‘ਅਸਲੀ ਮੰਜਿਲ ਵਿਸ਼ਵ ਕੱਪ’, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਾਕੀ ਖਿਡਾਰੀ

Updated On: 

08 Sep 2025 19:21 PM IST

Asia Cup 2025: ਵਿਸ਼ਵ ਕੱਪ 14 ਅਗਸਤ ਤੋਂ 30 ਅਗਸਤ 2026 ਤੱਕ ਬੈਲਜੀਅਮ ਅਤੇ ਨੀਦਰਲੈਂਡ ਵਿੱਚ ਆਯੋਜਿਤ ਹੋਵੇਗਾ। ਜਾਣਕਾਰੀ ਮੁਤਾਬਕ, ਭਾਰਤ ਹੁਣ ਤੱਕ ਸਿਰਫ ਇੱਕ ਵਾਰ 1974 ਵਿੱਚ ਕੋਆਲਾਲੰਪੁਰ ਵਿੱਚ ਵਿਸ਼ਵ ਕੱਪ ਜਿੱਤ ਸਕਿਆ ਹੈ। ਇਸ ਲਈ ਇਸ ਵਾਰ ਟੀਮ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਅਸਲੀ ਮੰਜਿਲ ਵਿਸ਼ਵ ਕੱਪ, ਏਸ਼ੀਆ ਕੱਪ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹਾਕੀ ਖਿਡਾਰੀ
Follow Us On

ਭਾਰਤ ਦੀ ਹਾਕੀ ਟੀਮ ਨੇ ਇਤਿਹਾਸਕ ਪ੍ਰਦਰਸ਼ਨ ਕਰਦਿਆਂ ਏਸ਼ੀਆ ਕੱਪ 2025 ਆਪਣੇ ਨਾਮ ਕਰ ਲਿਆ ਹੈ। ਕੱਲ੍ਹ ਖੇਡੇ ਗਏ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ 41 ਨਾਲ ਹਰਾਕੇ ਟੂਰਨਾਮੈਂਟ ਜਿੱਤਿਆ। ਇਸ ਜਿੱਤ ਨਾਲ ਨਾ ਸਿਰਫ਼ ਭਾਰਤ ਨੇ ਅੱਠ ਸਾਲ ਬਾਅਦ ਦੁਬਾਰਾ ਏਸ਼ੀਆ ਕੱਪ ਆਪਣੇ ਨਾਂ ਕੀਤਾ ਹੈ, ਸਗੋਂ ਅਗਲੇ ਸਾਲ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਵੀ ਕੁਆਲਫਾਈ ਕਰ ਲਿਆ ਹੈ।

ਇਹ ਵਿਸ਼ਵ ਕੱਪ 14 ਅਗਸਤ ਤੋਂ 30 ਅਗਸਤ 2026 ਤੱਕ ਬੈਲਜੀਅਮ ਤੇ ਨੀਦਰਲੈਂਡ ਵਿੱਚ ਆਯੋਜਿਤ ਹੋਵੇਗਾ। ਜਾਣਕਾਰੀ ਮੁਤਾਬਕ, ਭਾਰਤ ਹੁਣ ਤੱਕ ਸਿਰਫ ਇੱਕ ਵਾਰ 1974 ਵਿੱਚ ਕੋਆਲਾਲੰਪੁਰ ‘ਚ ਵਿਸ਼ਵ ਕੱਪ ਜਿੱਤ ਸਕਿਆ ਹੈ। ਇਸ ਲਈ ਇਸ ਵਾਰ ਟੀਮ ਵੱਲੋਂ ਪੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਫਾਈਨਲ ਮੈਚ ਵਿੱਚ ਅੰਮ੍ਰਿਤਸਰ ਦੇ ਖਿਡਾਰੀ ਦਿਲਪ੍ਰੀਤ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਮਹੱਤਵਪੂਰਨ ਗੋਲ ਕੀਤੇ। ਉਨ੍ਹਾਂ ਦੀ ਇਸ ਕਾਬਲੇ-ਤਾਰੀਫ਼ ਖੇਡ ਨੂੰ ਦੇਖਦੇ ਹੋਏ ਅੱਜ ਉਨ੍ਹਾਂ ਦਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਭਰਵਾਂ ਸਵਾਗਤ ਕੀਤਾ ਗਿਆ।

