ਘਰ ‘ਚ ਟੀਮ ਇੰਡੀਆ ਦੀ ਖਤਮ ਸਰਦਾਰੀ, 12 ਟੈਸਟ ਸੀਰੀਜ਼ ‘ਚ ਮਿਲੀ ਹਾਰ
ਟੀਮ ਇੰਡੀਆ ਨੂੰ ਨਿਊਜ਼ੀਲੈਂਡ ਖਿਲਾਫ ਪੁਣੇ ਟੈਸਟ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ ਹੀ ਭਾਰਤੀ ਟੀਮ ਸੀਰੀਜ਼ ਵੀ ਹਾਰ ਗਈ। ਪਿਛਲੇ 12 ਸਾਲਾਂ 'ਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਇੰਡੀਆ ਘਰ 'ਤੇ ਟੈਸਟ ਸੀਰੀਜ਼ ਹਾਰੀ ਹੈ। ਇਸ ਦੇ ਨਾਲ ਹੀ ਭਾਰਤ ਵਿੱਚ ਨਿਊਜ਼ੀਲੈਂਡ ਦੀ ਇਹ ਪਹਿਲੀ ਟੈਸਟ ਸੀਰੀਜ਼ ਜਿੱਤ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ 3 ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਸੰਘ ਮੈਦਾਨ ‘ਤੇ ਖੇਡਿਆ ਗਿਆ। ਟੀਮ ਇੰਡੀਆ ਨੂੰ ਇਸ ਮੈਚ ‘ਚ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਇਹ ਟੈਸਟ ਸੀਰੀਜ਼ ਵੀ ਹਾਰ ਗਈ। ਨਿਊਜ਼ੀਲੈਂਡ ਨੇ ਸੀਰੀਜ਼ ‘ਚ ਇਤਿਹਾਸ ਰਚਿਆ ਹੈ ਅਤੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਇਸ ਦੇ ਨਾਲ ਹੀ ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਭਾਰਤ ਨੂੰ ਆਪਣੇ ਹੀ ਘਰ ‘ਤੇ ਟੈਸਟ ਸੀਰੀਜ਼ ‘ਚ ਹਰਾਇਆ ਹੈ। ਇਸ ਦੇ ਨਾਲ ਹੀ ਟੀਮ ਇੰਡੀਆ ਦੀ ਭਾਰਤ ‘ਚ ਲਗਾਤਾਰ ਟੈਸਟ ਸੀਰੀਜ਼ ਜਿੱਤਣ ਦਾ ਸਿਲਸਿਲਾ ਵੀ ਟੁੱਟ ਗਿਆ ਹੈ।
ਇਹ ਹਾਰ ਟੀਮ ਇੰਡੀਆ ਲਈ ਬਹੁਤ ਦੁਖਦਾਈ ਹੈ। ਦਰਅਸਲ, ਭਾਰਤ ਨੇ 12 ਸਾਲ ਬਾਅਦ ਘਰੇਲੂ ਮੈਦਾਨ ‘ਤੇ ਟੈਸਟ ਸੀਰੀਜ਼ ਹਾਰੀ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ 2012-13 ਦੇ ਭਾਰਤ ਦੌਰੇ ਦੌਰਾਨ ਟੀਮ ਇੰਡੀਆ ਨੂੰ ਟੈਸਟ ਸੀਰੀਜ਼ ‘ਚ ਹਰਾਇਆ ਸੀ। ਉਦੋਂ ਤੋਂ ਭਾਰਤੀ ਟੀਮ ਦਾ ਘਰੇਲੂ ਮੈਦਾਨ ‘ਤੇ ਦਬਦਬਾ ਸੀ। ਉਸ ਨੇ ਲਗਾਤਾਰ 18 ਸੀਰੀਜ਼ ਜਿੱਤੀਆਂ ਸਨ ਪਰ ਹੁਣ ਇਹ ਜਿੱਤ ਦਾ ਸਿਲਸਿਲਾ ਰੁਕ ਗਿਆ ਹੈ। ਇਸ ਦੇ ਨਾਲ ਹੀ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਟੀਮ ਇੰਡੀਆ ਆਪਣੇ ਘਰ ‘ਤੇ ਚੌਥਾ ਟੈਸਟ ਮੈਚ ਹਾਰ ਗਈ ਹੈ। ਉਹ ਹੁਣ ਸਾਂਝੇ ਤੌਰ ‘ਤੇ ਭਾਰਤ ‘ਚ ਸਭ ਤੋਂ ਵੱਧ ਟੈਸਟ ਮੈਚ ਹਾਰਨ ਵਾਲਾ ਦੂਜਾ ਭਾਰਤੀ ਕਪਤਾਨ ਬਣ ਗਿਆ ਹੈ।
