ਯੂਐਸ ਦੀ ਮਿਲਵਾਕੀ ਪੁਲਿਸ ‘ਚ ਸੇਵਾਵਾਂ ਦੇਣ ਵਾਲਾ ਪਹਿਲਾ ਭਾਰਤੀ ਅਧਿਕਾਰੀ ਸੇਵਾਮੁਕਤ

Published: 

09 Feb 2023 14:10 PM

ਬਲਬੀਰ ਮਹੇ 'ਓਕ ਕ੍ਰੀਕ' ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਜੋ 1999 ਵਿੱਚ ਅਮਰੀਕਾ ਆਏ ਸਨ ਜਿੱਥੇ ਉਨ੍ਹਾਂ ਨੇ ਮਿਲਵਾਕੀ ਪੁਲਿਸ ਵਿਭਾਗ 'ਚ ਆਪਣੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਮਿਲਵਾਕੀ ਕਾਊਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਕੰਮ ਕੀਤਾ ਸੀ।

ਯੂਐਸ ਦੀ ਮਿਲਵਾਕੀ ਪੁਲਿਸ ਚ ਸੇਵਾਵਾਂ ਦੇਣ ਵਾਲਾ ਪਹਿਲਾ ਭਾਰਤੀ ਅਧਿਕਾਰੀ ਸੇਵਾਮੁਕਤ
Follow Us On

ਵਾਸ਼ਿੰਗਟਨ : ਯੂਐਸ ਦੀ ਮਿਲਵਾਕੀ ਸਿਟੀ ਪੁਲਿਸ ‘ਚ 21 ਸਾਲ ਕੰਮ ਕਰਨ ਮਗਰੋਂ ਪਹਿਲੇ ਭਾਰਤੀ ਅਧਿਕਾਰੀ ਸੇਵਾਮੁਕਤ ਹੋ ਗਏ ਹਨ। ਬਲਬੀਰ ਮਹੇ ਦੇ ਸ਼ਾਨਦਾਰ ਕਰੀਅਰ ਦਾ ਸਨਮਾਨ ਕਰਨ ਲਈ ਐਤਵਾਰ ਨੂੰ ਉਸੇ ਵਿਸਕਾਨਸਿਨ ਗੁਰਦੁਆਰਾ ‘ਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਸਨਮਾਨਿਤ ਕੀਤਾ ਗਿਆ ਜਿੱਥੇ ਸਾਲ 2012 ਵਿੱਚ ਇੱਕ ਖ਼ੌਫ਼ਨਾਕ ਗੋਲੀ ਕਾਂਡ ਹੋਇਆ ਸੀ ਅਤੇ ਉਸ ਸਮੇਂ ਇਸ ਵਾਰਦਾਤ ‘ਚ 6 ਲੋਕਾਂ ਦੀ ਮੌਤ ਹੋਈ ਸੀ। ਦੱਸਿਆ ਜਾਂਦਾ ਹੈ ਕਿ ਬਲਬੀਰ ਮਹੇ ਉਸ ਦਿਨ ਇਸ ਖ਼ੌਫ਼ਨਾਕ ਗੋਲੀਕਾਂਡ ਦੇ ਕੁਝ ਘੰਟਿਆਂ ਬਾਅਦ ਇਸੇ ਗੁਰਦੁਆਰਾ ਵਿੱਚ ਮੌਜੂਦ ਸਨ।

ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤਕ ਕੀਤਾ ਪੁਲਿਸ ‘ਚ ਕੰਮ

ਆਪਣੇ ਕਰੀਅਰ ਨੂੰ ਸਨਮਾਨ ਦੇਣ ਲਈ ਆਯੋਜਿਤ ਪ੍ਰੋਗਰਾਮ ਵਿੱਚ ਬਲਬੀਰ ਮਹੇ ਨੇ ਦੱਸਿਆ ਕਿ ਪੁਲਿਸ ਵਿੱਚ 21 ਸਾਲ ਕੰਮ ਕਰਨ ਤੋਂ ਬਾਅਦ ਉਹਨਾਂ ਨੂੰ ਬੜਾ ਚੰਗਾ ਲੱਗ ਰਿਹਾ ਹੈ ਅਤੇ ਉਹ ਹਰ ਉਸ ਸ਼ਖਸ ਦੇ ਹਮੇਸ਼ਾ ਧੰਨਵਾਦੀ ਰਹਿਣਗੇ, ਜਿਨ੍ਹਾਂ ਨੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਵਾਲੇ ਉਹਨਾਂ ਦੇ ਕਰੀਅਰ ਨੂੰ ਬਣਾਉਣ ਵਿੱਚ ਯੋਗਦਾਨ ਦਿੱਤਾ।

