ਜਿੱਥੇ ਹਰ ਰੋਗ ਤੇ ਸਮੱਸਿਆ ਦਾ ਹੁੰਦਾ ਹੈ ਹੱਲ, ਜਾਣੋ ਗੁਰਦੁਆਰਾ ਗੁਰੂਸਰ ਸਾਹਿਬ ਦਾ ਇਤਿਹਾਸ

Published: 

04 Nov 2025 06:15 AM IST

Gurudwara Gurusar Sahib Barnala: ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ ਦੁਨੀਆ ਭਰ ਵਿੱਚ ਸਮਾਗਮ ਕੀਤੇ ਜਾ ਰਹੇ ਹਨ। ਗੁਰੂ ਤੇਗ ਬਹਾਦਰ ਜੀ ਨਾਲ ਸਬੰਧਤ ਗੁਰਦੁਆਰਾ ਗੁਰੂਸਰ ਸਾਹਿਬ, ਬਰਨਾਲਾ ਦੇ ਹੰਡਿਆਇਆ ਕਸਬੇ ਵਿੱਚ ਸਥਿਤ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਇਲਾਕੇ ਦੇ ਲੋਕਾਂ ਦੇ ਚਮੜੀ ਰੋਗਾਂ ਨੂੰ ਠੀਕ ਕਰਨ ਦਾ ਬਚਨ ਦਿੱਤਾ ਸੀ।

ਜਿੱਥੇ ਹਰ ਰੋਗ ਤੇ ਸਮੱਸਿਆ ਦਾ ਹੁੰਦਾ ਹੈ ਹੱਲ, ਜਾਣੋ ਗੁਰਦੁਆਰਾ ਗੁਰੂਸਰ ਸਾਹਿਬ ਦਾ ਇਤਿਹਾਸ

ਜਾਣੋ ਗੁਰਦੁਆਰਾ ਗੁਰੂਸਰ ਸਾਹਿਬ ਦਾ ਇਤਿਹਾਸ

Follow Us On

Gurudwara Gurusar Sahib History: ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰਦੁਆਰਾ ਗੁਰੂਸਰ ਸਾਹਿਬ ਸੁਸ਼ੋਭਿਤ ਹੈ। ਜਿੱਥੇ ਬਿਰਾਜਮਾਨ ਹੋ ਕੇ ਗੁਰੂ ਸਾਹਿਬਾਨ ਨੇ ਇਲਾਕੇ ਦੇ ਲੋਕਾਂ ਦੀ ਚਮੜੀ ਨਾਲ ਸਬੰਧਿਤ ਰੋਗ ਦੂਰ ਕਰਨ ਦੇ ਬਚਨ ਕੀਤੇ ਸਨ। ਇਹ ਗੁਰਦੁਆਰਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਜਿੱਥੇ ਇੱਕ ਇਤਿਹਾਸਿਕ ਸਰੋਵਰ ਬਣਿਆ ਹੋਇਆ ਹੈ।

ਜਿਸ ਵਿੱਚ ਗੁਰੂ ਸਾਹਿਬਾਨ ਨੇ ਖੁਦ ਇਸ਼ਨਾਨ ਕਰਕੇ ਲੋਕਾਂ ਨੂੰ ਇਹ ਬਚਨ ਦਿੱਤਾ ਸੀ ਕਿ ਇਸ ਵਿੱਚ ਇਸ਼ਨਾਨ ਕਰਨ ਵਾਲੇ ਵਿਅਕਤੀ ਦੇ ਹਰ ਤਰ੍ਹਾਂ ਦੇ ਰੋਗ ਦੂਰ ਹੋਣਗੇ। 350 ਸਾਲਾਂ ਬਾਅਦ ਵੀ ਇਸ ਇਤਿਹਾਸਿਕ ਸਰੋਵਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਪਣੇ ਦੁੱਖ ਦਰਦ ਦੂਰ ਕਰਨ ਲਈ ਪਹੁੰਚ ਰਹੀਆਂ ਹਨ।

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਚਰਨ ਛੋਹ ਸਥਾਨ

ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਹੰਡਿਆਇਆ ਦੇ ਹੈੱਡ ਗ੍ਰੰਥੀ ਜਸਪਾਲ ਸਿੰਘ ਅਤੇ ਕਥਾਵਾਚਕ ਸਤਪਾਲ ਸਿੰਘ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਸਿੱਖ ਧਰਮ ਦੇ ਪ੍ਰਚਾਰ ਦੀ ਯਾਤਰਾ ਸ਼ੁਰੂ ਕਰਕੇ ਮਾਲਵਾ ਇਲਾਕੇ ਵਿੱਚ ਆਏ ਤਾਂ ਉਹ ਬਰਨਾਲਾ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉੱਤੇ ਉਨ੍ਹਾਂ ਨੇ ਚਰਨ ਪਾਏ। ਉਹ ਮੂਲੋਵਾਲ ਤੋਂ ਬਾਅਦ ਪਿੰਡ ਸੇਖਾ, ਫਰਵਾਹੀ ਅਤੇ ਪਿੰਡ ਢਿੱਲਵਾਂ ਵੀ ਗਏ।

