IND vs NZ: ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਦਾ ਦਬਦਬਾ, ਨਿਊਜ਼ੀਲੈਂਡ ਨੂੰ 4-1 ਨਾਲ ਹਰਾ ਕੇ ਸੀਰੀਜ਼ ਕੀਤੀ ਆਪਣੇ ਨਾਮ
IND vs NZ: ਟੀ-20 ਵਰਲਡ ਕੱਪ 2026 ਦੇ ਆਗਾਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਆਪਣੀ ਆਖਰੀ ਤਿਆਰੀ ਵਜੋਂ ਨਿਊਜ਼ੀਲੈਂਡ ਵਿਰੁੱਧ ਖੇਡੀ ਗਈ ਸੀਰੀਜ਼ 'ਤੇ ਸ਼ਾਨਦਾਰ ਕਬਜ਼ਾ ਕਰ ਲਿਆ ਹੈ। 5 ਮੈਚਾਂ ਦੀ ਇਸ ਟੀ-20 ਸੀਰੀਜ਼ ਵਿੱਚ ਟੀਮ ਇੰਡੀਆ ਨੇ ਮਹਿਮਾਨ ਟੀਮ ਨੂੰ 4-1 ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।
ਵਰਲਡ ਕੱਪ ਤੋਂ ਪਹਿਲਾਂ ਭਾਰਤ ਦਾ ਦਬਦਬਾ, ਨਿਊਜ਼ੀਲੈਂਡ ਨੂੰ 4-1 ਨਾਲ ਹਰਾਇਆ
ਟੀ-20 ਵਰਲਡ ਕੱਪ 2026 ਦੇ ਆਗਾਜ਼ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੇ ਆਪਣੀ ਆਖਰੀ ਤਿਆਰੀ ਵਜੋਂ ਨਿਊਜ਼ੀਲੈਂਡ ਵਿਰੁੱਧ ਖੇਡੀ ਗਈ ਸੀਰੀਜ਼ ‘ਤੇ ਸ਼ਾਨਦਾਰ ਕਬਜ਼ਾ ਕਰ ਲਿਆ ਹੈ। 5 ਮੈਚਾਂ ਦੀ ਇਸ ਟੀ-20 ਸੀਰੀਜ਼ ਵਿੱਚ ਟੀਮ ਇੰਡੀਆ ਨੇ ਮਹਿਮਾਨ ਟੀਮ ਨੂੰ 4-1 ਦੇ ਵੱਡੇ ਅੰਤਰ ਨਾਲ ਹਰਾ ਕੇ ਆਪਣੀ ਤਾਕਤ ਦਾ ਲੋਹਾ ਮਨਵਾਇਆ।
ਭਾਰਤ ਨੇ ਪਹਿਲੇ ਤਿੰਨ ਮੈਚ ਲਗਾਤਾਰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰ ਲਈ ਸੀ, ਹਾਲਾਂਕਿ ਚੌਥੇ ਮੈਚ ਵਿੱਚ ਕੀਵੀ ਟੀਮ ਵਾਪਸੀ ਕਰਨ ਵਿੱਚ ਕਾਮਯਾਬ ਰਹੀ। ਪਰ ਭਾਰਤ ਨੇ ਸੀਰੀਜ਼ ਦਾ ਅੰਤ ਇੱਕ ਵੱਡੀ ਅਤੇ ਯਾਦਗਾਰ ਜਿੱਤ ਨਾਲ ਕੀਤਾ। ਸੀਰੀਜ਼ ਦਾ ਆਖਰੀ ਮੁਕਾਬਲਾ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ਵਿੱਚ ਖੇਡਿਆ ਗਿਆ, ਜਿਸ ਨੂੰ ਭਾਰਤ ਨੇ 46 ਦੌੜਾਂ ਨਾਲ ਜਿੱਤਿਆ।
ਟੀਮ ਇੰਡੀਆ ਨੇ ਖੜ੍ਹਾ ਕੀਤਾ ਦੌੜਾਂ ਦਾ ਪਹਾੜ
ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਇਸ ਅਹਿਮ ਮੈਚ ਵਿੱਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਦਾਰੋਮਦਾਰ ਸੰਭਾਲਿਆ। ਭਾਰਤੀ ਬੱਲੇਬਾਜ਼ਾਂ ਨੇ ਧਮਾਕੇਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ 271 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕਰ ਦਿੱਤਾ।
