ਸਲਮਾਨ ਖਾਨ ਦੇ ਘਰ ਆਗੇ ਚੱਲੀਆਂ ਗੋਲੀਆਂ, ਬਿਸ਼ਨੋਈ ਗੈਂਗ ਨੇ ਲਈ ਜਿੰਮੇਵਾਰੀ
ਅੱਜ ਸਵੇਰੇ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹਵਾਈ ਫਾਇਰਿੰਗ ਹੋਈ ਹੈ। ਦੋ ਬਾਈਕ ਸਵਾਰ ਲੋਕਾਂ ਨੇ ਸਲਮਾਨ ਖਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਇਸ ਕਾਰੇ ਨੂੰ ਅੰਜਾਮ ਦਿੱਤਾ। ਇਸ ਦੌਰਾਨ ਸਲਮਾਨ ਖਾਨ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ।
ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਅੱਜ ਸਵੇਰੇ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ‘ਚ ਹਲਚਲ ਮਚ ਗਈ ਹੈ। ਸਲਮਾਨ ਖਾਨ ਦੇ ਘਰ ਦੇ ਬਾਹਰ ਵਾਪਰੇ ਇਸ ਹਾਦਸੇ ਨੂੰ ਲਾਰੇਂਸ ਬਿਸ਼ਨੋਈ ਵੱਲੋਂ ਦਿੱਤੀਆਂ ਪੁਰਾਣੀਆਂ ਧਮਕੀਆਂ ਨਾਲ ਵੀ ਜੋੜਿਆ ਜਾ ਰਿਹਾ ਹੈ। ਬਾਈਕ ਸਵਾਰ ਦੋ ਵਿਅਕਤੀਆਂ ਨੇ ਗਲੈਕਸੀ ਅਪਾਰਟਮੈਂਟ ਦੇ ਬਾਹਰ 6 ਰਾਊਂਡ ਫਾਇਰ ਕੀਤੇ। ਜਿਸ ‘ਚੋਂ ਇਕ ਗੋਲੀ ਸਲਮਾਨ ਖਾਨ ਦੇ ਘਰ ਦੀ ਬਾਲਕੋਨੀ ਦੀ ਕੰਧ ‘ਤੇ ਵੀ ਲੱਗੀ। ਮੁੰਬਈ ਕ੍ਰਾਈਮ ਬ੍ਰਾਂਚ ਦੇ ਨਾਲ-ਨਾਲ ਬਾਂਦਰਾ ਪੁਲਸ ਅਤੇ ਫੋਰੈਂਸਿਕ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ। ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਇਸ ਦੌਰਾਨ ਅੱਜ ਦੀ ਘਟਨਾ ਨਾਲ ਸਬੰਧਤ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪੁਲਿਸ ਨੂੰ ਇਹ ਵੀਡੀਓ ਮਿਲੀ ਹੈ। ਵਾਇਰਲ ਹੋ ਰਿਹਾ ਵੀਡੀਓ ਸਲਮਾਨ ਖਾਨ ਦੀ ਬਿਲਡਿੰਗ ਦੇ ਬਿਲਕੁਲ ਸਾਹਮਣੇ ਦਾ ਹੈ। ਕੁਝ ਸੈਕਿੰਡ ਦੇ ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਬਾਈਕ ਸਵਾਰ ਲੋਕਾਂ ਨੇ ਆਪਣੇ ਮੂੰਹ ਲੁਕਾਏ ਹੋਏ ਹਨ ਅਤੇ ਹੈਲਮੇਟ ਵੀ ਪਹਿਨੇ ਹੋਏ ਹਨ। ਜਿਸ ਕਾਰਨ ਪੁਲਿਸ ਲਈ ਦੋਵਾਂ ਦੀ ਪਹਿਚਾਣ ਕਰਨੀ ਔਖੀ ਹੋ ਰਹੀ ਹੈ।