ਫਖਰ ਮਹਿਸੂਸ ਕਰ ਰਹੇ ਮਹੇ

ਸਨਮਾਨ ਸਮਾਰੋਹ ਵਿੱਚ ਬਲਬੀਰ ਮਹੇ ਨੇ ਕਿਹਾ, ਮੈਂ ਆਪਣੇ ਸਿੱਖ ਸਮਾਜ, ਭਾਰਤੀ ਸਮੁਦਾਏ ਅਤੇ ਆਪਣੇ ਮਿਲਵਾਕੀ ਪੁਲਿਸ ਵਿਭਾਗ, ਆਪਣੇ ਯਾਰਾਂ-ਦੋਸਤਾਂ ਅਤੇ ਆਪਣੇ ਪਰਿਵਾਰ ਦਾ ਬੜਾ ਧੰਨਵਾਦੀ ਹਾਂ, ਜੋ ਮੈਨੂੰ ਇਥੇ ਤੱਕ ਲੈ ਕੇ ਆਏ, ਮੈਨੂੰ ਇੰਨਾ ਸਨਮਾਨ ਦਿੱਤਾ ਕਿ ਮੈਂ ਅੱਜ ਪੁਲਿਸ ਤੋਂ ਸੇਵਾਮੁਕਤ ਹੋਣ ‘ਤੇ ਬੜਾ ਫਖਰ ਮਹਿਸੂਸ ਕਰ ਰਿਹਾ ਹਾਂ ਅਤੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ।

ਮਿਲਵਾਕੀ ਦੇ ਮੇਅਰ ਵੀ ਸਨ ਮੌਜੂਦ

ਸਨਮਾਨ ਸਮਾਰੋਹ ਵਿੱਚ ਮੌਜੂਦ ਮਿਲਵਾਕੀ ਦੇ ਮੇਅਰ ਕੈਵਲਿਅਰ ਜਾਨਸਨ ਨੇ ਕਿਹਾ, ਗੁਰਦੁਆਰੇ ਵਿੱਚ ਜਾ ਕੇ ਬਲਬੀਰ ਮਹੇ ਦਾ ਸਨਮਾਨ ਕਰਨ ਦਾ ਮੌਕਾ ਮਿਲਣ ਤੇ ਮੈਨੂੰ ਬੜਾ ਚੰਗਾ ਲੱਗ ਰਿਹਾ ਹੈ, ਜਿਨ੍ਹਾਂ ਨੇ ਮਿਲਵਾਕੀ ਪੁਲਿਸ ਵਿਭਾਗ ਵਿੱਚ ਬਤੌਰ ਪਹਿਲੇ ਭਾਰਤੀ ਪੁਲਿਸ ਅਧਿਕਾਰੀ ਆਪਣੀਆਂ ਸੇਵਾਵਾਂ ਦਿੱਤੀਆਂ। 20 ਸਾਲ ਤੋਂ ਵੀ ਵੱਧ ਸਮੇਂ ਤਕ ਇਸ ਸ਼ਹਿਰ ਨੂੰ ਆਪਣੀਆਂ ਸਮਰਪਿਤ ਸੇਵਾਵਾਂ ਦੇਣ ਵਾਲੇ ਬਲਬੀਰ ਮਹੇ ਦਾ ਧੰਨਵਾਦ।

ਕਮੇਟੀ ਦੇ ਮੈਂਬਰ ਹਨ ਬਲਬੀਰ ਮਹੇ

ਬਲਬੀਰ ਮਹੇ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ, ਜੋ 1999 ਵਿੱਚ ਅਮਰੀਕਾ ਆਏ ਸਨ ਜਿੱਥੇ ਉਨ੍ਹਾਂ ਨੇ ਮਿਲਵਾਕੀ ਪੁਲਿਸ ਵਿਭਾਗ ‘ਚ ਆਪਣੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ ਮਿਲਵਾਕੀ ਕਾਊਂਟੀ ਸ਼ੈਰਿਫ ਦੇ ਦਫ਼ਤਰ ਵਿੱਚ ਕੰਮ ਕੀਤਾ ਸੀ। ਬੀਤੀ 5 ਅਗਸਤ 2012 ਨੂੰ ਸਰਵ-ਉੱਚਤਾ ਵਾਦੀ ਇੱਕ ਵਿਅਕਤੀ ਨੇ ‘ਓਕ ਕ੍ਰੀਕ’ ਗੁਰਦੁਆਰਾ ਦੇ ਅੰਦਰ ਗੋਲੀਬਾਰੀ ਕੀਤੀ ਸੀ ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਹਮਲਾਵਰ ਦੀ ਗੋਲੀ ਲੱਗਣ ਤੋਂ ਜ਼ਖਮੀ ਹੋਏ ਇੱਕ ਗ੍ਰੰਥੀ ਨੂੰ ਲਕਵਾ ਹੋ ਗਿਆ ਸੀ ਅਤੇ ਬਾਅਦ ਵਿੱਚ ਉਹਨਾਂ ਦੀ ਵੀ ਮੌਤ ਹੋ ਗਈ ਸੀ।