IPL 2026: ਹੁਣ Video ਨਹੀਂ ਬਣਾ ਸਕਣਗੇ ਅਰਸ਼ਦੀਪ ਸਿੰਘ, ਦਿੱਲੀ ਕੈਪੀਟਲਜ਼ ਨੇ ਵੀ ਲਗਾਈਆਂ ਪਾਬੰਦੀਆਂ
IPL 2026: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀ ਗਈ ਸਖ਼ਤ ਚੇਤਾਵਨੀ ਤੋਂ ਬਾਅਦ ਹੁਣ ਆਈਪੀਐਲ ਫਰੈਂਚਾਈਜ਼ੀਆਂ ਨੇ ਆਪਣੇ ਖਿਡਾਰੀਆਂ ਅਤੇ ਸਟਾਫ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਪੰਜਾਬ ਕਿੰਗਜ਼ ਨੇ ਆਪਣੇ ਸਟਾਰ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਕੁਝ ਸਮੇਂ ਲਈ ਵਲੌਗਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
Photo: (PTI)
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋਂ ਜਾਰੀ ਕੀਤੀ ਗਈ ਸਖ਼ਤ ਚੇਤਾਵਨੀ ਤੋਂ ਬਾਅਦ ਹੁਣ ਆਈਪੀਐਲ ਫਰੈਂਚਾਈਜ਼ੀਆਂ ਨੇ ਆਪਣੇ ਖਿਡਾਰੀਆਂ ਅਤੇ ਸਟਾਫ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਨੁਸਾਰ, ਪੰਜਾਬ ਕਿੰਗਜ਼ ਨੇ ਆਪਣੇ ਸਟਾਰ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਕੁਝ ਸਮੇਂ ਲਈ ਵਲੌਗਿੰਗ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਅਰਸ਼ਦੀਪ ਸਿੰਘ ਅਕਸਰ ਮੈਚ ਤੋਂ ਬਾਅਦ ਟੀਮ ਦੇ ਖਿਡਾਰੀਆਂ ਨਾਲ ਗੱਲਬਾਤ ਕਰਦੇ ਹੋਏ ਵੀਡੀਓਜ਼ ਬਣਾਉਂਦੇ ਰਹਿੰਦੇ ਹਨ। ਉਹ ਏਅਰਪੋਰਟ, ਹੋਟਲ ਅਤੇ ਜਹਾਜ਼ ਵਿੱਚ ਵੀ ਵੀਡੀਓ ਬਣਾਉਣ ਲਈ ਜਾਣੇ ਜਾਂਦੇ ਹਨ। ਹਾਲ ਹੀ ਵਿੱਚ ਅਰਸ਼ਦੀਪ ਵੱਲੋਂ ਬਣਾਈ ਗਈ ਇੱਕ ਵੀਡੀਓ ਵਿੱਚ ਯੁਜਵੇਂਦਰ ਚਹਿਲ ‘ਵੇਪਿੰਗ’ ਕਰਦੇ ਨਜ਼ਰ ਆਏ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ ਸੀ।
ਦਿੱਲੀ ਕੈਪੀਟਲਜ਼ ਨੇ ਵੀ ਲਿਆ ਸਖ਼ਤ ਫੈਸਲਾ