ਪੁੱਤਰ ਲਈ ਪਹੁੰਚੇ ਪਿਤਾ

ਦਿਲਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰ ਵੀ ਖ਼ਾਸ ਤੌਰ ਤੇ ਆਪਣੇ ਪੁੱਤਰ ਨੂੰ ਲੈਣ ਲਈ ਏਅਰਪੋਰਟ ਤੇ ਮੌਜੂਦ ਸਨ। ਸ਼੍ਰੋਮਣੀ ਕਮੇਟੀ ਤੇ ਹਾਕੀ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਵੀ ਪੰਜਾਬ ਦੇ ਇਸ ਸਿਤਾਰੇ ਖਿਡਾਰੀ ਦਾ ਨਿੱਘਾ ਸਨਮਾਨ ਕੀਤਾ।

ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਇਸ ਮੌਕੇ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਾਰਿਆਂ ਦੀ ਮਿਹਨਤ ਤੇ ਜ਼ਜ਼ਬੇ ਨਾਲ ਹੀ ਭਾਰਤ ਨੇ ਇਹ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਪੰਜਾਬ ਵਿੱਚ ਆਏ ਹੜ੍ਹਾਂ ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਕਿ ਜਲਦ ਹੀ ਪੀੜਤ ਪਰਿਵਾਰਾਂ ਦੇ ਨਾਲ ਮਿਲ ਕੇ ਉਹਨਾਂ ਦੀ ਸਹਾਇਤਾ ਲਈ ਵੀ ਟੀਮ ਮੌਜੂਦ ਹੋਵੇਗੀ।

‘ਅਸਲੀ ਮੰਜ਼ਿਲ ਵਿਸ਼ਵ ਕੱਪ ਜਿੱਤਣਾ’

ਦਿਲਪ੍ਰੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਜਿੱਤ ਸਾਰੇ ਭਾਰਤੀਆਂ ਲਈ ਸਮਰਪਿਤ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਟੀਮ ਦਾ ਪਹਿਲਾ ਟੀਚਾ ਵਿਸ਼ਵ ਕੱਪ ਲਈ ਕੁਆਲਫਾਈ ਕਰਨਾ ਸੀ, ਹੁਣ ਅਸਲੀ ਮੰਜ਼ਿਲ ਵਿਸ਼ਵ ਕੱਪ ਜਿੱਤਣਾ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਨੇ ਸ਼ੁਰੂਆਤੀ ਮੈਚਾਂ ਵਿੱਚ ਚੁਣੌਤੀਆਂ ਦਾ ਸਾਹਮਣਾ ਕੀਤਾ, ਪਰ ਚੀਨ ਖ਼ਿਲਾਫ਼ ਵੱਡੀ ਜਿੱਤ ਨੇ ਖਿਡਾਰੀਆਂ ਦਾ ਜਜ਼ਬਾ ਦੋਗੁਣਾ ਕਰ ਦਿੱਤਾ। ਅੰਤ ‘ਚ ਫਾਈਨਲ ਜਿੱਤ ਕੇ ਏਸ਼ੀਆ ਕੱਪ ਆਪਣੇ ਨਾਮ ਕੀਤਾ ਹੈ।

ਪਰਿਵਾਰਕ ਮੈਂਬਰਾਂ ਨੇ ਵੀ ਦਿਲਪ੍ਰੀਤ ਦੀ ਕਾਮਯਾਬੀ ਤੇ ਮਾਣ ਜ਼ਾਹਿਰ ਕੀਤਾ। ਉਹਨਾਂ ਕਿਹਾ ਕਿ ਇਹ ਸਿਰਫ ਪਰਿਵਾਰ ਲਈ ਹੀ ਨਹੀਂ ਸਗੋਂ ਪੂਰੇ ਪੰਜਾਬ ਅਤੇ ਦੇਸ਼ ਲਈ ਮਾਣ ਦੀ ਗੱਲ ਹੈ। ਉਹਨਾਂ ਨੇ ਭਰੋਸਾ ਜ਼ਾਹਿਰ ਕੀਤਾ ਕਿ ਵਿਸ਼ਵ ਕੱਪ ਵੀ ਭਾਰਤੀ ਟੀਮ ਦੀ ਝੋਲੀ ਵਿੱਚ ਆਵੇਗਾ।