ਭਾਰਤੀ ਬੱਲੇਬਾਜ਼ ਪੂਰੀ ਤਰ੍ਹਾਂ ਫਲਾਪ
ਇਸ ਮੈਚ ਵਿੱਚ ਨਿਊਜ਼ੀਲੈਂਡ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਜੋ ਸਹੀ ਵੀ ਸਾਬਤ ਹੋਇਆ। ਨਿਊਜ਼ੀਲੈਂਡ ਦੀ ਟੀਮ ਆਪਣੀ ਪਹਿਲੀ ਪਾਰੀ ‘ਚ 259 ਦੌੜਾਂ ਬਣਾਉਣ ‘ਚ ਸਫਲ ਰਹੀ। ਜਵਾਬ ‘ਚ ਭਾਰਤੀ ਟੀਮ ਆਪਣੀ ਪਹਿਲੀ ਪਾਰੀ ‘ਚ 156 ਦੌੜਾਂ ਹੀ ਬਣਾ ਸਕੀ। ਇਸ ਦੌਰਾਨ ਕੋਈ ਵੀ ਬੱਲੇਬਾਜ਼ 40 ਦੌੜਾਂ ਦੇ ਅੰਕੜੇ ਨੂੰ ਵੀ ਨਹੀਂ ਛੂਹ ਸਕਿਆ। ਇਸ ਤੋਂ ਬਾਅਦ ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 255 ਦੌੜਾਂ ਬਣਾਈਆਂ। ਅਜਿਹੇ ‘ਚ ਟੀਮ ਇੰਡੀਆ ਨੂੰ ਇਹ ਮੈਚ ਜਿੱਤਣ ਲਈ 359 ਦੌੜਾਂ ਦਾ ਟੀਚਾ ਸੀ। ਪਰ ਯਸ਼ਸਵੀ ਜੈਸਵਾਲ ਨੂੰ ਛੱਡ ਕੇ ਕੋਈ ਵੀ ਬੱਲੇਬਾਜ਼ ਇਸ ਪਾਰੀ ‘ਚ ਜ਼ਿਆਦਾ ਦੇਰ ਟਿਕ ਨਹੀਂ ਸਕਿਆ, ਜਿਸ ਕਾਰਨ ਭਾਰਤੀ ਟੀਮ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਆਪਣੀ ਦੂਜੀ ਪਾਰੀ ਵਿੱਚ ਸਿਰਫ਼ 245 ਦੌੜਾਂ ਹੀ ਬਣਾ ਸਕੀ ਅਤੇ ਟੀਚੇ ਤੋਂ 113 ਦੌੜਾਂ ਦੂਰ ਰਹੀ।
ਮਿਸ਼ੇਲ ਸੈਂਟਨਰ ਦੀ ਗੇਂਦਬਾਜ਼ੀ ਟੀਮ ਇੰਡੀਆ ‘ਤੇ ਭਾਰੀ
ਇਸ ਮੈਚ ਵਿੱਚ ਨਿਊਜ਼ੀਲੈਂਡ ਦੀ ਜਿੱਤ ਦੇ ਸਭ ਤੋਂ ਵੱਡੇ ਹੀਰੋ ਸਟਾਰ ਸਪਿਨਰ ਮਿਸ਼ੇਲ ਸੈਂਟਨਰ ਰਹੇ। ਉਸ ਨੇ ਪੁਣੇ ਦੀ ਪਿੱਚ ‘ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹ ਦੋਵੇਂ ਪਾਰੀਆਂ ‘ਚ 5 ਵਿਕਟਾਂ ਲੈਣ ‘ਚ ਕਾਮਯਾਬ ਰਹੇ। ਮਿਸ਼ੇਲ ਸੈਂਟਨਰ ਨੇ ਇਸ ਮੈਚ ਦੀ ਪਾਰੀ ਵਿੱਚ 53 ਦੌੜਾਂ ਦੇ ਕੇ 7 ਬੱਲੇਬਾਜ਼ਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਦੇ ਨਾਲ ਹੀ ਮਿਸ਼ੇਲ ਸੈਂਟਨਰ ਦਾ ਜਾਦੂ ਦੂਜੀ ਪਾਰੀ ਵਿੱਚ ਵੀ ਜਾਰੀ ਰਿਹਾ। ਉਸ ਨੇ ਇਸ ਪਾਰੀ ਵਿਚ ਵੀ 6 ਵਿਕਟਾਂ ਲਈਆਂ ਅਤੇ ਨਿਊਜ਼ੀਲੈਂਡ ਨੂੰ ਆਪਣੇ ਦਮ ‘ਤੇ ਜਿੱਤ ਦਿਵਾਉਣ ਵਿਚ ਕਾਮਯਾਬ ਰਿਹਾ।