ਸਿਰਫ਼ ਪੰਜਾਬ ਕਿੰਗਜ਼ ਹੀ ਨਹੀਂ, ਸਗੋਂ ਦਿੱਲੀ ਕੈਪੀਟਲਜ਼ ਨੇ ਵੀ ਇਸ ਸਬੰਧੀ ਕੜੇ ਕਦਮ ਚੁੱਕੇ ਹਨ। ਦਿੱਲੀ ਦੀ ਟੀਮ ਨੇ ਖਿਡਾਰੀਆਂ ਅਤੇ ਸਪੋਰਟ ਸਟਾਫ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਵੀਡੀਓ ਪੋਸਟ ਕਰਨ ਤੋਂ ਰੋਕ ਦਿੱਤਾ ਹੈ। ਦਰਅਸਲ, ਬੀਸੀਸੀਆਈ ਨੇ ‘ਹਨੀ ਟ੍ਰੈਪ’ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਖਿਡਾਰੀਆਂ, ਸਪੋਰਟ ਸਟਾਫ ਅਤੇ ਟੀਮ ਅਧਿਕਾਰੀਆਂ ਦੇ ਹੋਟਲ ਕਮਰਿਆਂ ਵਿੱਚ ਅਣਪਛਾਤੇ ਵਿਅਕਤੀਆਂ ਦੀ ਐਂਟਰੀ ‘ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਇੱਕ ਅਜਿਹੀ ਰਿਪੋਰਟ ਵੀ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇੱਕ ਖਿਡਾਰੀ ਦੀ ਮਹਿਲਾ ਮਿੱਤਰ ਨੇ ਦੋ ਵਾਰ ਟੀਮ ਦੀਆਂ ਅੰਦਰੂਨੀ ਖ਼ਬਰਾਂ ਲੀਕ ਕੀਤੀਆਂ ਸਨ, ਹਾਲਾਂਕਿ ਇਸ ਖ਼ਬਰ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਟੀਮ ਮਾਲਕਾਂ ਨੂੰ ਬੀਸੀਸੀਆਈ ਦੀ ਸਿੱਧੀ ਚੇਤਾਵਨੀ
ਬੀਸੀਸੀਆਈ ਨੇ ਫਰੈਂਚਾਈਜ਼ੀ ਮਾਲਕਾਂ ਨੂੰ ਵੀ ਇਸ਼ਾਰਿਆਂ-ਇਸ਼ਾਰਿਆਂ ਵਿੱਚ ਸਖ਼ਤ ਚੇਤਾਵਨੀ ਦਿੱਤੀ ਹੈ। ਬੋਰਡ ਅਨੁਸਾਰ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿੱਥੇ ਟੀਮ ਮਾਲਕ ਮੈਚ ਦੌਰਾਨ ਖਿਡਾਰੀਆਂ ਨਾਲ ਗੱਲਬਾਤ ਕਰਨ, ਉਨ੍ਹਾਂ ਦੇ ਕੋਲ ਜਾਣ ਜਾਂ ਉਨ੍ਹਾਂ ਨੂੰ ਗਲੇ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਬੀਸੀਸੀਆਈ ਨੇ ਅਜਿਹੀਆਂ ਗਤੀਵਿਧੀਆਂ ‘ਤੇ ਰੋਕ ਲਗਾਉਂਦੇ ਹੋਏ ਕਿਹਾ ਹੈ ਕਿ ਮੈਚ ਦੌਰਾਨ ਡਗਆਊਟ, ਡਰੈਸਿੰਗ ਰੂਮ ਜਾਂ ਮੈਦਾਨ ਵਿੱਚ ਖਿਡਾਰੀਆਂ ਅਤੇ ਅਧਿਕਾਰੀਆਂ ਨਾਲ ਸਰੀਰਕ ਤੌਰ ‘ਤੇ ਸੰਪਰਕ ਕਰਨਾ ਜਾਂ ਗੱਲਬਾਤ ਕਰਨਾ ਸਖ਼ਤੀ ਨਾਲ ਵਰਜਿਤ ਹੈ। ਸਾਰੇ ਮਾਲਕਾਂ ਨੂੰ ਨਿਰਧਾਰਤ ਪ੍ਰੋਟੋਕੋਲ ਦਾ ਪਾਲਣ ਕਰਨਾ ਹੋਵੇਗਾ ਅਤੇ ਨਿਯਮ ਤੋੜਨ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਸੇ ਸੀਜ਼ਨ ਦੌਰਾਨ ਰਾਜਸਥਾਨ ਰਾਇਲਜ਼ ਦੇ ਮੈਨੇਜਰ ਰੋਮੀ ਭਿੰਡਰ ਡਗਆਊਟ ਵਿੱਚ ਫੋਨ ‘ਤੇ ਗੱਲ ਕਰਦੇ ਦੇਖੇ ਗਏ ਸਨ, ਜਿਸ ‘ਤੇ ਬੀਸੀਸੀਆਈ ਨੇ ਸਖ਼ਤ ਇਤਰਾਜ਼ ਜਤਾਇਆ ਸੀ। ਇਸ ਤੋਂ ਇਲਾਵਾ ਕਪਤਾਨ ਰਿਆਨ ਪਰਾਗ ਵੀ ਵੇਪਿੰਗ ਕਰਦੇ ਫੜੇ ਗਏ ਸਨ, ਜਿਸ ਕਾਰਨ ਉਨ੍ਹਾਂ ‘ਤੇ ਜੁਰਮਾਨਾ ਵੀ ਲਗਾਇਆ ਗਿਆ ਸੀ।
