ਨਿਊਜ਼ੀਲੈਂਡ ਨੂੰ ਹਰਾ ਫਾਈਨਲ ‘ਚ ਪਹੁੰਚਿਆ ਭਾਰਤ, ਸ਼ਮੀ ਨੇ ਝਟਕੇ 7 ਵਿਕੇਟ
ਟੀਮ ਇੰਡੀਆ ਨੇ ਵਿਸ਼ਵ ਕੱਪ-2023 ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 70 ਦੌੜਾਂ ਨਾਲ ਹਰਾ ਦਿੱਤਾ ਹੈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਵਿਸ਼ਵ ਕੱਪ ਦਾ ਖ਼ਿਤਾਬੀ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਫਾਈਲ ਫੋਟੋ
ਭਾਰਤੀ ਕ੍ਰਿਕਟ ਟੀਮ ਨੂੰ ਸੈਮੀ ਫ਼ਾਈਨਲ ਵਿੱਚ ਨਿਊਜ਼ੀਲੈਂਡ ਖ਼ਿਲਾਫ਼ ਸ਼ਾਨਦਾਰ ਜਿੱਤ ਲਈ ਬਹੁਤ-ਬਹੁਤ ਮੁਬਾਰਕਾਂ। ਇਹ ਜਿੱਤ ਸਮੁੱਚੀ ਟੀਮ ਦੇ ਖਿਡਾਰੀਆਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਦੀ ਜਿੱਤ ਹੈ ਜਿਸ ਨੇ ਕਰੋੜਾਂ ਦੇਸ਼ ਵਾਸੀਆਂ ਨੂੰ ਅਥਾਹ ਖੁਸ਼ੀਆਂ ਮਨਾਉਣ ਦਾ ਮੌਕਾ ਦਿੱਤਾ। ਫ਼ਾਈਨਲ ਲਈ ਸ਼ੁਭਕਾਮਨਾਵਾ। pic.twitter.com/xnRUtXbipq
— Gurmeet Singh Meet Hayer (@meet_hayer) November 15, 2023
ਮੁਕਾਬਲੇ ਦਾ ਵੇਰਵਾ
ਕੋਹਲੀ ਨੇ 117 ਗੇਂਦਾਂ ‘ਤੇ 113 ਦੌੜਾਂ ਬਣਾਈਆਂ, ਜਦਕਿ ਅਈਅਰ ਨੇ 70 ਗੇਂਦਾਂ ‘ਤੇ 105 ਦੌੜਾਂ ਬਣਾਈਆਂ। ਦੋਵਾਂ ਨੇ 128 ਗੇਂਦਾਂ ਵਿੱਚ 163 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ ‘ਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ, ਜਦਕਿ ਅੱਧ ਵਿਚਾਲੇ ਰਿਟਾਇਰਡ ਹਰਟ ਹੋਏ ਸ਼ੁਭਮਨ ਗਿੱਲ ਨੇ ਆਖਰੀ ਓਵਰ ‘ਚ ਵਾਪਸੀ ਕਰਦੇ ਹੋਏ 66 ਗੇਂਦਾਂ ਵਿੱਚ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੇਐੱਲ ਰਾਹੁਲ 20 ਗੇਂਦਾਂ ‘ਤੇ 39 ਦੌੜਾਂ ਬਣਾ ਕੇ ਅਜੇਤੂ ਰਹੇ। ਨਿਊਜ਼ੀਲੈਂਡ ਲਈ ਟਿਮ ਸਾਊਥੀ ਸਭ ਤੋਂ ਮਹਿੰਗੇ ਪਰ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 100 ਦੌੜਾਂ ਦੇ ਕੇ 3 ਵਿਕਟਾਂ ਲਈਆਂ। 106 ਗੇਂਦਾਂ ਵਿੱਚ ਆਪਣਾ ਸੈਂਕੜਾ ਪੂਰਾ ਕਰਕੇ ਕੋਹਲੀ ਨੇ ਵਨਡੇ ਕ੍ਰਿਕਟ ਵਿੱਚ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ। ਉਹ ਵਨਡੇ ਵਿੱਚ ਸੈਂਕੜਿਆਂ ਦਾ ਅਰਧ ਸੈਂਕੜ ਪੂਰਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਪਾਰੀ ਦੌਰਾਨ, ਉਨ੍ਹਾਂ ਨੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਤੇਂਦੁਲਕਰ (2003 ਵਿੱਚ 673 ਦੌੜਾਂ) ਦਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ। ਪਿਛਲੇ ਮੈਚ ‘ਚ ਸੈਂਕੜਾ ਜੜਨ ਵਾਲੇ ਅਈਅਰ ਨੇ ਆਪਣੀ ਇਸ ਲੈਅ ਨੂੰ ਬਰਕਰਾਰ ਰੱਖਿਆ ਅਤੇ ਆਪਣੇ ਘਰੇਲੂ ਮੈਦਾਨ ਵਾਨਖੇੜੇ ‘ਤੇ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਾਊਦੀ ‘ਤੇ ਛੱਕਾ ਮਾਰਨ ਤੋਂ ਬਾਅਦ ਅਗਲੀ ਗੇਂਦ ‘ਤੇ ਇੱਕ ਦੌੜ ਬਣਾ ਕੇ 67 ਗੇਂਦਾਂ ‘ਚ ਆਪਣਾ ਸੈਂਕੜਾ ਪੂਰਾ ਕਰ ਲਿਆ। ਵਿਸ਼ਵ ਕੱਪ ਦੇ ਨਾਕਆਊਟ ਪੜਾਅ ‘ਚ ਇਹ ਸਭ ਤੋਂ ਤੇਜ਼ ਸੈਂਕੜਾ ਹੈ। ਇਸ ਤੋਂ ਬਾਅਦ ਅਈਅਰ ਲਾਂਗ ਆਫ ‘ਤੇ ਬੋਲਟ ਦੇ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਏ, ਜਿਸ ਕਾਰਨ ਭਾਰਤ 400 ਦੌੜਾਂ ਦਾ ਅੰਕੜਾ ਪਾਰ ਨਹੀਂ ਕਰ ਸਕੇ। ਅਈਅਰ ਨੇ ਆਪਣੀ ਪਾਰੀ ਵਿੱਚ ਚਾਰ ਚੌਕੇ ਅਤੇ ਅੱਠ ਛੱਕੇ ਜੜੇ। ਕੀਵੀ ਟੀਮ ਲਈ ਡੇਰਿਲ ਮਿਸ਼ੇਲ ਨੇ ਸੈਂਕੜੇ ਦੀ ਦਮਦਾਰ ਪਾਰੀ ਖੇਡੀ 134 ਦੌੜਾਂ ਬਣਾਈਆਂ। ਉਥੇ ਹੀ ਕਪਤਾਨ ਕੇਨ ਵਿਲੀਅਮਸਨ ਨੇ 69 ਦੌੜਾਂ ਦੀ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 181 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ਮੀ ਨੇ ਵਿਲੀਅਮਸਨ ਦਾ ਵਿਕਟ ਲੈ ਕੇ ਇਸ ਸਾਂਝੇਦਾਰੀ ਨੂੰ ਤੋੜਿਆ। ਟੀਮ ਇੰਡੀਆ ਲਈ ਸ਼ਮੀ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 57 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਇਸ ਤੋਂ ਇਲਾਵਾ ਬੁਮਰਾਹ, ਸਿਰਾਜ ਅਤੇ ਕੁਲਦੀਪ ਨੇ 1-1 ਵਿਕਟ ਲਈ।
Follow Us
