ਪੰਜ ਪਿਆਰੇ ਹੀ ਕਿਉਂ ਕਰਦੇ ਹਨ ਨਗਰ ਕੀਰਤਨ ਦੀ ਅਗਵਾਈ ?

Published: 

02 Mar 2025 06:15 AM IST

Panj Pyare: ਸਿੱਖ ਧਰਮ ਵਿੱਚ ਨਗਰ ਕੀਰਤਨ ਦਾ ਆਪਣਾ ਇੱਕ ਅਹਿਮ ਅਸਥਾਨ ਹੈ। ਜਦੋਂ ਵੀ ਕੋਈ ਪ੍ਰਕਾਸ਼ਪੁਰਬ ਜਾਂ ਕੋਈ ਸ਼ਹੀਦੀ ਪੁਰਬ ਆਉਂਦਾ ਹੈ ਤਾਂ ਉਹਨਾਂ ਸ਼ਹਾਦਤਾਂ ਨੂੰ ਯਾਦ ਕਰਨ ਲਈ ਪੰਜਾਬ ਤੋਂ ਲੈਕੇ ਦਿਨ ਦੇ ਕੋਨੇ ਕੋਨੇ ਵਿੱਚ ਨਗਰ ਕੀਰਤਨ ਸਜਾਏ ਜਾਂਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ-ਛਾਇਆ ਹੇਠ ਜਿਸ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ।

ਪੰਜ ਪਿਆਰੇ ਹੀ ਕਿਉਂ ਕਰਦੇ ਹਨ ਨਗਰ ਕੀਰਤਨ ਦੀ ਅਗਵਾਈ ?
Follow Us On

ਪੰਜ ਸਿੱਖ ਧਰਮ ਵਿੱਚ ਮੁੱਢ ਤੋਂ ਹੀ ਚੱਲਿਆ ਆਉਣ ਵਾਲਾ ਸ਼ਬਦ ਹੈ। ਇਹ ਸਿਰਫ਼ ਸ਼ਬਦ ਮਾਤਰ ਵੀ ਨਹੀਂ ਸਗੋਂ ਇੱਕ ਵਹਾਅ ਹੈ ਜਦੋਂ ਇਤਿਹਾਸ ਨਾਲ ਵਹਿੰਦਾ ਹੋਇਆ 1699 ਈਸਵੀਂ ਵੀ ਹਮੇਸ਼ਾ ਲਈ ਅਮਰ ਹੋ ਗਿਆ। ਜਦੋਂ ਸਾਹਿਬ ਏ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਨੇ ਪੰਜ ਸਿੰਘਾਂ ਨੂੰ ਸਜਾ ਕੇ ਖਾਲਸੇ ਦੀ ਨੀਂਹ ਰੱਖੀ। ਉਹ ਖਾਲਸੇ ਜੋ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਸੀ ਚਾਹੇ ਕੋਈ ਵੀ ਯੁੱਗ ਹੋਵੇ, ਚਾਹੇ ਕਿਹੋ ਜਿਹੇ ਵੀ ਹਾਲਾਤ ਹੋਣ।

ਖਾਲਸਾ ਬਣਿਆ ਹੀ ਪੰਥ ਦੀ ਅਗਵਾਈ ਕਰਨ ਲਈ ਸੀ। ਅਜਿਹੇ ਵਿੱਚ ਸਿੱਖਾਂ ਦਾ ਕੋਈ ਵੀ ਕੰਮ ਹੋਵੇ ਤਾਂ ਉੱਥੇ ਇਕੱਠ ਕੀਤਾ ਜਾਂਦਾ ਹੈ ਅਤੇ ਫਿਰ ਪੰਜ ਸਿੰਘ ਆਪਣਾ ਫੈਸਲਾ ਦਿੰਦੇ ਹਨ ਜੋ ਕਿ ਸਾਰਿਆਂ ਲਈ ਮੰਨਣਯੋਗ ਹੁੰਦਾ ਹੈ। ਜਦੋਂ ਜਦੋਂ ਕੌਮ ਉੱਪਰ ਭੀੜ ਪਈ ਤਾਂ ਉਦੋਂ ਉਦੋਂ 5 ਪਿਆਰਿਆਂ ਨੇ ਕੌਮ ਦੀ ਅਗਵਾਈ ਕੀਤੀ। ਚਾਹੇ ਉਹ ਚਮਕੌਰ ਦੀ ਗੜ੍ਹੀ ਹੋਵੇ ਜਾਂ ਫਿਰ ਘੱਲੂਆਰਿਆਂ ਵਾਲੇ ਜੰਗ ਦੇ ਮੈਦਾਨ। ਜਿੱਥੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ।

ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈਕੇ 21ਵੀਂ ਸਦੀ ਤੱਕ ਖਾਲਸਾ ਪੰਥ ਦੀ ਅਗਵਾਈ 5 ਪਿਆਰਿਆਂ ਵੱਲੋਂ ਹੀ ਕੀਤੀ ਜਾਂਦੀ ਸੀ। ਹੁਣ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਫੈਸਲੇ ਪੰਜ ਸਿੰਘ ਸਾਹਿਬਾਨ ਹੀ ਲੈਂਦੇ ਹਨ ਜਿਸ ਨੂੰ ਸਿੱਖ ਹੁਕਮਨਾਮਾ ਆਖਦੇ ਹਨ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਸੀ ਕਿ ਕੋਈ ਵੀ ਕੰਮ ਕਰਨ ਹੈ ਤਾਂ ਪੰਜ ਪਿਆਰਿਆਂ ਤੋਂ ਸ਼ੁਰੂ ਕੀਤਾ ਜਾਵੇ। ਜਿਸ ਦਾ ਇਸ ਰੂਪ ਅਸੀਂ ਅੱਜ ਵੀ ਦੇਖ ਸਕਦੇ ਹਾਂ ਕਿ ਜਦੋਂ ਕੜਾਹ ਪ੍ਰਸ਼ਾਦਿ ਸਜਾਇਆ ਜਾਂਦਾ ਹੈ ਤਾਂ ਸੰਗਤ ਵਿੱਚ ਵਰਤਾਉਣ ਤੋਂ ਪਹਿਲਾਂ ਪੰਜ ਪਿਆਰਿਆਂ ਨੂੰ ਵਰਤਾਇਆ ਜਾਂਦਾ ਹੈ ਜਾਂ ਸੰਕੇਤਕ ਰੂਪ ਵਿੱਚ ਪੰਜ ਪਿਆਰਿਆਂ ਦੇ ਨਾਮ ਦਾ ਪ੍ਰਸ਼ਾਦਿ ਰਾਖਵਾਂ ਰੱਖ ਦਿੱਤਾ ਜਾਂਦਾ ਹੈ।

ਹੁਣ ਵੀ ਜਦੋਂ ਕੋਈ ਨਗਰ ਕੀਰਤਨ ਸਜਾਇਆ ਜਾਂਦਾ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ-ਛਾਇਆ ਹੇਠ ਉਸ ਦੀ ਅਗਵਾਈ ਪੰਜ ਪਿਆਰੇ ਕਰਦੇ ਹਨ। ਕਿਉਂਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਆਪਣਾ ਰੂਪ ਹੋਣ ਦਾ ਮਾਣ ਬਖਸਿਆ।

ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮਹਿ ਹੌ ਕਰੌ ਨਿਵਾਸ।।