ਜਬਰਜਨਾਹ ਦਾ ਮੁਲਜ਼ਮ ਖਿਡਾਰੀ ਲੀਗ ਤੋਂ ਬਾਹਰ, ਟੀਮ ਇੰਡੀਆ ਨੂੰ ਝਟਕਾ
ਵਰੁਣ ਕੁਮਾਰ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ। ਉਸ ਨੇ ਕਾਨੂੰਨੀ ਲੜਾਈ ਲੜਨ ਲਈ ਛੁੱਟੀ ਲੈ ਲਈ ਹੈ, ਪਰ ਇਲਜ਼ਾਮਾਂ ਨੂੰ ਵਾਰ-ਵਾਰ ਸਪੱਸ਼ਟ ਕਰ ਰਿਹਾ ਹੈ। ਵਰੁਣ ਕੁਮਾਰ ਰਾਸ਼ਟਰੀ ਟੀਮ ਦਾ ਖਿਡਾਰੀ ਹੈ ਅਤੇ ਅਰਜੁਨ ਅਵਾਰਡ ਜੇਤੂ ਵੀ ਹੈ।
ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਅਰਜੁਨ ਐਵਾਰਡ ਜੇਤੂ ਵਰੁਣ ਕੁਮਾਰ ਇਨ੍ਹੀਂ ਦਿਨੀਂ ਮੁਸੀਬਤ ਵਿੱਚ ਹਨ। ਵਰੁਣ ਕੁਮਾਰ ‘ਤੇ ਹਾਲ ਹੀ ‘ਚ ਪੋਕਸੋ ਐਕਟ ਤਹਿਤ ਬਲਾਤਕਾਰ ਦਾ ਇਲਜ਼ਾਮ ਲੱਗਾ ਸੀ, ਜਿਸ ਨੂੰ ਵਰੁਣ ਨੇ ਝੂਠਾ ਦੱਸਿਆ ਹੈ। ਇਸ ਮਾਮਲੇ ਦੇ ਵਿਚਕਾਰ, ਵਰੁਣ ਕੁਮਾਰ ਨੇ ਹੁਣ FIH ਪ੍ਰੋ ਲੀਗ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਉਸ ਨੇ ਅਜਿਹਾ ਕਾਨੂੰਨੀ ਲੜਾਈ ਲੜਨ ਲਈ ਕੀਤਾ ਹੈ।
ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਹਾਕੀ ਇੰਡੀਆ ਨੇ 28 ਸਾਲਾ ਖਿਡਾਰੀ ਨੂੰ ਤੁਰੰਤ ਛੁੱਟੀ ਦੇ ਦਿੱਤੀ ਹੈ ਕਿਉਂਕਿ ਖਿਡਾਰੀ ਨੇ ਕਿਹਾ ਸੀ ਕਿ ਇਸ ਘਟਨਾ ਨਾਲ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ‘ਤੇ ਅਸਰ ਪੈ ਰਿਹਾ ਹੈ। ਇਕ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਵਰੁਣ ਨੇ ਨਾਬਾਲਗ ਹੋਣ ‘ਤੇ ਉਸ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ, ਜਿਸ ਤੋਂ ਬਾਅਦ ਬੈਂਗਲੁਰੂ ਪੁਲਸ ਨੇ ਹਾਕੀ ਖਿਡਾਰੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਵਰੁਣ ਕੁਮਾਰ ਨੇ ਕੀ ਦਿੱਤਾ ਸਪੱਸ਼ਟੀਕਰਨ?
ਸੋਮਵਾਰ ਨੂੰ ਦਰਜ ਕਰਵਾਈ ਗਈ ਆਪਣੀ ਸ਼ਿਕਾਇਤ ‘ਚ 22 ਸਾਲਾ ਮਹਿਲਾ ਨੇ ਕਿਹਾ ਹੈ ਕਿ ਉਹ 2018 ‘ਚ ਇੰਸਟਾਗ੍ਰਾਮ ਦੇ ਜ਼ਰੀਏ ਵਰੁਣ ਦੇ ਸੰਪਰਕ ‘ਚ ਆਈ ਸੀ ਅਤੇ ਜਦੋਂ ਉਹ 17 ਸਾਲ ਦੀ ਸੀ ਤਾਂ ਖਿਡਾਰੀ ਨੇ ਵਿਆਹ ਦੇ ਬਹਾਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਵਰੁਣ ਨੇ ਹਾਕੀ ਇੰਡੀਆ ਦੇ ਪ੍ਰਧਾਨ ਦਿਲੀਪ ਟਿਰਕੀ ਨੂੰ ਪੱਤਰ ਲਿਖ ਕੇ ਦਾਅਵਾ ਕੀਤਾ ਹੈ ਕਿ ਉਸ ਵਿਰੁੱਧ ਦਰਜ ਕੀਤੀ ਗਈ ਸ਼ਿਕਾਇਤ ਝੂਠੀ ਹੈ।
ਵਰੁਣ ਨੇ ਲਿਖਿਆ ਹੈ ਕਿ ਮੈਨੂੰ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਜਿਸ ਲੜਕੀ ਨਾਲ ਮੈਂ ਪਿਛਲੇ ਸਮੇਂ ‘ਚ ਰਿਲੇਸ਼ਨਸ਼ਿਪ ‘ਚ ਸੀ, ਉਸ ਨੇ ਮੇਰੇ ‘ਤੇ ਝੂਠਾ ਕੇਸ ਦਰਜ ਕਰਵਾਇਆ ਹੈ। ਵਰੁਣ ਨੇ ਕਿਹਾ ਕਿ ਇਹ ਮਾਮਲਾ ਮੇਰੇ ਤੋਂ ਪੈਸੇ ਲੈਣ ਅਤੇ ਮੇਰੀ ਸਾਖ ਅਤੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਕਿਉਂਕਿ ਮੈਂ ਇੱਕ ਨਾਮਵਰ ਹਾਕੀ ਖਿਡਾਰੀ ਹਾਂ ਅਤੇ ਭਾਰਤ ਲਈ ਖੇਡਦਾ ਹਾਂ ਅਤੇ ਅਰਜੁਨ ਐਵਾਰਡੀ ਹਾਂ। ਇਲਜ਼ਾਮ ਲਗਾਉਣ ਵਾਲੀ ਲੜਕੀ ਜਾਣਦੀ ਹੈ ਕਿ ਅਜਿਹਾ ਮਾਮਲਾ ਮੇਰੇ ਕਰੀਅਰ ਅਤੇ ਅਕਸ ਨੂੰ ਖਰਾਬ ਕਰ ਸਕਦਾ ਹੈ।