ਮੈਨਚੈਸਟਰ ‘ਚ ‘ਮੈਜਿਕ’, ਟੀਮ ਇੰਡੀਆ ਦੇ ਹੌਸਲੇ ਦੇ ਸਾਹਮਣੇ ਇੰਗਲੈਂਡ ਦਾ ਸਰੈਂਡਰ, ਚੌਥਾ ਟੈਸਟ ਮੈਚ ਡਰਾਅ
IND vs ENG: ਇੰਗਲੈਂਡ ਨੇ ਇਸ ਮੈਚ 'ਚ ਟੀਮ ਇੰਡੀਆ 'ਤੇ 311 ਦੌੜਾਂ ਦੀ ਬੜ੍ਹਤ ਲੈ ਲਈ ਸੀ ਤੇ ਫਿਰ ਸਿਰਫ਼ 0 ਦੇ ਸਕੋਰ 'ਤੇ 2 ਵਿਕਟਾਂ ਲਈਆਂ। ਪਰ ਇਸ ਤੋਂ ਬਾਅਦ, ਟੀਮ ਇੰਡੀਆ ਨੇ ਜ਼ੋਰਦਾਰ ਵਾਪਸੀ ਕੀਤੀ ਤੇ ਮੈਚ ਨੂੰ ਡਰਾਅ 'ਤੇ ਲੈ ਗਿਆ।
ਟੀਮ ਇੰਡੀਆ ਦੇ ਹੌਸਲੇ ਦੇ ਸਾਹਮਣੇ ਇੰਗਲੈਂਡ ਦਾ ਸਰੈਂਡਰ (Image Credit source: PTI)
ਭਾਰਤੀ ਟੀਮ ਨੇ ਮੈਨਚੈਸਟਰ ਟੈਸਟ ‘ਚ ਹੈਰਾਨੀਜਨਕ ਵਾਪਸੀ ਕੀਤੀ ਤੇ ਇੰਗਲੈਂਡ ਨੂੰ ਡਰਾਅ ‘ਤੇ ਮਜਬੂਰ ਕਰ ਦਿੱਤਾ। ਟੈਸਟ ਮੈਚ ਦੇ ਆਖਰੀ ਦਿਨ, ਟੀਮ ਇੰਡੀਆ ਨੇ ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਸ਼ਾਨਦਾਰ ਸੈਂਕੜਿਆਂ ਦੇ ਜ਼ੋਰ ‘ਤੇ ਇੰਗਲੈਂਡ ਦੀ ਬੜ੍ਹਤ ਨੂੰ ਖਤਮ ਕਰ ਦਿੱਤਾ ਤੇ ਦਿਨ ਭਰ ਬੱਲੇਬਾਜ਼ੀ ਕਰਕੇ ਹਾਰ ਨੂੰ ਟਾਲ ਦਿੱਤਾ। ਓਲਡ ਟ੍ਰੈਫੋਰਡ ਵਿਖੇ ਚੌਥੇ ਦਿਨ, ਇੰਗਲੈਂਡ ਨੇ ਟੀਮ ਇੰਡੀਆ ‘ਤੇ 311 ਦੌੜਾਂ ਦੀ ਲੀਡ ਲੈ ਲਈ ਅਤੇ ਫਿਰ ਪਹਿਲੇ ਓਵਰ ‘ਚ ਹੀ ਦੋ ਵਿਕਟਾਂ ਲੈ ਲਈਆਂ। ਇੱਥੋਂ, ਟੀਮ ਇੰਡੀਆ ਦੀ ਹਾਰ ਯਕੀਨੀ ਜਾਪਦੀ ਸੀ, ਪਰ ਮੈਚ ਦੇ ਆਖਰੀ 5 ਸੈਸ਼ਨਾਂ ‘ਚ, ਸ਼ੁਭਮਨ ਗਿੱਲ, ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਦੇ ਸੈਂਕੜਿਆਂ ਦੇ ਨਾਲ-ਨਾਲ ਕੇਐਲ ਰਾਹੁਲ ਦੀਆਂ ਯਾਦਗਾਰੀ ਪਾਰੀਆਂ ਨੇ ਟੀਮ ਇੰਡੀਆ ਨੂੰ ਹਾਰ ਤੋਂ ਬਚਾਇਆ।
ਗਿੱਲ ਦਾ ਸੈਂਕੜਾ, ਪਰ ਰਾਹੁਲ ਖੁੰਝ ਗਏ
ਟੀਮ ਇੰਡੀਆ, ਜੋ ਪਹਿਲਾਂ ਹੀ ਟੈਸਟ ਸੀਰੀਜ਼ ‘ਚ 1-2 ਨਾਲ ਪਿੱਛੇ ਸੀ, ਸੀਰੀਜ਼ ਹਾਰਨ ਦੇ ਖ਼ਤਰੇ ਦਾ ਸਾਹਮਣਾ ਕਰ ਰਹੀ ਸੀ। ਚੌਥੇ ਦਿਨ, ਕਪਤਾਨ ਗਿੱਲ ਤੇ ਰਾਹੁਲ ਨੇ ਮਿਲ ਕੇ 174 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ ਤੇ ਟੀਮ ਇੰਡੀਆ ਲਈ ਡਰਾਅ ਦੀ ਉਮੀਦ ਜਗਾਈ। ਪਰ ਆਖਰੀ ਦਿਨ, 137 ਦੌੜਾਂ ਦੀ ਲੀਡ ਅਜੇ ਖਤਮ ਨਹੀਂ ਹੋਈ ਸੀ ਤੇ ਦਿਨ ਦੇ ਪਹਿਲੇ ਸੈਸ਼ਨ ‘ਚ ਹੀ, ਬੇਨ ਸਟੋਕਸ ਨੇ ਰਾਹੁਲ (90) ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ, ਜੋ ਸਿਰਫ 10 ਦੌੜਾਂ ਨਾਲ ਆਪਣਾ ਸੈਂਕੜਾ ਬਣਾਉਣ ਤੋਂ ਖੁੰਝ ਗਏ। ਇਸ ਦੇ ਨਾਲ ਹੀ, ਕਪਤਾਨ ਗਿੱਲ ਨੇ ਹੱਥ ਤੇ ਸਿਰ ‘ਤੇ ਸੱਟ ਲੱਗਣ ਤੋਂ ਬਾਅਦ ਵੀ ਮੋਰਚਾ ਸੰਭਾਲਿਆ।
ਮੁਸ਼ਕਲ ਹਾਲਾਤਾਂ ਨਾਲ ਜੂਝ ਰਹੇ ਭਾਰਤੀ ਕਪਤਾਨ ਗਿੱਲ ਨੇ ਇਸ ਸੀਰੀਜ਼ ‘ਚ ਆਪਣਾ ਚੌਥਾ ਸੈਂਕੜਾ ਵੀ ਪੂਰਾ ਕੀਤਾ। ਹਾਲਾਂਕਿ, ਪਹਿਲੇ ਸੈਸ਼ਨ ਦੇ ਅੰਤ ਤੋਂ ਠੀਕ ਪਹਿਲਾਂ, ਜੋਫਰਾ ਆਰਚਰ ਨੇ ਗਿੱਲ (102) ਨੂੰ ਆਊਟ ਕਰਕੇ ਟੀਮ ਇੰਡੀਆ ਨੂੰ ਮੁਸ਼ਕਲ ‘ਚ ਪਾ ਦਿੱਤਾ। ਇਹ ਉਹ ਪਲ ਆਇਆ, ਜੋ ਇੰਗਲੈਂਡ ਲਈ ਘਾਤਕ ਸਾਬਤ ਹੋਇਆ। ਕ੍ਰੀਜ਼ ‘ਤੇ ਆਏ ਨਵੇਂ ਬੱਲੇਬਾਜ਼ ਰਵਿੰਦਰ ਜਡੇਜਾ ਪਹਿਲੀ ਹੀ ਗੇਂਦ ‘ਤੇ ਸਲਿੱਪ ‘ਚ ਕੈਚ ਆਉਟ ਹੋਣ ਹੀ ਲੱਗੇ ਸੀ, ਪਰ ਟੈਸਟ ਕ੍ਰਿਕਟ ‘ਚ ਸਭ ਤੋਂ ਵੱਧ ਕੈਚ ਲੈਣ ਵਾਲੇ ਫੀਲਡਰ ਜੋ ਰੂਟ ਨੇ ਇਹ ਮੌਕਾ ਗੁਆ ਦਿੱਤਾ।
ਜਡੇਜਾ-ਸੁੰਦਰ ਨੇ ਗਲਤੀ ਦੀ ਸਜ਼ਾ ਦਿੱਤੀ
ਟੀਮ ਇੰਡੀਆ ਉਸ ਸਮੇਂ ਇੰਗਲੈਂਡ ਤੋਂ 89 ਦੌੜਾਂ ਪਿੱਛੇ ਸੀ, ਪਰ ਇਹ ਇੰਗਲੈਂਡ ਲਈ ਆਖਰੀ ਮੌਕਾ ਸਾਬਤ ਹੋਇਆ। ਇਸ ਤੋਂ ਬਾਅਦ, ਜਡੇਜਾ ਅਤੇ ਸੁੰਦਰ ਨੇ ਅਗਲੇ ਦੋ ਸੈਸ਼ਨਾਂ ਲਈ ਬੱਲੇਬਾਜ਼ੀ ਕੀਤੀ ਤੇ ਇੰਗਲੈਂਡ ਤੋਂ ਜਿੱਤ ਖੋਹ ਲਈ। ਸੁੰਦਰ ਨੂੰ ਇਸ ਪਾਰੀ ‘ਚ ਜ਼ਖਮੀ ਰਿਸ਼ਭ ਪੰਤ ਦੀ ਜਗ੍ਹਾ ਅੱਗੇ ਬੱਲੇਬਾਜ਼ੀ ਕਰਨ ਲਈ ਉਤਾਰਿਆ ਗਿਆ ਤੇ ਇਸ ਨੌਜਵਾਨ ਆਲਰਾਊਂਡਰ ਨੇ ਆਪਣੇ ਆਪ ਨੂੰ ਸਾਬਤ ਕੀਤਾ। ਸੁੰਦਰ ਤੇ ਜਡੇਜਾ ਨੇ ਇਨ੍ਹਾਂ ਦੋ ਸੈਸ਼ਨਾਂ ‘ਚ ਕੁੱਲ 334 ਗੇਂਦਾਂ ਖੇਡੀਆਂ ਤੇ 203 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ ਇੰਡੀਆ 425 ਦੌੜਾਂ ਤੱਕ ਪਹੁੰਚ ਗਈ। ਦੋਵਾਂ ਨੇ ਆਖਰੀ ਸੈਸ਼ਨ ‘ਚ ਆਪਣੇ ਸੈਂਕੜੇ ਪੂਰੇ ਕੀਤੇ ਤੇ ਟੀਮ ਇੰਡੀਆ ਨੂੰ 114 ਦੌੜਾਂ ਦੀ ਲੀਡ ਦਿੱਤੀ, ਜਿਸ ਤੋਂ ਬਾਅਦ ਦੋਵੇਂ ਟੀਮਾਂ ਡਰਾਅ ਲਈ ਸਹਿਮਤ ਹੋ ਗਈਆਂ। ਜਡੇਜਾ (ਨਾਬਾਦ 107) ਨੇ ਆਪਣਾ ਪੰਜਵਾਂ ਅਤੇ ਸੁੰਦਰ (101 ਨਾਬਾਦ) ਨੇ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ।
