Rohit Sharma: ਨਵੇਂ ਖਿਡਾਰੀਆਂ ਕਾਰਨ ਹਾਰ ਗਏ ਮੈਲਬੋਰਨ ਟੈਸਟ? ਰੋਹਿਤ ਸ਼ਰਮਾ ਨੇ ਦਿੱਤਾ ਹੈਰਾਨ ਕਰਨ ਵਾਲਾ ਬਿਆਨ
Rohit Sharma Statment After Deafeat: ਟੀਮ ਇੰਡੀਆ ਦੀ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਅਜੀਬ ਬਿਆਨ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੇਂ ਖਿਡਾਰੀ ਹੋਰ ਜ਼ਿਆਦਾ ਸਮਾਂ ਖੇਡ ਸਕਦੇ ਸਨ। ਉਨ੍ਹਾਂ ਨੇ ਆਪਣੀ ਖਰਾਬ ਬੱਲੇਬਾਜ਼ੀ 'ਤੇ ਕੋਈ ਬਿਆਨ ਨਹੀਂ ਦਿੱਤਾ।
ਆਸਟ੍ਰੇਲੀਆ ਖਿਲਾਫ ਮਿਲੀ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੁਝ ਅਜਿਹਾ ਕਿਹਾ ਹੈ ਜੋ ਸੱਚਮੁੱਚ ਹੈਰਾਨ ਕਰਨ ਵਾਲਾ ਹੈ। ਰੋਹਿਤ ਸ਼ਰਮਾ ਨੇ ਮੈਲਬੋਰਨ ਟੈਸਟ ‘ਚ ਹਾਰ ਤੋਂ ਬਾਅਦ ਕਿਹਾ ਕਿ ਉਹ ਮੈਚ ਜਿੱਤ ਸਕਦੇ ਸਨ, ਮੈਚ ਡਰਾਅ ਵੀ ਹੋ ਸਕਦਾ ਸੀ ਪਰ ਨੌਜਵਾਨ ਖਿਡਾਰੀਆਂ ਨੂੰ ਜ਼ਿਆਦਾ ਸਮਾਂ ਖੇਡਣਾ ਚਾਹੀਦਾ ਸੀ। ਰੋਹਿਤ ਨੇ ਇਕ ਹੀ ਇਸ਼ਾਰੇ ‘ਚ ਹਾਰ ਦਾ ਠੀਕਰਾ ਨੌਜਵਾਨ ਖਿਡਾਰੀਆਂ ‘ਤੇ ਮੜ੍ਹ ਦਿੱਤਾ। ਜਾਣੋ ਹਾਰ ਤੋਂ ਬਾਅਦ ਰੋਹਿਤ ਸ਼ਰਮਾ ਨੇ ਕੀ ਕਿਹਾ?
ਰੋਹਿਤ ਸ਼ਰਮਾ ਦਾ ਅਜੀਬ ਬਿਆਨ
ਰੋਹਿਤ ਸ਼ਰਮਾ ਨੇ ਮੈਚ ਤੋਂ ਬਾਅਦ ਕਿਹਾ, ‘ਜੇਕਰ ਤੁਸੀਂ ਮੈਚ ਹਾਰ ਜਾਂਦੇ ਹੋ ਤਾਂ ਜ਼ਿਆਦਾ ਦੁੱਖ ਹੁੰਦਾ ਹੈ। ਬੱਲੇਬਾਜ਼ਾਂ ਦੀ ਪਰਫਾਰਮੈਂਸ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ। ਸਾਡੇ ਕੋਲ ਮੌਕਾ ਸੀ ਕਿ ਅਸੀਂ ਮੈਚ ਜਿੱਤ ਸਕਦੇ ਸੀ। ਅਸੀਂ ਡਰਾਅ ਕਰਵਾ ਸਕਦੇ ਸੀ। ਅਸੀਂ ਕੋਸ਼ਿਸ਼ ਕੀਤੀ। ਜਿਨ੍ਹਾਂ ਨੇ ਦੌੜਾਂ ਬਣਾਈਆਂ ਉਹ ਜ਼ਿਆਦਾ ਸਮਾਂ ਖੇਡ ਸਕਦੇ ਸਨ ਪਰ ਉਹ ਹਾਲੇ ਨਵੇਂ ਹਨ, ਉਹ ਸਿੱਖਣਗੇ। ਇਸ ਹਾਰ ‘ਤੇ ਰੋਹਿਤ ਸ਼ਰਮਾ ਨੇ ਕਿਹਾ, ‘ਹਾਰ ਬਹੁਤ ਨਿਰਾਸ਼ਾਜਨਕ ਹੈ।’ ਅਸੀਂ ਅੰਤ ਤੱਕ ਲੜਨਾ ਚਾਹੁੰਦੇ ਸੀ ਪਰ ਅਜਿਹਾ ਨਹੀਂ ਹੋ ਸਕਿਆ। ਸਿਰਫ਼ ਆਖਰੀ ਸੈਸ਼ਨ ਹੀ ਨਹੀਂ, ਸਾਨੂੰ ਪੂਰੇ ਮੈਚ ‘ਚ ਦੇਖਣਾ ਹੋਵੇਗਾ ਕਿ ਗਲਤੀ ਕਿੱਥੇ ਹੋਈ। ਸਾਡੇ ਕੋਲ ਪੂਰੇ ਟੈਸਟ ਮੈਚ ਵਿੱਚ ਮੌਕੇ ਸਨ। ਅਸੀਂ ਆਸਟ੍ਰੇਲੀਆ ਨੂੰ ਮੈਚ ‘ਚ ਆਉਣ ਦਿੱਤਾ। ਇਕ ਸਮੇਂ ਆਸਟ੍ਰੇਲੀਆ ਦੀਆਂ 6 ਵਿਕਟਾਂ 90 ਦੌੜਾਂ ‘ਤੇ ਡਿੱਗ ਚੁੱਕੀਆਂ ਸਨ।
ਕੀ ਨਵੇਂ ਖਿਡਾਰੀਆਂ ਦੀ ਗਲਤੀ ਹੈ?