ਗੁਰਦੁਆਰਾ ਗੁਰੂਸਰ ਸਾਹਿਬ ਦਾ ਇਤਿਹਾਸ

ਹੰਡਿਆਇਆ ਵਿਖੇ, ਜਿਸ ਥਾਂ ਉੱਤੇ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੈ। ਉੱਥੇ ਗੁਰਦੁਆਰਾ ਗੁਰੂਸਰ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਇਸ ਪਾਵਨ ਸਥਾਨ ‘ਤੇ ਆਏ ਇਸ ਅਸਥਾਨ ‘ਤੇ ਆ ਕੇ ਡੇਰਾ ਲਾਇਆ ਅਤੇ ਇਸ ਪਿੰਡ ਵਿੱਚ ਤਪਾਲੀ (ਚਮੜੀ) ਨਾਂ ਦੀ ਬਹੁਤ ਭਿਆਨਕ ਬਿਮਾਰੀ ਫੈਲੀ ਹੋਈ ਸੀ , ਸੰਗਤ ਮਰ ਰਹੀ ਸੀ। ਸਤਿਗੁਰ ਦੇ ਅੱਗੇ ਆ ਕੇ ਸੰਗਤਾਂ ਨੇ ਬੇਨਤੀ ਕੀਤੀ ਕਿ “ਮਹਾਰਾਜ ਕਿਰਪਾ ਕਰੋ, ਤੁਸੀਂ ਗੁਰੂ ਨਾਨਕ ਦਾ ਸਰੂਪ ਹੋ, ਕਿਰਪਾਲਤਾ ਕਰੋ”।

ਗੁਰੂ ਸਾਹਿਬ ਨੇ ਛਪੜੀ ਨੂੰ ਇਸ ਤਰ੍ਹਾਂ ਕੀਤਾ ਪਵਿੱਤਰ

ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਥੇ ਛਪੜੀ (ਹੁਣ ਸਰੋਵਰ) ਵੱਲ ਇਸ਼ਾਰਾ ਕੀਤਾ ਕਿ ਭਾਈ ਇਹ ਛੱਪੜੀ ਵਿੱਚ ਜੋ ਇਸ਼ਨਾਨ ਕਰੇਗਾ। ਉਸ ਦੇ ਸਾਰੇ ਦੁੱਖ ਰੋਗ ਦੂਰ ਹੋ ਜਾਣਗੇ ਪਰ ਕੁਝ ਲੋਕ ਇਸ ਤੋਂ ਘਿਰਨਾਂ ਕਰਨ ਲੱਗੇ ਕਿਉਂਕਿ ਇੱਥੇ ਨੇੜੇ ਕਟੀਕ ਜਾਤੀ ਦੇ ਮੁਸਲਮਾਨ ਰਹਿੰਦੇ ਸਨ। ਉਹ ਖੱਲ ਲਾਉਣ ਦਾ ਕੰਮ ਕਰਦੇ ਸੀ ਅਤੇ ਉਨ੍ਹਾਂ ਦਾ ਪਾਣੀ ਇਸ ਛੱਪੜੀ ਵਿੱਚ ਪੈਂਦਾ ਸੀ। ਜਿਸ ਕਰਕੇ ਗੁਰੂ ਸਾਹਿਬ ਨੇ ਉਨ੍ਹਾਂ ਦੇ ਮਨ ਦੀ ਗੱਲ ਜਾਣ ਕੇ ਪਹਿਲਾਂ ਛਪੜੀ ਵਿੱਚ ਆਪ ਇਸ਼ਨਾਨ ਕੀਤਾ ਅਤੇ ਫਿਰ ਬਚਨ ਦਿੱਤਾ ਕਿ ਹੁਣ ਇਹ ਪਵਿੱਤਰ ਹੋ ਗਿਆ ਇਸ ਵਿੱਚ ਸਾਰੇ ਇਸ਼ਨਾਨ ਕਰੋ।

ਦੇਸ਼-ਵਿਦੇਸ਼ ਤੋਂ ਆਉਂਦੀ ਹੈ ਸੰਗਤ

ਹੈੱਡ ਗ੍ਰੰਥੀ ਜਸਪਾਲ ਸਿੰਘ ਨੇ ਦੱਸਿਆ ਕਿ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਦੂਰ ਦੁਰਾਡਿਆਂ ਤੋਂ ਆ ਕੇ ਇਸ ਸਥਾਨ ਦੇ ਦਰਸ਼ਨ ਦੀਦਾਰ ਕਰਦੀਆਂ ਹਨ। ਮੱਸਿਆ ਦਾ ਦਿਹਾੜਾ ਇਸ ਸਥਾਨ ‘ਤੇ ਹਰੇਕ ਮਹੀਨੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅੰਮ੍ਰਿਤਸਰ ਦੇ ਅਧੀਨ ਚੱਲਦਾ ਹੈ। ਇੱਥੇ ਇਕੱਲੇ ਬਰਨਾਲਾ ਜ਼ਿਲ੍ਹਾ ਹੀ ਨਹੀਂ ਬਲਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਅਤੇ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਸਮੇਤ ਵਿਦੇਸ਼ਾਂ ਤੋਂ ਸ਼ਰਧਾਲੂ ਆਪਣੇ ਦੁੱਖਾਂ ਤੋਂ ਰਾਹਤ ਪਾਉਣ ਲਈ ਇਸ ਇਤਿਹਾਸਕ ਸਰੋਵਰ ‘ਤੇ ਆਉਂਦੇ ਹਨ।