IPL 2026: RCB ਦੀ ਪਲੇਆਫ ‘ਚ ਸ਼ਾਨਦਾਰ ਐਂਟਰੀ, ਪੰਜਾਬ ਕਿੰਗਜ਼ ਦੀ ਲਗਾਤਾਰ 6ਵੀਂ ਹਾਰ ਨਾਲ ਰਾਹ ਹੋਈ ਮੁਸ਼ਕਲ
IPL 2026: ਇੰਡੀਅਨ ਪ੍ਰੀਮੀਅਰ ਲੀਗ ਦੇ 61ਵੇਂ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਇੱਕ ਸ਼ਾਨਦਾਰ ਅਤੇ ਇੱਕਪਾਸੜ ਜਿੱਤ ਦਰਜ ਕੀਤੀ ਹੈ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ਵਿਖੇ ਖੇਡੇ ਗਏ ਇਸ ਹਾਈ-ਸਕੋਰਿੰਗ ਮੈਚ ਵਿੱਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ 'ਤੇ 222 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
Photo: (PTI)
ਇੰਡੀਅਨ ਪ੍ਰੀਮੀਅਰ ਲੀਗ ਦੇ 61ਵੇਂ ਮੁਕਾਬਲੇ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਪੰਜਾਬ ਕਿੰਗਜ਼ ਖ਼ਿਲਾਫ਼ ਇੱਕ ਸ਼ਾਨਦਾਰ ਅਤੇ ਇੱਕਪਾਸੜ ਜਿੱਤ ਦਰਜ ਕੀਤੀ ਹੈ। ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਧਰਮਸ਼ਾਲਾ ਵਿਖੇ ਖੇਡੇ ਗਏ ਇਸ ਹਾਈ-ਸਕੋਰਿੰਗ ਮੈਚ ਵਿੱਚ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ।
ਜਵਾਬ ਵਿੱਚ 223 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਕਿੰਗਜ਼ ਦੀ ਟੀਮ ਸ਼ੁਰੂਆਤੀ ਓਵਰਾਂ ਵਿੱਚ ਹੀ ਦਬਾਅ ਹੇਠ ਆ ਗਈ ਅਤੇ ਪੂਰੀ ਕੋਸ਼ਿਸ਼ ਦੇ ਬਾਵਜੂਦ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 199 ਦੌੜਾਂ ਹੀ ਬਣਾ ਸਕੀ। ਇਸ ਜਿੱਤ ਦੇ ਨਾਲ ਹੀ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਮੌਜੂਦਾ ਸੀਜ਼ਨ ਵਿੱਚ ਆਪਣੀ 9ਵੀਂ ਜਿੱਤ ਦਰਜ ਕਰਕੇ ਪਲੇਆਫ ਦੀ ਟਿਕਟ ਪੱਕੀ ਕਰ ਲਈ ਹੈ, ਜਦਕਿ ਪੰਜਾਬ ਕਿੰਗਜ਼ ਦੀ ਇਹ ਲਗਾਤਾਰ 6ਵੀਂ ਹਾਰ ਹੈ, ਜਿਸ ਕਾਰਨ ਉਸ ਲਈ ਪਲੇਆਫ ਦਾ ਰਾਹ ਹੁਣ ਬੇਹੰਦ ਮੁਸ਼ਕਲ ਹੋ ਗਿਆ ਹੈ।
ਵਿਰਾਟ ਕੋਹਲੀ ਅਤੇ ਵੈਂਕਟੇਸ਼ ਅਈਅਰ ਦੀ ਤੂਫ਼ਾਨੀ ਬੱਲੇਬਾਜ਼ੀ
ਟੌਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਰਸੀਬੀ ਦੀ ਸ਼ੁਰੂਆਤ ਚੰਗੀ ਰਹੀ। ਹਾਲਾਂਕਿ ਜੇਕਬ ਬੈਥਲ 11 ਦੌੜਾਂ ਬਣਾ ਕੇ ਜਲਦੀ ਆਊਟ ਹੋ ਗਏ, ਪਰ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਸ਼ਾਨਦਾਰ ਫਾਰਮ ਜਾਰੀ ਰੱਖਦਿਆਂ 37 ਗੇਂਦਾਂ ਵਿੱਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 58 ਦੌੜਾਂ ਦੀ ਦਮਦਾਰ ਪਾਰੀ ਖੇਡੀ। ਦੂਜੇ ਪਾਸੇ ਦੇਵਦੱਤ ਪਡੀਕਲ ਨੇ ਵੀ 45 ਦੌੜਾਂ ਦਾ ਅਹਿਮ ਯੋਗਦਾਨ ਪਾਇਆ ਅਤੇ ਵਿਰਾਟ ਨਾਲ ਦੂਜੀ ਵਿਕਟ ਲਈ ਮਜ਼ਬੂਤ ਸਾਂਝੇਦਾਰੀ ਕੀਤੀ।
ਪਾਰੀ ਦੇ ਆਖਰੀ ਓਵਰਾਂ ਵਿੱਚ ਵੈਂਕਟੇਸ਼ ਅਈਅਰ ਨੇ ਮੈਦਾਨ ਦੇ ਚਾਰੋਂ ਪਾਸੇ ਸ਼ਾਟ ਲਗਾਉਂਦਿਆਂ ਤੂਫ਼ਾਨੀ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਹਿਜ਼ 40 ਗੇਂਦਾਂ ਵਿੱਚ 8 ਚੌਕਿਆਂ ਅਤੇ 4 ਛੱਕਿਆਂ ਦੀ ਬਦੌਲਤ 73 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਾਇਆ। ਟਿਮ ਡੇਵਿਡ ਨੇ ਵੀ ਆਖਰ ਵਿੱਚ 12 ਗੇਂਦਾਂ ‘ਚ 28 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਪੰਜਾਬ ਕਿੰਗਜ਼ ਵੱਲੋਂ ਹਰਪ੍ਰੀਤ ਬਰਾੜ ਨੇ ਸਭ ਤੋਂ ਵੱਧ 2 ਵਿਕਟਾਂ ਲਈਆਂ, ਜਦਕਿ ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ ਨੂੰ 1-1 ਵਿਕਟ ਮਿਲੀ, ਪਰ ਲਗਭਗ ਸਾਰੇ ਗੇਂਦਬਾਜ਼ ਕਾਫੀ ਮਹਿੰਗੇ ਸਾਬਤ ਹੋਏ।
ਪੰਜਾਬ ਕਿੰਗਜ਼ ਦੀ ਰਹੀ ਖ਼ਰਾਬ ਸ਼ੁਰੂਆਤ
ਵੱਡੇ ਸਕੋਰ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਬੇਹੰਦ ਖ਼ਰਾਬ ਰਹੀ। ਆਰਸੀਬੀ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਪਹਿਲੇ ਹੀ ਓਵਰ ਵਿੱਚ ਪ੍ਰਿਆਂਸ਼ ਆਰਿਆ ਨੂੰ 0 ‘ਤੇ ਆਊਟ ਕਰਕੇ ਪੰਜਾਬ ਨੂੰ ਵੱਡਾ ਝਟਕਾ ਦਿੱਤਾ। ਇਸ ਤੋਂ ਤੁਰੰਤ ਬਾਅਦ ਪ੍ਰਭਸਿਮਰਨ ਸਿੰਘ ਵੀ ਮਹਿਜ਼ 2 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ। ਸ਼ੁਰੂਆਤੀ ਝਟਕਿਆਂ ਕਾਰਨ ਪੰਜਾਬ ਦੀ ਟੀਮ ਪੂਰੇ ਮੈਚ ਦੌਰਾਨ ਦਬਾਅ ‘ਚੋਂ ਬਾਹਰ ਨਹੀਂ ਆ ਸਕੀ। ਕਪਤਾਨ ਸ਼੍ਰੇਅਸ ਅਈਅਰ ਵੀ ਬੱਲੇ ਨਾਲ ਫੇਲ੍ਹ ਰਹੇ ਅਤੇ ਸਿਰਫ਼ 1 ਦੌੜ ਹੀ ਬਣਾ ਸਕੇ।
ਇਹ ਵੀ ਪੜ੍ਹੋ
ਮੱਧਕ੍ਰਮ ਵਿੱਚ ਕੂਪਰ ਕਾਨਲੀ ਨੇ 37 ਦੌੜਾਂ, ਸੂਰਿਆਂਸ਼ ਸ਼ੈਡਗੇ ਨੇ 35 ਦੌੜਾਂ ਅਤੇ ਮਾਰਕਸ ਸਟੋਇਨਿਸ ਨੇ 37 ਦੌੜਾਂ ਬਣਾ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਲੋੜੀਂਦੀ ਰਨ ਰੇਟ ਲਗਾਤਾਰ ਵਧਦੀ ਗਈ। ਆਖਰੀ ਓਵਰਾਂ ਵਿੱਚ ਸ਼ਸ਼ਾਂਕ ਸਿੰਘ ਨੇ 27 ਗੇਂਦਾਂ ਵਿੱਚ 55 ਦੌੜਾਂ ਦੀ ਤੂਫ਼ਾਨੀ ਪਾਰੀ ਖੇਡ ਕੇ ਮੈਚ ਵਿੱਚ ਰੋਮਾਂਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੂਜੇ ਪਾਸੇ ਤੋਂ ਸਹਿਯੋਗ ਨਾ ਮਿਲਣ ਕਾਰਨ ਪੰਜਾਬ ਕਿੰਗਜ਼ 20 ਓਵਰਾਂ ਵਿੱਚ 199 ਦੌੜਾਂ (8 ਵਿਕਟਾਂ ਦੇ ਨੁਕਸਾਨ ‘ਤੇ) ਹੀ ਬਣਾ ਸਕੀ ਅਤੇ 23 ਦੌੜਾਂ ਨਾਲ ਮੈਚ ਹਾਰ ਗਈ।
