ਸਾਬਕਾ CM ਤੋਂ ਫਿਰੌਤੀ ਮੰਗਣ ਵਾਲਾ ਕਾਬੂ, ਚੰਨੀ ਦਾ ਇਲਜ਼ਾਮ ਗਲਤ ਵਿਅਕਤੀ ਨੂੰ ਫੜਿਆ
ਸਾਬਕਾ ਸੀਐੱਮ ਚਰਨਜੀਤ ਚੰਨੀ ਨੂੰ ਮਿਲ ਰਹੀਆਂ ਧਮਕੀਆਂ ਦਾ ਮਾਮਲਾ ਸੁਲਝਾਉਣ ਦਾ ਪੁਲਿਸ ਨੇ ਦਾਅਵਾ ਕੀਤਾ ਹੈ। ਮਿਲੀ ਜਾਣਕਾਪੀ ਮੁਤਾਬਕ ਰੋਪੜ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਰੋਪੜ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਦੀਪਕ ਸ੍ਰੀ ਸੰਤ ਕੇਬਲ ਵਾਸੀ ਮਹਾਰਾਸ਼ਟਰ ਵਜੋਂ ਹੋਈ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਬਾਰੇ ਵੀ ਗੱਲਬਾਤ ਕੀਤੀ। ਜਦੋਂ ਉਨ੍ਹਾਂ ਨੂੰ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਨੂੰ ਟਾਲਦੇ ਨਜ਼ਰ ਆਏ।
ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਚੰਨੀ ਨੂੰ ਫੋਨ ‘ਤੇ 2 ਕਰੋੜ ਦੀ ਫਿਰੌਤੀ ਮੰਗਣ ਦੀ ਧਮਕੀ ਮਿਲੀ ਸੀ। ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਪੇਸ਼ੇ ਤੋਂ ਅਪਰਾਧੀ ਨਹੀਂ ਹੈ। ਉਸ ਨੇ ਇਹ ਸਭ ਸਿਰਫ਼ ਪੈਸੇ ਕਮਾਉਣ ਲਈ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਕਤ ਵਿਅਕਤੀ ਨੂੰ ਨਾਗਪੁਰ ਤੋਂ ਗ੍ਰਿਫਤਾਰ ਕੀਤਾ ਹੈ। ਇਸ ਦੌਰਾਨ ਮੁਲਜ਼ਮਾਂ ਕੋਲੋਂ ਇੱਕ ਲੈਪਟਾਪ ਅਤੇ 2 ਮੋਬਾਈਲ ਬਰਾਮਦ ਹੋਏ ਹਨ। ਉਕਤ ਵਿਅਕਤੀ ਨੂੰ ਅਦਾਲਤ ‘ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਬਾਰੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਐਸਐਸਪੀ ਰੋਪੜ ਦੀ ਵੀਡੀਓ ਦੇਖੀ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਚੰਨੀ ਸਾਹਬ ਨੂੰ ਧਮਕੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਇਸ ਗੈਰ-ਪੰਜਾਬੀ ਵਿਅਕਤੀ ਨੂੰ ਨਾਗਪੁਰ ਤੋਂ ਲੈ ਕੇ ਆਈ ਹੈ, ਪਰ ਧਮਕੀ ਦੇਣ ਵਾਲਾ ਵਿਅਕਤੀ ਪੂਰੀ ਪੰਜਾਬੀ ਬੋਲਦਾ ਹੈ। ਉਨ੍ਹਾਂ ਕਿਹਾ ਕਿ ਫੜਿਆ ਗਿਆ ਵਿਅਕਤੀ ਗੈਰ-ਪੰਜਾਬੀ ਹੈ ਅਤੇ ਉਹ ਕਿਸੇ ਵੀ ਸੂਰਤ ਵਿੱਚ ਧਮਕੀਆਂ ਨਹੀਂ ਦੇ ਸਕਦਾ ਅਤੇ ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਪੁਲੀਸ ਅਤੇ ਸਰਕਾਰ ਮਿਲ ਕੇ ਡਰਾਮਾ ਕਰ ਰਹੀਆਂ ਹਨ। ਇਸ ਵਿਅਕਤੀ ਨੇ ਮੈਨੂੰ ਕੋਈ ਧਮਕੀ ਨਹੀਂ ਦਿੱਤੀ, ਸਗੋਂ ਪੁਲੀਸ ਨੇ ਉਸ ਨੂੰ ਬਿਨਾਂ ਵਜ੍ਹਾ ਫੜ ਲਿਆ ਹੈ।
ਚਰਨਜੀਤ ਚੰਨੀ ਨੇ ਦੱਸਿਆ ਕਿ ਉਕਤ ਵਿਅਕਤੀ ਨੇ ਕਿਸੇ ਹੋਰ ਨਾਲ ਗੱਲ ਕਰਨ ਲਈ ਕਿਹਾ ਸੀ ਪਰ ਮੈਂ ਇਨਕਾਰ ਕਰ ਦਿੱਤਾ। ਉਹ ਸਮਝ ਗਿਆ ਕਿ ਮੇਰੇ ਕੋਲ ਕੁਝ ਨਹੀਂ ਹੈ, ਜਿਸ ਤੋਂ ਬਾਅਦ 2-3 ਦਿਨਾਂ ਬਾਅਦ ਕਾਲਾਂ ਆਉਣੀਆਂ ਬੰਦ ਹੋ ਗਈਆਂ।