ਭਾਰਤੀ ਪਾਰੀ ਦੀ ਸ਼ੁਰੂਆਤ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਨੇ ਕੀਤੀ, ਪਰ 42 ਦੌੜਾਂ ਦੇ ਸਕੋਰ ਤੱਕ ਦੋਵੇਂ ਸਲਾਮੀ ਬੱਲੇਬਾਜ਼ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਈਸ਼ਾਨ ਕਿਸ਼ਨ ਨੇ ਤੂਫ਼ਾਨੀ ਬੱਲੇਬਾਜ਼ੀ ਕੀਤੀ ਅਤੇ ਮਹਿਜ਼ 43 ਗੇਂਦਾਂ ਵਿੱਚ 103 ਦੌੜਾਂ ਬਣਾ ਕੇ ਆਪਣਾ ਸ਼ਾਨਦਾਰ ਸੈਂਕੜਾ ਪੂਰਾ ਕੀਤਾ। ਕਿਸ਼ਨ ਦੀ ਇਸ ਪਾਰੀ ਵਿੱਚ 6 ਚੌਕੇ ਅਤੇ 10 ਅਸਮਾਨੀ ਛੱਕੇ ਸ਼ਾਮਲ ਸਨ।
ਕਪਤਾਨ ਸੂਰਿਆਕੁਮਾਰ ਯਾਦਵ ਨੇ ਵੀ ਕਪਤਾਨੀ ਪਾਰੀ ਖੇਡਦਿਆਂ 30 ਗੇਂਦਾਂ ਵਿੱਚ 63 ਦੌੜਾਂ ਬਣਾਈਆਂ, ਜਦਕਿ ਹਾਰਦਿਕ ਪੰਡਿਆ ਨੇ ਅੰਤ ਵਿੱਚ 17 ਗੇਂਦਾਂ ‘ਤੇ 42 ਦੌੜਾਂ ਦੀ ਤੇਜ਼-ਤਰਾਰ ਪਾਰੀ ਖੇਡੀ। ਦੂਜੇ ਪਾਸੇ ਨਿਊਜ਼ੀਲੈਂਡ ਦੇ ਗੇਂਦਬਾਜ਼ ਲੋਕੀ ਫਰਗੂਸਨ ਅਤੇ ਕਾਇਲ ਜੈਮੀਸਨ ਨੇ ਸਭ ਤੋਂ ਵੱਧ 2-2 ਵਿਕਟਾਂ ਤਾਂ ਲਈਆਂ, ਪਰ ਉਹ ਭਾਰਤੀ ਬੱਲੇਬਾਜ਼ਾਂ ਦੀ ਰਫ਼ਤਾਰ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ।
ਇਹ ਵੀ ਪੜ੍ਹੋ
ਅਰਸ਼ਦੀਪ ਸਿੰਘ ਨੇ ਖੋਲ੍ਹਿਆ ‘ਪੰਜਾ’
272 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਕਾਫ਼ੀ ਹਮਲਾਵਰ ਰਹੀ। ਫਿਨ ਐਲਨ ਨੇ 38 ਗੇਂਦਾਂ ਵਿੱਚ 80 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਰਚਿਨ ਰਵਿੰਦਰਾ ਨੇ ਵੀ 17 ਗੇਂਦਾਂ ਵਿੱਚ 30 ਦੌੜਾਂ ਜੋੜੀਆਂ ਅਤੇ ਦੋਵਾਂ ਨੇ ਦੂਜੀ ਵਿਕਟ ਲਈ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਪਰ ਜਿਵੇਂ ਹੀ ਇਹ ਸਾਂਝੇਦਾਰੀ ਟੁੱਟੀ, ਭਾਰਤੀ ਗੇਂਦਬਾਜ਼ ਕੀਵੀ ਬੱਲੇਬਾਜ਼ਾਂ ‘ਤੇ ਹਾਵੀ ਹੋ ਗਏ।
ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਕਹਿਰ ਢਾਉਂਦਿਆਂ 5 ਵਿਕਟਾਂ ਝਟਕਾਈਆਂ, ਜਿਸ ਨੂੰ ਕ੍ਰਿਕਟ ਦੀ ਭਾਸ਼ਾ ਵਿੱਚ ‘ਪੰਜਾ ਖੋਲ੍ਹਣਾ’ ਕਿਹਾ ਜਾਂਦਾ ਹੈ। ਅਕਸ਼ਰ ਪਟੇਲ ਨੇ 3 ਅਤੇ ਵਰੁਣ ਚੱਕਰਵਰਤੀ ਨੇ 1 ਵਿਕਟ ਲੈ ਕੇ ਨਿਊਜ਼ੀਲੈਂਡ ਦੀ ਪਾਰੀ ਨੂੰ ਸਮੇਟ ਦਿੱਤਾ। ਪੂਰੀ ਕੀਵੀ ਟੀਮ 19.4 ਓਵਰਾਂ ਵਿੱਚ 225 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਅਤੇ ਭਾਰਤ ਨੇ ਇਹ ਮੈਚ 46 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-1 ਨਾਲ ਆਪਣੇ ਨਾਮ ਕਰ ਲਈ।
