐਲਾਨ ਨਹੀਂ ਕਰ ਰਿਹਾ ਹੈ। ਜੇਕਰ ਚੋਣਾਂ ਵਿੱਚ ਕੋਈ ਧਾਂਦਲੀ ਹੁੰਦੀ ਹੈ ਤਾਂ ਪਾਕਿਸਤਾਨ ਦੇ ਆਮ ਲੋਕ ਇਸ ਦਾ ਜਵਾਬ ਦੇਣਗੇ।
ਪਾਕਿਸਤਾਨ ਚੋਣ ਕਮਿਸ਼ਨ ਨੇ ਸਭ ਤੋਂ ਪਹਿਲਾਂ ਪੇਸ਼ਾਵਰ ਦੇ NA-30 ਦੇ ਅਣਅਧਿਕਾਰਤ ਨਤੀਜਿਆਂ ਦਾ ਐਲਾਨ ਕੀਤਾ ਹੈ। ਇਸ ਵਿੱਚ ਇਮਰਾਨ ਦਾ ਸਮਰਥਨ ਕਰਨ ਵਾਲੀ ਉਮੀਦਵਾਰ ਸ਼ੰਦਨਾ ਗੁਲਜ਼ਾਰ ਨੂੰ 78,971 ਵੋਟਾਂ ਨਾਲ ਜੇਤੂ ਐਲਾਨਿਆ ਗਿਆ ਹੈ।
ਪਾਕਿਸਤਾਨ ਦੇ ਚੋਣ ਕਮਿਸ਼ਨ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਐੱਮਐੱਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਨੇ ਲਾਹੌਰ ਤੋਂ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 63,953 ਵੋਟਾਂ ਮਿਲੀਆਂ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਬੈਰਿਸਟਰ ਗੌਹਰ ਅਲੀ ਖਾਨ ਨੇ ਦਾਅਵਾ ਕੀਤਾ ਹੈ ਕਿ ਪਾਰਟੀ 150 ਤੋਂ ਵੱਧ ਨੈਸ਼ਨਲ ਅਸੈਂਬਲੀ ਸੀਟਾਂ ‘ਤੇ ਅੱਗੇ ਹੈ। ਅੱਜ ਦੀ ਜਿੱਤ ਤੋਂ ਬਾਅਦ ਪਾਰਟੀ ਕੇਂਦਰ ਅਤੇ ਖੈਬਰ-ਪਖਤੂਨਖਵਾ ‘ਚ ਸਰਕਾਰ ਬਣਾਏਗੀ।
ਸ਼ੁਰੂਆਤੀ ਰੁਝਾਨ ਤੋਂ ਬਾਅਦ ਇਮਰਾਨ ਖਾਨ ਦੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ ਹੈ। ਫੈਸਲਾਬਾਦ ‘ਚ ਪੀਟੀਆਈ ਸਮਰਥਕ ਸੜਕਾਂ ‘ਤੇ ਉਤਰ ਆਏ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਵੋਟਾਂ ਦੀ ਗਿਣਤੀ ਦੇ ਅੱਧੇ ਘੰਟੇ ਅੰਦਰ ਨਤੀਜੇ ਐਲਾਨ ਕਰਨ, ਨਹੀਂ ਤਾਂ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ। ਨਾਲ ਹੀ, ਅਮਰੀਕੀ ਵਿਦੇਸ਼ ਵਿਭਾਗ ਚੋਣਾਂ ਨੂੰ ਲੈ ਕੇ ਚਿੰਤਤ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ ਪ੍ਰਗਟਾਵੇ ਦੀ ਆਜ਼ਾਦੀ ਨੂੰ ਲੈ ਕੇ ਚਿੰਤਤ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਮੁਖੀ ਵੀ ਚੋਣਾਂ ‘ਤੇ ਨਜ਼ਰ ਰੱਖ ਰਹੇ ਹਨ। ਜਨਰਲ ਸਕੱਤਰ ਨੇ ਸਾਰੇ ਵਰਗਾਂ ਨੂੰ ਸ਼ਾਂਤਮਈ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ।
ਚੋਣਾਂ ਦੇ ਸਮੇਂ ਪਾਕਿਸਤਾਨ ਦੇ ਬਲੋਚਿਸਤਾਨ ‘ਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਇਆ। ਪ੍ਰਦਰਸ਼ਨਕਾਰੀਆਂ ਨੇ ਕੌਂਸ਼ਕਲਾਤ ਵਿੱਚ ਬੈਲਟ ਬਕਸਿਆਂ ਨੂੰ ਸਾੜ ਦਿੱਤਾ। ਕੇਚ ਜ਼ਿਲੇ ਦੇ ਤਗਰਾਨ ਅਬਾਦ ‘ਚ ਇਕ ਬੂਥ ‘ਤੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਮੀਦਵਾਰ ਦੇ ਗੰਨਮੈਨਾਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ।
ਕਿੰਨੀਆਂ ਸੀਟਾਂ ‘ਤੇ ਵੋਟਿੰਗ?
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੀਆਂ ਸੀਟਾਂ ਦੀ ਗਿਣਤੀ 336 ਹੈ। ਇਨ੍ਹਾਂ ‘ਚੋਂ 266 ਸੀਟਾਂ ‘ਤੇ ਵੋਟਿੰਗ ਹੁੰਦੀ ਹੈ ਅਤੇ ਬਹੁਮਤ ਲਈ 169 ਸੀਟਾਂ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ 60 ਸੀਟਾਂ ਔਰਤਾਂ ਲਈ ਰਾਖਵੀਆਂ ਹਨ, ਜਦਕਿ 10 ਸੀਟਾਂ ਗੈਰ-ਮੁਸਲਿਮ ਲਈ ਰਾਖਵੀਆਂ ਹਨ। ਪਾਕਿਸਤਾਨ ਵਿੱਚ ਸਭ ਤੋਂ ਵੱਧ ਸੀਟਾਂ ਪੰਜਾਬ ਸੂਬੇ ਵਿੱਚ ਹਨ, ਜਿੱਥੇ 141 ਸੀਟਾਂ ਹਨ। ਇਸ ਤੋਂ ਬਾਅਦ ਸਿੰਧ ਵਿੱਚ 61 ਅਤੇ ਖੈਬਰ ਪਖਤੂਨਖਵਾ ਵਿੱਚ 45 ਸੀਟਾਂ ਹਨ। ਇਸ ਤੋਂ ਇਲਾਵਾ ਬਲੋਚਿਸਤਾਨ ਵਿੱਚ 16 ਅਤੇ ਇਸਲਾਮਾਬਾਦ ਵਿੱਚ ਸਿਰਫ਼ ਤਿੰਨ ਸੀਟਾਂ ਹਨ।