ਟੀ-20 ਮੈਚ ‘ਚ ਬਣ ਗਈਆਂ 445 ਦੌੜਾਂ, ਸੂਰਿਆ-ਅਈਅਰ ਵਰਗੇ ਸਟਾਰ ਬਣੇ ਇਤਿਹਾਸਕ ਮੈਚ ਦਾ ਹਿੱਸਾ, ਮੁੰਬਈ ਦੀ ਟੀਮ ਨੇ ਮਾਰੀ ਬਾਜ਼ੀ
Sayyad Mustaq Ali Trophy: ਮੁੰਬਈ ਦੀ ਟੀਮ ਨੇ ਸਈਅਦ ਮੁਸ਼ਤਾਕ ਅਲੀ ਟਰਾਫੀ 2024 ਦੇ ਕੁਆਰਟਰ ਫਾਈਨਲ ਮੈਚ ਵਿੱਚ ਵਿਦਰਭ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ। ਇਸ ਮੈਚ 'ਚ ਦੋਵਾਂ ਟੀਮਾਂ ਨੇ ਰੱਜ ਕੇ ਰਨ ਵਰ੍ਹਾਏ, ਜਿਸ ਕਾਰਨ ਇਕ ਵੱਡਾ ਰਿਕਾਰਡ ਬਣ ਗਿਆ। ਮੈਚ 'ਚ 400 ਫੈਨਸ ਨੰ 400 ਤੋਂ ਵੱਧ ਦੌੜਾਂ ਦੇਖਣ ਨੂੰ ਮਿਲੀਆਂ।
ਸਈਅਦ ਮੁਸ਼ਤਾਕ ਅਲੀ ਟਰਾਫੀ 2024 ਦਾ ਚੌਥਾ ਕੁਆਰਟਰ ਫਾਈਨਲ ਮੈਚ ਮੁੰਬਈ ਅਤੇ ਵਿਦਰਭ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫੈਨਸ ਨੂੰ ਇਕ ਵਾਰ ਫਿਰ ਟੂਰਨਾਮੈਂਟ ‘ਚ ਹਾਈ ਸਕੋਰਿੰਗ ਮੈਚ ਦੇਖਣ ਨੂੰ ਮਿਲਿਆ, ਜਿੱਥੇ ਦੋਵਾਂ ਟੀਮਾਂ ਨੇ ਕਾਫੀ ਚੌਕੇ-ਛੱਕੇ ਲਗਾਏ। ਹਾਲਾਂਕਿ ਸਟਾਰ ਖਿਡਾਰੀਆਂ ਨਾਲ ਸਜੀ ਮੁੰਬਈ ਦੀ ਟੀਮ ਆਖਰਕਾਰ ਮੈਚ ਜਿੱਤਣ ‘ਚ ਕਾਮਯਾਬ ਰਹੀ ਅਤੇ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਨਾਲ ਸਈਅਦ ਮੁਸ਼ਤਾਕ ਅਲੀ ਟਰਾਫੀ ਦੀਆਂ ਤਿੰਨ ਸੈਮੀਫਾਈਨਲ ਟੀਮਾਂ ਦਾ ਫੈਸਲਾ ਹੋ ਗਿਆ ਹੈ। ਮੁੰਬਈ ਤੋਂ ਪਹਿਲਾਂ ਬੜੌਦਾ ਅਤੇ ਮੱਧ ਪ੍ਰਦੇਸ਼ ਨੇ ਵੀ ਆਪੋ-ਆਪਣੇ ਕੁਆਰਟਰ ਫਾਈਨਲ ਮੈਚ ਜਿੱਤੇ ਸਨ।
ਮੁੰਬਈ ਦੀ ਟੀਮ ਨੇ ਦਰਜ ਕੀਤੀ ਯਾਦਗਾਰ ਜਿੱਤ
ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇਸ ਅਹਿਮ ਮੈਚ ਵਿੱਚ ਦੋਵਾਂ ਟੀਮਾਂ ਨੇ 200 ਤੋਂ ਵੱਧ ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਦੀ ਕਪਤਾਨੀ ਵਾਲੀ ਮੁੰਬਈ ਦੀ ਟੀਮ ਨੇ ਇਸ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਉਨ੍ਹਾਂ ਦੇ ਗੇਂਦਬਾਜ਼ ਕੁਝ ਖਾਸ ਨਹੀਂ ਕਰ ਸਕੇ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਿਦਰਭ ਨੇ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 221 ਦੌੜਾਂ ਬਣਾਈਆਂ। ਇਸ ਦੌਰਾਨ ਟੀਮ ਲਈ ਅਥਰਵ ਤਾਇਦੇ ਨੇ ਸਭ ਤੋਂ ਵੱਧ 66 ਦੌੜਾਂ ਬਣਾਈਆਂ। ਅਪੂਰਵਾ ਵਾਨਖੜੇ ਨੇ ਵੀ 33 ਗੇਂਦਾਂ ‘ਤੇ 51 ਦੌੜਾਂ ਦੀ ਪਾਰੀ ਖੇਡੀ ਅਤੇ ਸ਼ੁਭਮ ਦੂਬੇ 19 ਗੇਂਦਾਂ ‘ਤੇ 43 ਦੌੜਾਂ ਬਣਾ ਕੇ ਨਾਬਾਦ ਰਹੇ। ਦੂਜੇ ਪਾਸੇ ਮੁੰਬਈ ਲਈ ਅਥਰਵ ਅੰਕੋਲੇਕਰ ਅਤੇ ਸੂਰਯਾਂਸ਼ ਸ਼ੈਡਗੇ ਨੇ ਸਭ ਤੋਂ ਵੱਧ 2-2 ਵਿਕਟਾਂ ਲਈਆਂ।
ਇਸ ਮੈਚ ਨੂੰ ਜਿੱਤਣ ਲਈ ਮੁੰਬਈ ਨੂੰ 120 ਗੇਂਦਾਂ ਵਿੱਚ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨਾ ਪਿਆ, ਜੋ ਇੰਨੇ ਵੱਡੇ ਮੈਚ ਵਿੱਚ ਬਿਲਕੁਲ ਵੀ ਆਸਾਨ ਨਹੀਂ ਰਹਿੰਦਾ। ਪਰ ਮੁੰਬਈ ਦੇ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਅਜਿੰਕਿਆ ਰਹਾਣੇ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ। ਦੋਵਾਂ ਖਿਡਾਰੀਆਂ ਨੇ ਪਹਿਲੀ ਵਿਕਟ ਲਈ 7 ਓਵਰਾਂ ਵਿੱਚ 83 ਦੌੜਾਂ ਜੋੜੀਆਂ। ਇਸ ਦੌਰਾਨ ਪ੍ਰਿਥਵੀ ਸ਼ਾਅ ਨੇ 26 ਗੇਂਦਾਂ ‘ਤੇ 49 ਦੌੜਾਂ ਬਣਾਈਆਂ ਅਤੇ ਰਹਾਣੇ 45 ਗੇਂਦਾਂ ‘ਤੇ 84 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ਿਵਮ ਦੁਬੇ ਨੇ 22 ਗੇਂਦਾਂ ‘ਤੇ ਅਜੇਤੂ 37 ਦੌੜਾਂ ਅਤੇ ਸੂਰਯਾਂਸ਼ ਸ਼ੈਡਗੇ ਨੇ 12 ਗੇਂਦਾਂ ‘ਤੇ ਅਜੇਤੂ 36 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ।
ਸਈਅਦ ਮੁਸ਼ਤਾਕ ਅਲੀ ਟਰਾਫੀ ‘ਚ ਬਣਿਆ ਵੱਡਾ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਇਸ ਮੈਚ ਵਿੱਚ ਦੋਵੇਂ ਟੀਮਾਂ ਨੇ ਮਿਲ ਕੇ ਕੁੱਲ 445 ਦੌੜਾਂ ਬਣਾਈਆਂ। ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇੱਕ ਮੈਚ ਵਿੱਚ ਇਹ 9ਵੀਆਂ ਸਭ ਤੋਂ ਵੱਧ ਦੌੜਾਂ ਹਨ। ਇਸੇ ਸਾਲ ਮੁੰਬਈ ਅਤੇ ਆਂਧਰਾ ਵਿਚਾਲੇ ਖੇਡੇ ਗਏ ਮੈਚ ‘ਚ ਕੁੱਲ 448 ਦੌੜਾਂ ਬਣਾਈਆਂ ਗਈਆਂ ਸਨ। ਨਾਲ ਹੀ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਇੱਕ ਮੈਚ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਵੀ 2024 ਵਿੱਚ ਬਣ ਗਿਆ। ਉਦੋਂ ਗੋਆ ਅਤੇ ਮੁੰਬਈ ਦੀ ਟੀਮ ਨੇ ਮਿਲ ਕੇ ਮੈਚ ਵਿੱਚ ਕੁੱਲ 474 ਦੌੜਾਂ ਬਣਾਈਆਂ ਸਨ।