ਧਨਸ਼੍ਰੀ ਤੋਂ ਤਲਾਕ ਤੋਂ ਬਾਅਦ ਖੁਦਕੁਸ਼ੀ ਕਰਨ ਬਾਰੇ ਸੋਚ ਰਹੇ ਸਨ ਯੁਜ਼ਵੇਂਦਰ ਚਹਿਲ, ਕੀਤਾ ਸਨਸਨੀਖੇਜ਼ ਖੁਲਾਸਾ
Yuzvendra Chahal: ਟੀਮ ਇੰਡੀਆ ਦੇ ਆਊਟ ਆਫ ਫਾਰਮ ਸਪਿਨਰ ਯੁਜ਼ਵੇਂਦਰ ਚਹਿਲ ਨੇ ਇੱਕ ਪੋਡਕਾਸਟ ਦੌਰਾਨ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਇਹ ਸੁਣ ਕੇ ਕ੍ਰਿਕਟ ਫੈਨਸ ਹੈਰਾਨ ਹਨ। ਆਈਪੀਐਲ 2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚਹਿਲ ਨੇ ਪਹਿਲੀ ਵਾਰ ਧਨਸ਼੍ਰੀ ਤੋਂ ਆਪਣੇ ਤਲਾਕ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਯੁਜ਼ਵੇਂਦਰ ਚਹਿਲ
ਇੰਡੀਅਨ ਪ੍ਰੀਮੀਅਰ ਲੀਗ (IPL) 2025 ਵਿੱਚ ਪੰਜਾਬ ਕਿੰਗਜ਼ ਲਈ ਹੈਟ੍ਰਿਕ ਲੈਣ ਵਾਲੇ ਯੁਜ਼ਵੇਂਦਰ ਚਹਿਲ ਨੇ ਇੱਕ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਹਾਲ ਹੀ ਵਿੱਚ ਚਹਿਲ ਦਾ ਧਨਸ਼੍ਰੀ ਤੋਂ ਤਲਾਕ ਹੋ ਗਿਆ ਹੈ। ਇਸ ਤਲਾਕ ਦਾ ਕਾਰਨ ਕੀ ਸੀ? ਇਹ ਕੋਈ ਨਹੀਂ ਜਾਣਦਾ, ਪਰ ਹੁਣ ਟੀਮ ਇੰਡੀਆ ਦੇ ਇਸ ਸਪਿਨਰ ਨੇ ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਇੰਨੇ ਤਣਾਅ ਵਿੱਚ ਸਨ ਕਿ ਇੱਕ ਵਾਰ ਉਨ੍ਹਾਂ ਨੇ ਖੁਦਕੁਸ਼ੀ ਕਰਨ ਬਾਰੇ ਵੀ ਸੋਚਿਆ। ਇਸ ਦੌਰਾਨ ਉਹ ਠੀਕ ਤਰ੍ਹਾਂ ਸੌਂ ਨਹੀਂ ਸਕਦੇ ਸਨ। ਉਨ੍ਹਾਂ ਨੇ ਕ੍ਰਿਕਟ ਤੋਂ ਵੀ ਦੂਰੀ ਬਣਾ ਲਈ ਸੀ।
ਚਹਿਲ ਨੇ ਖੋਲ੍ਹਿਆ ਵੱਡਾ ਰਾਜ਼
ਟੀਮ ਇੰਡੀਆ ਦੇ ਸਪਿਨਰ ਯੁਜਵੇਂਦਰ ਚਹਿਲ ਨੇ ਰਾਜ ਸ਼ਮਨੀ ਦੇ ਪੋਡਕਾਸਟ ਵਿੱਚ ਧਨਸ਼੍ਰੀ ਨਾਲ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੇ ਰਾਜ਼ ਖੋਲ੍ਹੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਵਿਆਹੁਤਾ ਜੀਵਨ ਵਿੱਚ ਚੱਲ ਰਹੇ ਤਣਾਅ ਕਾਰਨ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਚਲੇ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਕ੍ਰਿਕਟ ਤੋਂ ਵੀ ਬ੍ਰੇਕ ਲੈ ਲਿਆ ਸੀ।
ਚਹਿਲ ਨੇ ਕਿਹਾ, “ਮੈਂ ਚਾਰ-ਪੰਜ ਮਹੀਨਿਆਂ ਤੋਂ ਬਹੁਤ ਜ਼ਿਆਦਾ ਡਿਪਰੈਸ਼ਨ ਵਿੱਚ ਸੀ। ਮੈਨੂੰ ਐਂਗਜ਼ਾਇਟੀ ਅਟੈਕ ਪੈਂਦੇ ਸਨ। ਮੇਰੀਆਂ ਅੱਖਾਂ ਸਾਹਮਏ ਹਨੇਰਾ ਆ ਜਾਂਦਾ ਸੀ। ਇਹ ਗੱਲਾਂ ਸਿਰਫ਼ ਕੁਝ ਲੋਕ ਹੀ ਜਾਣਦੇ ਹਨ, ਜੋ ਉਸ ਸਮੇਂ ਮੇਰੇ ਨਾਲ ਸਨ। ਇਸ ਤੋਂ ਇਲਾਵਾ, ਮੈਂ ਇਹ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ। ਇਸ ਦੌਰਾਨ, ਮੇਰੇ ਮਨ ਵਿੱਚ ਖੁਦਕੁਸ਼ੀ ਕਰਨ ਦੇ ਵਿਚਾਰ ਵੀ ਆਏ, ਕਿਉਂਕਿ ਉਸ ਸਮੇਂ ਮੇਰੇ ਦਿਮਾਗ ਨੇ ਪੂਰੀ ਤਰ੍ਹਾਂ ਕੰਮ ਕਰਨਾ ਬੰਦ ਕਰ ਦਿੱਤਾ ਸੀ”। ਉਨ੍ਹਾਂ ਨੇ ਕਿਹਾ ਕਿ ਤਣਾਅ ਕਾਰਨ, ਮੈਂ ਸਿਰਫ਼ ਦੋ ਤੋਂ ਤਿੰਨ ਘੰਟੇ ਹੀ ਸੌਂ ਸਕਦਾ ਸੀ, ਬਾਕੀ ਸਮਾਂ ਮੈਂ ਆਪਣੇ ਖਾਸ ਦੋਸਤਾਂ ਨਾਲ ਗੱਲ ਕਰਦਾ ਸੀ।
ਇਹ ਵੀ ਪੜ੍ਹੋ
ਕ੍ਰਿਕਟ ਤੋਂ ਬਣਾ ਲਈ ਸੀ ਦੂਰੀ
ਚਹਿਲ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਇੰਨਾ ਤਣਾਅ ਵਿੱਚ ਸਨ ਕਿ ਉਨ੍ਹਾਂ ਨੇ ਕ੍ਰਿਕਟ ਤੋਂ ਵੀ ਦੂਰੀ ਬਣਾਈ ਰੱਖੀ। ਉਨ੍ਹਾਂ ਦੱਸਿਆ ਕਿ ਮੈਂ ਮੈਦਾਨ ‘ਤੇ ਆਪਣਾ 100 ਪ੍ਰਤੀਸ਼ਤ ਨਹੀਂ ਦੇ ਸਕਿਆ। ਇਸੇ ਲਈ ਮੈਂ ਕ੍ਰਿਕਟ ਤੋਂ ਬ੍ਰੇਕ ਲਿਆ। ਜ਼ਿੰਦਗੀ ਵਿੱਚ ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ, ਮੈਂ ਖਾਲੀ ਮਹਿਸੂਸ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਕੋਲ ਜ਼ਿੰਦਗੀ ਵਿੱਚ ਸਭ ਕੁਝ ਹੈ, ਸਾਰੀਆਂ ਸਹੂਲਤਾਂ ਹਨ, ਪਰ ਫਿਰ ਵੀ ਤੁਹਾਡੇ ਕੋਲ ਖੁਸ਼ੀ ਨਹੀਂ ਹੈ। ਫਿਰ ਤੁਹਾਡੇ ਮਨ ਵਿੱਚ ਇਹ ਵਿਚਾਰ ਆਉਂਦੇ ਹਨ – ਇਸ ਜ਼ਿੰਦਗੀ ਦਾ ਕੀ ਕਰੀਏ? ਬੱਸ ਇਸਨੂੰ ਛੱਡ ਦਿਓ।
ਮੈਂ ਕਿਸੇ ਨੂੰ ਧੋਖਾ ਨਹੀਂ ਦਿੱਤਾ
ਧਨਸ਼੍ਰੀ ਤੋਂ ਤਲਾਕ ਤੋਂ ਬਾਅਦ, ਬਹੁਤ ਸਾਰੇ ਲੋਕਾਂ ਨੇ ਯੁਜਵੇਂਦਰ ਚਹਿਲ ਨੂੰ ਧੋਖੇਬਾਜ਼ ਕਿਹਾ। ਚਹਿਲ ਇਸ ਗੱਲ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ ਕਿ ਮੈਂ ਧੋਖੇਬਾਜ਼ ਨਹੀਂ ਹਾਂ। ਤੁਹਾਨੂੰ ਮੇਰੇ ਤੋਂ ਵੱਧ ਵਫ਼ਾਦਾਰ ਆਦਮੀ ਨਹੀਂ ਮਿਲੇਗਾ। ਉਨ੍ਹਾਂ ਨੇ ਕਿਹਾ, “ਮੈਂ ਕਿਸੇ ਨੂੰ ਧੋਖਾ ਨਹੀਂ ਦਿੱਤਾ। ਮੈਂ ਆਪਣੇ ਲੋਕਾਂ ਲਈ ਆਪਣੇ ਦਿਲੋਂ ਸੋਚਦਾ ਹਾਂ। ਮੈਂ ਕਿਸੇ ਤੋਂ ਕੁਝ ਨਹੀਂ ਮੰਗਿਆ, ਮੈਂ ਸਿਰਫ਼ ਦਿੱਤਾ ਹੈ। ਜਦੋਂ ਲੋਕ ਕੁਝ ਨਹੀਂ ਜਾਣਦੇ, ਤਾਂ ਉਹ ਕੁਝ ਵੀ ਲਿਖਦੇ ਹਨ। ਮੇਰੀਆਂ ਦੋ ਭੈਣਾਂ ਹਨ, ਇਸ ਲਈ ਮੈਂ ਜਾਣਦਾ ਹਾਂ ਕਿ ਔਰਤਾਂ ਦਾ ਸਤਿਕਾਰ ਕਿਵੇਂ ਕਰਨਾ ਹੈ”।
ਚਹਿਲ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਤੁਹਾਨੂੰ ਕਿਸੇ ਨਾਲ ਦੇਖਿਆ ਜਾਂਦਾ ਹੈ, ਲੋਕ ਤੁਹਾਡੇ ਬਾਰੇ ਕੁਝ ਵੀ ਸੋਚਦੇ ਹਨ ਅਤੇ ਵਿਊਜ਼ ਵਧਾਉਣ ਲਈ ਕੁਝ ਵੀ ਲਿਖਦੇ ਹਨ। ਅਸਲ ਸਮੱਸਿਆ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰ ਰਿਐਕਟ ਕਰ ਦਿੰਦੇ ਹੋ। ਇਸ ਤੋਂ ਬਾਅਦ ਲੋਕ ਤੁਹਾਨੂੰ ਛੇੜਨਾ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਉਹ ਸੋਚਦੇ ਹਨ ਕਿ ਤੁਸੀਂ ਕੁਝ ਕਹੋਗੇ। ਇਸ ਸਟਾਰ ਸਪਿਨਰ ਨੇ ਕਿਹਾ ਕਿ ਮੈਨੂੰ ਜਵਾਬ ਦੇਣਾ ਪਿਆ, ਮੈਂ ਸਿਰਫ਼ ਸਹੀ ਸਮੇਂ ਦੀ ਉਡੀਕ ਕਰ ਰਿਹਾ ਸੀ।
