Jalandhar ‘ਚ ਜਾਅਲੀ ਪੁਲਿਸ ਮੁਲਾਜ਼ਮ ਬਣ ਨੌਜਵਾਨ ਨੇ ਕੀਤੇ ਕਾਰੇ, ਸ਼ਰਾਬ ਪੀ ਕੇ ਲੋਕਾਂ ਨਾਲ ਕੀਤੀ ਬਦਤਮੀਜ਼ੀ
ਜਲੰਧਰ ਦੇ ਮਕਦੂਮ ਪੁਰਾ ਇਲਾਕੇ 'ਚ ਇੱਕ ਨਸ਼ੇ ਵਿੱਚ ਧੁੱਤ ਨੌਜਵਾਨ ਪੰਜਾਬ ਪੁਲਿਸ ਦੀ ਵਰਦੀ ਪਾ ਕੇ ਲੋਕਾਂ ਨਾਲ ਬਦਤਮੀਜ਼ੀ ਕਰਦੇ ਹੋਏ ਨਜ਼ਰ ਆਇਆ। ਜਾਅਲੀ ਪੁਲਿਸ ਵਾਲਾ ਇਸ ਨੌਜਵਾਨ ਨੇ ਲੋਕਾਂ ਨੂੰ ਡਰਾਇਆ ਅਤੇ ਇਸ ਦੇ ਨਾਲ ਇਸ ਨੇ ਇੱਕ ਆਟੋ ਚਾਲਕ ਨਾਲ ਬਦਤਮੀਜ਼ੀ ਵੀ ਕੀਤੀ। ਇਸ ਪੂਰੀ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ। ਹੈਰਾਨੀਜਨਕ ਗੱਲ ਇਹ ਹੈ ਕਿ ਇਹ ਨੌਜਵਾਨ ਇੰਨੀ ਦੇਰ ਤੱਕ ਪੁਲਿਸ ਦੀ ਵਰਦੀ ਪਹਿਣ ਘੁੰਮਦਾ ਰਿਹਾ ਪਰ ਕਿਸੇ ਪੁਲਿਸ ਅਧਿਕਾਰੀ ਨੇ ਇਸ ਵੱਲ ਧਿਆਨ ਨਾ ਦਿੱਤਾ।
ਪੰਜਾਬ ਵਿੱਚ ਅਕਸਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜੋ ਪੁਲਿਸ ਵਿਭਾਗ ‘ਤੇ ਕਈ ਸਵਾਲ ਖੜ੍ਹੇ ਕਰਦੀਆਂ ਹਨ। ਅਜਿਹਾ ਹੀ ਇਕ ਮਾਮਲਾ ਜਲੰਧਰ ‘ਚ ਦੇਖਣ ਨੂੰ ਮਿਲਿਆ, ਜਿੱਥੇ ਜਾਅਲੀ ਪੁਲਿਸ ਵਾਲਾ ਬਣ ਨਸ਼ੇ ‘ਚ ਧੁੱਤ ਨੌਜਵਾਨ ਨੇ ਲੋਕਾਂ ਨੂੰ ਡਰਾਇਆ ਅਤੇ ਇੱਕ ਆਟੋ ਚਾਲਕ ਨੂੰ ਰੋਕ ਕੇ ਚਲਾਨ ਕੱਟਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਹ ਘਟਨਾ ਦੇਖ ਕੇ ਆਮ ਨਾਗਰਿਕ ਹੈਰਾਨ ਅਤੇ ਸਹਿਮੇ ਹੋਏ ਹਨ ਅਤੇ ਹੁਣ ਪੁਲਸ ਵਿਭਾਗ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ ਕਿ ਉਕਤ ਨੌਜਵਾਨ ਨੂੰ ਪੁਲਸ ਦੀ ਵਰਦੀ ਕਿਵੇਂ ਮਿਲੀ।
ਘਟਨਾ ਜਲੰਧਰ ਦੇ ਮਕਦੂਮ ਪੁਰਾ ਇਲਾਕੇ ‘ਦੀ ਹੈ ਅਤੇ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ‘ਚ ਨਜ਼ਰ ਆ ਰਿਹਾ ਵਿਅਕਤੀ ਪੁਲਸ ਦੀ ਵਰਦੀ ਪਹਿਨ ਕੇ ਖੁਦ ਨੂੰ ਪੁਲਸ ਮੁਲਾਜ਼ਮ ਦੱਸ ਰਿਹਾ ਹੈ। ਪੁਲਿਸ ਦੀ ਵਰਦੀ ਪਹਿਨੇ ਇਹ ਸ਼ਰਾਬੀ ਨੌਜਵਾਨ ਆਪਣਾ ਨਾਮ ਵਿਸ਼ਨੂੰ ਪ੍ਰਤਾਪ ਸਿੰਘ ਥਾਪਾ ਦੱਸ ਰਿਹਾ ਹੈ ਅਤੇ ਦੱਸ ਰਿਹਾ ਹੈ ਕਿ ਇਹ ਪੁਲਿਸ ਵਰਦੀ ਸੂਰਜ ਥਾਪਾ ਦੀ ਹੈ ਜੋ ਥਾਣਾ ਨੰਬਰ 13 ਵਿੱਚ ਤਾਇਨਾਤ ਹੈ। ਪੱਤਰਕਾਰਾਂ ਵੱਲੋਂ ਸਵਾਲ ਪੁੱਛੇ ਜਾਣ ‘ਤੇ ਉਸ ਨੇ ਹੱਥ ਜੋੜ ਕੇ ਮੁਆਫੀ ਮੰਗਣੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ।
ਇਨਪੁਟ: ਦਵਿੰਦਰ ਕੁਮਾਰ