Surat Singh Khalsa: ਨਹੀਂ ਰਹੇ ਬਾਪੂ ਸੂਰਤ ਸਿੰਘ ਖਾਲਸਾ, ਬੰਦੀ ਸਿੰਘਾਂ ਲਈ 8 ਸਾਲ ਕੀਤੀ ਸੀ ਭੁੱਖ ਹੜਤਾਲ
ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਵਿੱਚ ਵੀ ਜੇਲ੍ਹ ਵਿੱਚ ਬੰਦੀ ਸਿੰਘਾਂ ਲਈ ਕਰੀਬ 8 ਸਾਲ ਲੰਬੀ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਹੈ। ਉਹ ਕੁੱਝ ਸਮਾਂ ਪਹਿਲਾ ਆਪਣੇ ਪਰਿਵਾਰ ਨਾਲ ਅਮਰੀਕਾ ਚਲੇ ਗਏ ਸਨ। ਉਹਨਾਂ ਨੇ ਅਮਰੀਕਾ ਦੀ ਧਰਤੀ ਉੱਪਰ ਹੀ ਆਪਣੇ ਆਖਰੀ ਸਾਹ ਲਏ।
ਭਾਰਤ ਦੀਆਂ ਜੇਲ੍ਹਾਂ ਵਿੱਚ ਬੰਦ ਆਪਣੇ ਸਜ਼ਾ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਕਰੀਬ 8 ਸਾਲ ਤੱਕ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਨੇ ਅਮਰੀਕਾ ਵਿੱਚ ਆਪਣੇ ਆਖਰੀ ਸਾਹ ਲਏ। ਬੰਦੀ ਸਿੰਘਾਂ ਲਈ ਕੀਤੀ ਭੁੱਖ ਹੜਤਾਲ ਨੇ ਉਹਨਾਂ ਨੂੰ ਦੁਨੀਆਂ ਪੱਧਰ ਤੇ ਵੱਖਰੀ ਪਹਿਚਾਣ ਦਵਾਈ ਸੀ।
ਬਾਪੂ ਸੂਰਤ ਸਿੰਘ ਖਾਲਸਾ ਨੇ 16 ਜਨਵਰੀ 2015 ਨੂੰ ਬੰਦੀ ਸਿੰਘਾਂ ਦੇ ਹੱਕ ਵਿੱਚ ਆਪਣੀ ਭੁੱਖ ਹੜਤਾਲ ਸ਼ੁਰੂ ਕੀਤੀ। ਉਸ ਸਮੇਂ ਉਹਨਾਂ ਦੀ ਉਮਰ ਕਰੀਬ 82 ਸਾਲ ਸੀ ਅਤੇ 14 ਜਨਵਰੀ 2023 ਨੂੰ ਆਪਣੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ। ਇਸ ਭੁੱਖ ਹੜਤਾਲ ਦੌਰਾਨ ਉਹਨਾਂ ਨੂੰ ਨੱਕ ਦੀ ਨਾਲੀ ਰਾਹੀਂ ਭੋਜਨ ਦਿੱਤਾ ਜਾਂਦਾ ਸੀ।
ਆਪਣੇ ਪਿੰਡ ਤੋਂ ਸ਼ੁਰੂ ਕੀਤੀ ਸੀ ਭੁੱਖ ਹੜਤਾਲ
ਬਾਪੂ ਸੂਰਤ ਸਿੰਘ ਨੇ ਆਪਣੇ ਪਿੰਡ ਹਸ਼ਨਪੁਰ ਤੋਂ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਸੀ। ਜੋ ਕਿ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦਾ ਹੈ। ਇਸ ਤੋਂ ਬਾਅਦ ਉਹਨਾਂ ਨੂੰ ਜ਼ਿਆਦਾ ਸਮਾਂ ਲੁਧਿਆਣਾ ਦੇ ਦਯਾ ਨੰਦ ਮੈਡੀਕਲ ਕਾਲਜ਼ ਵਿੱਚ ਹੀ ਦਾਖਿਲ ਰੱਖਿਆ ਗਿਆ।
PM ਮੋਦੀ ਨੂੰ ਲਿਖਿਆ ਪੱਤਰ
11 ਫਰਵਰੀ 2015 ਨੂੰ, ਸੂਰਤ ਸਿੰਘ ਖਾਲਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਜਿਸ ਵਿੱਚ ਉਨ੍ਹਾਂ ਦੀ ਭੁੱਖ ਹੜਤਾਲ ਦਾ ਉਦੇਸ਼ ਦੱਸਿਆ ਗਿਆ। ਸੂਰਤ ਸਿੰਘ ਖਾਲਸਾ ਨੇ ਆਪਣੇ ਪੱਤਰ ਵਿੱਚ ਦੋ ਬਿੰਦੂਆਂ ਵਿੱਚ ਆਪਣੀਆਂ ਮੰਗਾਂ ਦਾ ਜ਼ਿਕਰ ਕੀਤਾ।
ਉਨ੍ਹਾਂ ਲਿਖਿਆ ਕਿ ਸਾਰੇ ਸਿੱਖ ਕੈਦੀਆਂ – ਵਿਚਾਰ ਅਧੀਨ ਅਤੇ ਸਿੱਖ ਸੰਘਰਸ਼ ਨਾਲ ਸਬੰਧਤ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਗਏ । ਉਹਨਾਂ ਨੂੰ ਰਾਜਨੀਤਿਕ ਕੈਦੀਆਂ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਅਤੇ ਉਹ ਸਾਰੇ ਕੈਦੀ ਜਿਨ੍ਹਾਂ ਨੇ ਆਪਣੀ ਪੂਰੀ ਸਜ਼ਾ ਪੂਰੀ ਕਰ ਲਈ ਹੈ ਅਤੇ ਜਿਨ੍ਹਾਂ ਦੀ ਰਿਹਾਈ ਜਾਇਜ਼ ਹੈ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਨੇ ਦੇਸ਼ ਦੇ ਦੂਜੇ ਕੈਦੀਆਂ ਦੀ ਰਿਹਾਈ ਦਾ ਹਵਾਲਾ ਦਿੱਤਾ। ਜਿਨ੍ਹਾਂ ਦੇ ਮਾਮਲੇ ਬੰਦੀ ਸਿੰਘਾਂ ਨਾਲ ਮਿਲਦੇ ਜੁਲਦੇ ਸਨ।
ਇਹ ਵੀ ਪੜ੍ਹੋ
ਹਵਾਰਾ ਦੀ ਅਪੀਲ ਤੇ ਕੀਤੀ ਖ਼ਤਮ ਕੀਤੀ ਸੀ ਹੜਤਾਲ
ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਦੀ ਅਪੀਲ ਤੋਂ ਬਾਅਦ ਉਹਨਾਂ ਨੇ ਆਪਣੇ 90ਵੇਂ ਜਨਮ ਦਿਨ ਤੋਂ ਪਹਿਲਾਂ 14 ਜਨਵਰੀ 2023 ਨੂੰ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਸੀ।