ਆਕਾਸ਼ ਦੀਪ ਬਾਹਰ! ਮੈਨਚੈਸਟਰ ਟੈਸਟ ‘ਚ ਇਹ ਹੋ ਸਕਦਾ ਹੈ ਟੀਮ ਇੰਡੀਆ ਦਾ ਗੇਂਦਬਾਜ਼ੀ ਲਾਈਨਅੱਪ
IND vs ENG: ਆਕਾਸ਼ ਦੀਪ ਬਾਰੇ ਵੱਡੀ ਖ਼ਬਰ ਆ ਰਹੀ ਹੈ। ਉਹ ਸੱਟ ਕਾਰਨ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਸਕਦੇ ਹਨ। ਇਸ ਨਾਲ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਇਸ ਦੌਰਾਨ, ਨੌਜਵਾਨ ਤੇਜ਼ ਗੇਂਦਬਾਜ਼ ਨੂੰ ਮੈਨਚੈਸਟਰ ਟੈਸਟ ਮੈਚ 'ਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਆਕਾਸ਼ ਦੀਪ (Photo-PTI)
ਆਕਾਸ਼ ਦੀਪ ਨੇ ਐਜਬੈਸਟਨ ਟੈਸਟ ਮੈਚ ‘ਚ ਟੀਮ ਇੰਡੀਆ ਦੀ ਜਿੱਤ ‘ਚ ਮਹੱਤਵਪੂਰਨ ਭੂਮਿਕਾ ਨਿਭਾਈ, ਪਰ ਉਹ ਲਾਰਡਜ਼ ਟੈਸਟ ਮੈਚ ‘ਚ ਆਪਣਾ ਪ੍ਰਦਰਸ਼ਨ ਦੁਹਰਾ ਨਹੀਂ ਸਕੇ ਤੇ ਸਿਰਫ਼ ਇੱਕ ਵਿਕਟ ਹੀ ਹਾਸਲ ਕੀਤੀ। ਹੁਣ ਮੈਨਚੈਸਟਰ ਟੈਸਟ ਮੈਚ ਤੋਂ ਪਹਿਲਾਂ, ਉਨ੍ਹਾਂ ਬਾਰੇ ਇੱਕ ਵੱਡੀ ਖ਼ਬਰ ਆ ਰਹੀ ਹੈ। ਆਕਾਸ਼ ਦੀਪ ਸੱਟ ਕਾਰਨ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਸਕਦੇ ਹਨ। ਉਨ੍ਹਾਂ ਦੀ ਜਗ੍ਹਾ ‘ਤੇ ਨੌਜਵਾਨ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਡੈਬਿਊ ਦਾ ਮੌਕਾ ਮਿਲ ਸਕਦਾ ਹੈ। ਜੇਕਰ ਆਕਾਸ਼ ਦੀਪ ਮੈਨਚੈਸਟਰ ‘ਚ ਨਹੀਂ ਖੇਡਦੇ ਹਨ ਤਾਂ ਮੁਹੰਮਦ ਸਿਰਾਜ ਜਸਪ੍ਰੀਤ ਬੁਮਰਾਹ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕਰ ਸਕਦੇ ਹਨ।
ਆਕਾਸ਼ ਦੀਪ ਜ਼ਖਮੀ
ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਆਕਾਸ਼ ਦੀਪ ਪਿੱਠ ਤੇ ਕਮਰ ਦੀ ਸੱਟ ਤੋਂ ਪੀੜਤ ਹਨ। ਇਸ ਕਾਰਨ, ਮੈਨਚੈਸਟਰ ਟੈਸਟ ਮੈਚ ‘ਚ ਉਨ੍ਹਾਂ ਦਾ ਖੇਡਣਾ ਕੁੱਝ ਸਾਫ਼ ਨਜ਼ਰ ਨਹੀਂ ਆ ਰਿਹਾ। ਲਾਰਡਜ਼ ਟੈਸਟ ਮੈਚ ਦੇ ਚੌਥੇ ਦਿਨ ਆਕਾਸ਼ ਦੀਪ ਨੂੰ ਪਿੱਠ ‘ਚ ਸੱਟ ਲੱਗ ਗਈ ਸੀ। ਉਹ ਮੈਦਾਨ ਤੋਂ ਲੰਗੜਾ ਕੇ ਬਾਹਰ ਨਿਕਲ ਗਏ ਤੇ ਬਾਅਦ ‘ਚ ਆਪਣੇ ਓਵਰ ਪੂਰੇ ਕਰਨ ਲਈ ਸੰਘਰਸ਼ ਕਰ ਰਹੇ ਸਨ।
ਰਿਪੋਰਟਾਂ ਅਨੁਸਾਰ, ਟੀਮ ਮੈਨਚੈਸਟਰ ਪਹੁੰਚਣ ‘ਤੇ ਆਕਾਸ਼ ਦੀਪ ਦਾ ਦਰਦ ਵਧ ਗਿਆ ਸੀ। ਅਜਿਹੀ ਸਥਿਤੀ ‘ਚ ਜਸਪ੍ਰੀਤ ਬੁਮਰਾਹ ਚੌਥੇ ਟੈਸਟ ਮੈਚ ‘ਚ ਖੇਡ ਸਕਦੇ ਹਨ। ਇਸ ਤੋਂ ਇਲਾਵਾ ਨੌਜਵਾਨ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਵੀ ਇਸ ਟੈਸਟ ਮੈਚ ‘ਚ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ।
ਬੁਮਰਾਹ ਦਾ ਚੌਥੇ ਟੈਸਟ ਮੈਚ ‘ਚ ਖੇਡਣਾ ਤੈਅ
ਟੀਮ ਇੰਡੀਆ ਦੇ ਸਹਾਇਕ ਕੋਚ ਰਿਆਨ ਟੈਨ ਡੇਸ਼ਕਾਟੇ ਨੇ ਇਸ ਹਫ਼ਤੇ ਦੇ ਸ਼ੁਰੂ ‘ਚ ਪੁਸ਼ਟੀ ਕੀਤੀ ਸੀ ਕਿ ਜਸਪ੍ਰੀਤ ਬੁਮਰਾਹ ਦਾ ਚੌਥੇ ਟੈਸਟ ਮੈਚ ‘ਚ ਖੇਡਣਾ ਲਗਭਗ ਤੈਅ ਹੈ, ਪਰ ਆਕਾਸ਼ ਦੀਪ ਪਿੱਠ ਦੀ ਸੱਟ ਤੋਂ ਪੀੜਤ ਹਨ। ਇੱਕ ਰਿਪੋਰਟ ਦੇ ਅਨੁਸਾਰ, ਬੁਮਰਾਹ ਤੇ ਆਕਾਸ਼ ਬਾਕੀ ਦੋ ਟੈਸਟ ਮੈਚਾਂ ‘ਚ ਇਕੱਠੇ ਨਹੀਂ ਖੇਡਣਗੇ। ਅਜਿਹੀ ਸਥਿਤੀ ‘ਚ, ਮੁਹੰਮਦ ਸਿਰਾਜ ਤੇ ਅੰਸ਼ੁਲ ਕੰਬੋਜ ਚੌਥੇ ਟੈਸਟ ਮੈਚ ‘ਚ ਬੁਮਰਾਹ ਦੇ ਨਾਲ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲ ਸਕਦੇ ਹਨ।
ਆਕਾਸ਼ ਦੀਪ ਆਖਰੀ ਟੈਸਟ ਮੈਚ ‘ਚ ਖੇਡ ਸਕਦੇ
ਰਿਪੋਰਟਾਂ ਦੇ ਅਨੁਸਾਰ, ਜੇਕਰ ਬੁਮਰਾਹ ਮੈਨਚੈਸਟਰ ‘ਚ ਖੇਡਦੇ ਹਨ ਤਾਂ ਆਕਾਸ਼ ਦੀਪ ਨੂੰ ਪੰਜਵੇਂ ਟੈਸਟ ‘ਚ ਉਨ੍ਹਾਂ ਦੀ ਜਗ੍ਹਾ ਸ਼ਾਮਲ ਕੀਤਾ ਜਾ ਸਕਦਾ ਹੈ। ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਹੈ ਕਿ ਇਹ ਪਹਿਲਾਂ ਹੀ ਤੈਅ ਕੀਤਾ ਗਿਆ ਸੀ ਕਿ ਬੁਮਰਾਹ ਸਿਰਫ਼ ਤਿੰਨ ਟੈਸਟ ਮੈਚ ਖੇਡਣਗੇ ਤੇ ਟੀਮ ਇਸ ‘ਤੇ ਕਾਇਮ ਰਹਿਣ ਦਾ ਇਰਾਦਾ ਰੱਖਦੀ ਹੈ।
ਇਹ ਵੀ ਪੜ੍ਹੋ
ਬੁਮਰਾਹ ਨੇ ਇੰਗਲੈਂਡ ਵਿਰੁੱਧ ਚੱਲ ਰਹੀ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਹੁਣ ਤੱਕ ਦੋ ਟੈਸਟ ਮੈਚ ਖੇਡੇ ਹਨ। ਅਜਿਹੀ ਸਥਿਤੀ ‘ਚ, ਉਹ ਪੰਜਵਾਂ ਟੈਸਟ ਮੈਚ ਖੇਡਣਗੇ ਜਾਂ ਨਹੀਂ, ਇਹ ਉਸ ਸਮੇਂ ਹੀ ਪਤਾ ਲੱਗੇਗਾ। ਅਰਸ਼ਦੀਪ ਸਿੰਘ ਦੇ ਹੱਥ ‘ਚ ਸੱਟ ਲੱਗੀ ਹੈ। ਇਸ ਕਾਰਨ, ਮੈਨਚੈਸਟਰ ਮੈਚ ਤੋਂ ਠੀਕ ਪਹਿਲਾਂ ਅੰਸ਼ੁਲ ਕੰਬੋਜ ਨੂੰ ਉਨ੍ਹਾਂ ਦੀ ਜਗ੍ਹਾ ਭਾਰਤੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