ਲੱਗਦਾ ਹੈ ਕਿ ਰੋਹਿਤ ਸ਼ਰਮਾ ਨੇ ਇਸ਼ਾਰਿਆਂ ਹੀ ਇਸ਼ਾਰਿਆਂ ‘ਚ ਯਸ਼ਸਵੀ ਜੈਸਵਾਲ ਅਤੇ ਰਿਸ਼ਭ ਪੰਤ ਤੇ ਇਹ ਬਿਆਨ ਦਿੱਤਾ ਸੀ। ਇਹ ਦੋਵੇਂ ਖਿਡਾਰੀ ਕਾਫੀ ਦੇਰ ਤੱਕ ਕ੍ਰੀਜ਼ ‘ਤੇ ਬਣੇ ਰਹੇ। ਪਰ ਟੀ ਬਰੇਕ ਤੋਂ ਬਾਅਦ ਪਹਿਲਾਂ ਪੰਤ ਆਊਟ ਹੋਏ ਅਤੇ ਫਿਰ ਯਸ਼ਸਵੀ ਜੈਸਵਾਲ ਵੀ ਵਿਵਾਦਤ ਤਰੀਕੇ ਨਾਲ ਕੈਚ ਆਊਟ ਹੋ ਗਏ। ਸਵਾਲ ਇਹ ਹੈ ਕਿ ਰੋਹਿਤ ਸ਼ਰਮਾ ਇਨ੍ਹਾਂ ਖਿਡਾਰੀਆਂ ਨੂੰ ਕਿਵੇਂ ਦੋਸ਼ੀ ਠਹਿਰਾ ਸਕਦੇ ਹਨ ਜਦੋਂ ਉਹ ਖੁਦ ਨਹੀਂ ਚੱਲ ਪਾ ਰਹੇ ਹਨ।
ਰੋਹਿਤ ਸ਼ਰਮਾ ਦਾ ਸ਼ਰਮਨਾਕ ਪ੍ਰਦਰਸ਼ਨ
ਇਸ ਟੈਸਟ ਸੀਰੀਜ਼ ‘ਚ ਰੋਹਿਤ ਸ਼ਰਮਾ ਕਾਫੀ ਫਲਾਪ ਸਾਬਤ ਹੋਏ ਹਨ। ਉਹ 3 ਟੈਸਟ ਮੈਚਾਂ ‘ਚ ਸਿਰਫ 31 ਦੌੜਾਂ ਹੀ ਬਣਾ ਸਕੇ ਹਨ। ਉਨ੍ਹਾਂ ਦੀ ਬੱਲੇਬਾਜ਼ੀ ਔਸਤ 6.20 ਹੈ। ਰੋਹਿਤ ਸ਼ਰਮਾ ਦਾ ਫੁਟਵਰਕ ਇੰਨਾ ਖਰਾਬ ਲੱਗ ਰਿਹਾ ਹੈ ਕਿ ਜਿਵੇਂ ਉਹ ਸ਼ਾਟ ਖੇਡਣਾ ਹੀ ਭੁੱਲ ਗਏ ਹੋਣ। ਚੌਥੇ ਟੈਸਟ ‘ਚ ਉਹ ਓਪਨਿੰਗ ਪੋਜ਼ੀਸ਼ਨ ‘ਤੇ ਪਰਤੇ ਅਤੇ ਉੱਥੇ ਵੀ ਫੇਲ ਹੋ ਗਏ। ਉਨ੍ਹਾਂ ਦੇ ਫੈਸਲੇ ਦਾ ਕੇਐੱਲ ਰਾਹੁਲ ‘ਤੇ ਵੀ ਅਸਰ ਪਿਆ, ਜੋ ਓਪਨਿੰਗ ਤੋਂ ਹੱਟ ਕੇ ਤੀਜੇ ਨੰਬਰ ‘ਤੇ ਆਏ ਅਤੇ ਦੋਵੇਂ ਪਾਰੀਆਂ ‘ਚ ਫੇਲ ਰਹੇ।