ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾਇਆ Punjabi news - TV9 Punjabi

ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਆਸਟਰੇਲਿਆਈ ਬੱਲੇਬਾਜ਼ ਢੇਰ

Updated On: 

20 Feb 2023 09:56 AM

ਭਾਰਤੀ ਟੀਮ ਦੀ ਆਸਟਰੇਲੀਆ ਦੇ ਖ਼ਿਲਾਫ਼ ਕ੍ਰਿਕੇਟ ਦੇ ਤਿੰਨਾਂ ਫ਼ੋਰਮੇਟਾਂ ਵਿੱਚ ਇਹ 100ਵੀਂ ਜਿੱਤ ਹੈ। ਇਸ ਦੇ ਨਾਲ ਹੀ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਟਿਕਟ ਲਗਭਗ ਪੱਕੀ ਕਰ ਲਾਇ ਹੈ

ਰਵਿੰਦਰ ਜਡੇਜਾ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਆਸਟਰੇਲਿਆਈ ਬੱਲੇਬਾਜ਼ ਢੇਰ
Follow Us On

ਨਵੀਂ ਦਿੱਲੀ: ਭਾਰਤ ਨੇ ਆਸਟਰੇਲੀਆ ਨੂੰ ਦੂਜੇ ਟੈਸਟ ਮੈਚ ਵਿੱਚ ਐਤਵਾਰ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਖੇਡ ਦੇ ਤੀਜੇ ਦਿਨ ਐਤਵਾਰ ਨੂੰ ਭਾਰਤ ਨੇ ਆਸਟਰੇਲੀਆ ਦੀ ਟੀਮ ਨੂੰ ਦੂਜੀ ਪਾਰੀ ਵਿੱਚ 113 ਦੌੜਾਂ ਤੇ ਹੀ ਸਮੇਟ ਦਿੱਤਾ ਸੀ ਅਤੇ ਭਾਰਤ ਨੂੰ ਇਹ ਮੈਚ ਜਿੱਤਣ ਲਈ 115 ਦੋੜਾਂ ਦੀ ਲੋੜ ਸੀ। ਰਵਿੰਦਰ ਜਡੇਜਾ ਨੇ ਸਿਰਫ਼ 12.1 ਓਵਰਾਂ ਵਿੱਚ 42 ਦੌੜਾਂ ਦੇ ਕੇ
ਆਸਟਰੇਲੀਆ ਦੇ 7 ਖਿਡਾਰੀ ਆਊਟ ਕੀਤੇ ਜਦੋਂ ਕਿ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ 3 ਖਿਡਾਰੀਆਂ ਨੂੰ ਆਊਟ ਕੀਤਾ। ਆਪਣਾ 100ਵਾਂ ਟੈਸਟ ਮੈਚ ਖੇਡ ਰਹੇ ਚੇਤੇਸ਼ਵਰ ਪੁਜਾਰਾ ਨੇ ਚੌਕੇ ਨਾਲ ਭਾਰਤ ਨੂੰ ਜਿੱਤ ਦਿਵਾਈ। ਉਹ 31 ਦੌੜਾਂ ਬਣਾ ਕੇ ਨਾਬਾਦ ਰਿਹਾ। ਭਾਰਤੀ ਟੀਮ ਦੀ ਆਸਟਰੇਲੀਆ ਦੇ ਖ਼ਿਲਾਫ਼ ਕ੍ਰਿਕੇਟ ਦੇ ਤਿੰਨਾਂ ਫ਼ੋਰਮੇਟਾਂ ਵਿੱਚ ਇਹ 100ਵੀਂ ਜਿੱਤ ਹੈ। ਇਸ ਦੇ ਨਾਲ ਹੀ ਭਾਰਤ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਟਿਕਟ ਲਗਭਗ ਪੱਕੀ ਕਰਨ ਦੇ ਨਾਲ-ਨਾਲ ਬਾਰਡਰ-ਗਾਵਸਕਰ ਟਰਾਫੀ ਆਪਣੇ ਕੋਲ ਰੱਖਣ ਦਾ ਵੀ ਹੱਕ ਹਾਸਲ ਕਰ ਲਿਆ।

ਕਪਤਾਨ ਰੋਹਿਤ ਸ਼ਰਮਾ (31) ਤੇ ਚੇਤੇਸ਼ਵਰ ਪੁਜਾਰਾ (31 ਨਾਬਾਦ) ਦਾ ਵੱਡਾ ਰੋਲ

ਕਪਤਾਨ ਰੋਹਿਤ ਸ਼ਰਮਾ (31) ਤੇ ਚੇਤੇਸ਼ਵਰ ਪੁਜਾਰਾ (31 ਨਾਬਾਦ) ਨੇ ਟੀਮ ਇੰਡਆ ਨੂੰ ਜਿੱਤ ਲਈ 115 ਦੌੜਾਂ ਦੇ ਟੀਚੇ ਤਕ ਪਹੁੰਚਾਣ ਵਿੱਚ ਵੱਡਾ ਰੋਲ ਨਿਭਾਇਆ ਤੇ ਭਾਰਤੀ ਟੀਮ ਨੇ ਜਿੱਤ ਦਰਜ ਕੀਤੀ। ਇਸ ਦੇ ਨਾਲ ਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿੱਚ ਭਾਰਤ 2-0 ਨਾਲ ਅੱਗੇ ਹੋ ਗਿਆ ਹੈ। ਸੀਰੀਜ਼ ਦਾ ਤੀਜਾ ਟੈਸਟ ਮੈਚ 1 ਮਾਰਚ ਨੂੰ ਇੰਦੋਰ ਵਿੱਚ
ਖੇਡਿਆ ਜਾਵੇਗਾ।

ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ 25 ਹਜ਼ਾਰ ਦੌੜਾਂ ਬਣਾਈਆਂ

ਦੂਜੇ ਟੈਸਟ ਮੈਚ ਵਿੱਚ ਵਿਰਾਟ ਕੋਹਲੀ ਨੇ ਸਭ ਤੋਂ ਵੱਧ ਤੇਜ਼ੀ ਨਾਲ 25,000 ਦੌੜਾਂ ਬਣਾਉਣ ਦਾ ਨਵਾਂ ਰਿਕਾਰਡ ਕਾਇਮ ਕੀਤਾ। ਵਿਰਾਟ ਇਹ ਟੀਚਾ ਹਾਸਲ ਕਰਨ ਵਾਲਾ ਵਿਸ਼ਵ ਦਾ ਛੇਵਾਂ ਖਿਡਾਰੀ ਬਣ ਗਿਆ। ਜਦੋਂ ਮੈਚ ਜਿੱਤਣ ਲਈ ਟੀਮ ਇੰਡਿਆ 115 ਦੌੜਾਂ ਦਾ ਪਿੱਛਾ ਕਰ ਰਹੀ ਸੀ, ਤਾਂ 8 ਦੌੜਾਂ ਤੇ ਬੱਲੇਬਾਜ਼ੀ ਕਰ ਰਹੇ ਕੋਹਲੀ ਨੇ ਪਾਰੀ ਦੇ 12ਵੇਂ ਓਵਰ ਵਿੱਚ ਨਾਥਨ ਲਿਓਨ ਖ਼ਿਲਾਫ਼ ਚੌਕਾ ਮਾਰ ਕੇ ਇਹ ਟੀਚਾ ਹਾਸਲ ਕੀਤਾ। ਕੋਹਲੀ ਦੇ ਕਰੀਅਰ ਦਾ ਇਹ 492ਵਾਂ ਇੰਟਰਨੈਸ਼ਨਲ ਮੈਚ ਸੀ। ਇਸ ਮੁਕਾਬਲੇ ਤੋਂ ਪਹਿਲਾਂ ਉਹ 25,000 ਦੌੜਾਂ ਦੇ ਅੰਕੜੇ ਤੋਂ 52 ਦੌੜਾਂ ਦੂਰ ਸੀ। ਉਸ ਨੇ ਪਹਿਲੀ ਪਾਰੀ ਵਿੱਚ 44 ਜਦਕਿ ਦੂਜੀ ਪਾਰੀ ਵਿੱਚ 20 ਦੌੜਾਂ ਬਣਾਈਆਂ। ਕੋਹਲੀ ਦੇ ਨਾਂ ਹੁਣ 25,012 ਇੰਟਰਨੈਸ਼ਨਲ ਦੌੜਾਂ ਹਨ।

ਜੈ ਸ਼ਾਹ ਨੇ ਟਵਿੱਟਰ ਤੇ ਲਿਖਿਆ

ਭਾਰਤੀ ਕ੍ਰਿਕਟ ਬੋਰਡ ਨੇ ਉਸ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ, ‘ਇੱਕ ਹੋਰ ਵੱਡੀ ਪ੍ਰਾਪਤੀ। ਇੰਟਰਨੈਸ਼ਨਲ ਕ੍ਰਿਕੇਟ ਚ 25,000 ਦੌੜਾਂ ਪੂਰੀਆਂ ਕਰਨ ਤੇ ਵਿਰਾਟ ਕੋਹਲੀ ਨੂੰ ਵਧਾਈ। ਇਹ ਬੇਹੱਦ ਖਾਸ ਹੈ।’ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਟਵਿੱਟਰ ਤੇ ਲਿਖਿਆ, ‘ਵਿਰਾਟ ਕੋਹਲੀ ਨੂੰ ਸਭ ਤੋਂ ਵੱਧ ਤੇਜ਼ੀ ਨਾਲ 25,000 ਇੰਟਰਨੈਸ਼ਨਲ ਦੌੜਾਂ ਪੂਰੀਆਂ ਕਰਨ ਲਈ ਵਧਾਈ।’
ਕੋਹਲੀ ਦੀਆਂ 106 ਟੈਸਟ ਮੈਚਾਂ ਵਿੱਚ 8195 ਦੌੜਾਂ, 271 ਵਨ- ਡੇ ਮੈਚਾਂ ਚ 12809 ਦੌੜਾਂ ਅਤੇ 115 ਟੀ20 ਮੈਚਾਂ ਵਿੱਚ 4008 ਦੌੜਾਂ ਹਨ। ਕੋਹਲੀ ਤੋਂ ਪਹਿਲਾਂ ਸਚਿਨ ਤੇਂਦੁਲਕਰ (664 ਮੈਚਾਂ ਵਿੱਚ 34357 ਦੌੜਾਂ), ਸ੍ਰੀਲੰਕਾ ਦਾ ਕੁਮਾਰ ਸੰਗਾਕਾਰਾ (594 ਮੈਚਾਂ ਵਿੱਚ 28016 ਦੌੜਾਂ) ਤੇ ਮਹੇਲਾ ਜੈਵਰਧਨੇ (652 ਮੈਚਾਂ ਵਿੱਚ 25957 ਦੌੜਾਂ), ਆਸਟਰੇਲੀਆ ਦਾ ਰਿਕੀ ਪੌਂਟਿੰਗ (560 ਮੈਚਾਂ ਵਿੱਚ 27483 ਦੌੜਾਂ) ਅਤੇ ਦੱਖਣੀ ਅਫਰੀਕਾ ਦਾ ਜੈਕਸ ਕੈਲਿਸ (519 ਮੈਚਾਂ ਵਿੱਚ 25534 ਦੌੜਾਂ) ਇਸ ਟੀਚੇ ਨੂੰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ।

Exit mobile version