Golden Temple: ਮੁਗਲਾਂ ਤੋਂ ਲੈਕੇ ਪਾਕਿਸਤਾਨ ਤੱਕ… ਆਖਿਰ ਨਿਸ਼ਾਨੇ ‘ਤੇ ਕਿਉਂ ਰਿਹਾ ਹਰਿਮੰਦਰ ਸਾਹਿਬ?

jarnail-singhtv9-com
Updated On: 

20 May 2025 15:58 PM

Indian Army on Golden Temple: ਭਾਰਤੀ ਫੌਜ ਵੱਲੋਂ ਦਾਅਵਾ ਕੀਤਾ ਗਿਆ ਕਿ ਆਪਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨੀ ਫੌਜ ਨੇ ਸ਼੍ਰੀ ਹਰਮੰਦਿਰ ਸਾਹਿਬ ਨੂੰ ਨਿਸਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਫੌਜ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਅਨੁਸਾਰ ਪਾਕਿਸਤਾਨ ਨੇ 6-7 ਮਈ ਨੂੰ ਡਰੋਨ ਅਤੇ ਮਿਜ਼ਾਈਲਾਂ ਨਾਲ ਭਾਰਤ 'ਤੇ ਹਮਲਾ ਕੀਤਾ, ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਅਤੇ ਹੋਰ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ। ਮੁਗਲਾਂ ਤੋਂ ਲੈਕੇ ਪਾਕਿਸਤਾਨ ਤੱਕ... ਨਿਸ਼ਾਨੇ 'ਤੇ ਹਰਿਮੰਦਰ ਸਾਹਿਬ ਹੀ ਕਿਉਂ ਰਿਹਾ? ਆਓ ਜਾਣਦੇ ਹਾਂ...

Golden Temple: ਮੁਗਲਾਂ ਤੋਂ ਲੈਕੇ ਪਾਕਿਸਤਾਨ ਤੱਕ... ਆਖਿਰ ਨਿਸ਼ਾਨੇ ਤੇ ਕਿਉਂ ਰਿਹਾ ਹਰਿਮੰਦਰ ਸਾਹਿਬ?
Follow Us On

ਰੂਹਾਨੀਅਤ ਦਾ ਕੇਂਦਰ, ਧੰਨ ਧੰਨ ਰਾਮ ਦਾਸ ਜੀ ਦਾ ਉਹ ਪਾਵਨ ਪਵਿੱਤਰ ਅਸਥਾਨ ਜਿੱਥੋ ਦੇ ਦਰਸ਼ਨ ਦੀਦਾਰ ਦੀ ਅਰਦਾਸ ਹਰ ਕੋਈ ਸਿੱਖ, ਹਰ ਰੋਜ਼ ਕਰਦਾ ਹੈ। ਜਿਸ ਬਾਰੇ ਬਾਣੀ ਵਿੱਚ ਕਿਹਾ ਗਿਆ ਹੈ….ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ…। ਅਜਿਹਾ ਅਸਥਾਨ ਹੈ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ। ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਚਨ ਤੋਂ ਬਾਅਦ ਗੁਰੂ ਰਾਮ ਦਾਸ ਜੀ ਨੇ ਇਸ ਪਵਿੱਤਰ ਧਰਤੀ ਤੇ ਸਰੋਵਰ ਦਾ ਨਿਰਮਾਣ ਕਰਵਾਇਆ। ਜਿਸ ਮਗਰੋਂ ਪੰਜਵੇਂ ਪਾਤਸ਼ਾਹ ਸ਼੍ਰੀ ਅਰਜਨ ਜੀ ਨੇ 1588 ਈਸਵੀ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ। ਇਸ ਕਾਰਜ ਲਈ ਪਾਤਸ਼ਾਹ ਨੇ ਸੂਫ਼ੀ ਫਕੀਰ ਸਾਈ ਮੀਆਂ ਮੀਰ ਜੀ ਨੂੰ ਬੁਲਾਇਆ ਅਤੇ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ।

ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿੱਖੀ ਦਾ ਕੇਂਦਰ ਬਣ ਗਿਆ। ਪੰਜਵੇਂ ਪਾਤਸ਼ਾਹ ਨੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਮਹਾਨ ਸੰਪਾਦਨ ਦਾ ਕਾਰਜ ਇਸੇ ਥਾਂ ਤੇ ਕੀਤਾ ਅਤੇ ਪਹਿਲਾ ਪ੍ਰਕਾਸ਼ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੀ ਕੀਤਾ ਗਿਆ। ਸਿੱਖਾਂ ਦੀ ਵਧਦੀ ਤਾਕਤ ਨੂੰ ਮੁਗਲ ਹਕੂਮਤ ਸਹਿਣ ਨਾ ਕਰ ਸਕੀ। ਜਿਸ ਕਾਰਨ ਜਹਾਂਗੀਰ ਨੇ ਝੂਠੇ ਇਲਜ਼ਾਮ ਲਗਾ ਕੇ ਪੰਜਵੇਂ ਪਾਤਸ਼ਾਹ ਨੂੰ ਤੱਤੀ ਤਵੀ ਤੇ ਬੈਠਾ ਕੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਅਤੇ ਪਾਤਸ਼ਾਹ ਸ਼ਹੀਦ ਹੋ ਗਏ।

ਇਹ ਸਿੱਖ ਪੰਥ ਵਿੱਚ ਪਹਿਲੀ ਸ਼ਹੀਦੀ ਸੀ। ਇਸ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਵਿੱਚ ਅਜਿਹਾ ਮੋੜ ਆਇਆ ਕਿ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ। ਜਿਸ ਨਾਲ ਸਿੱਖਾਂ ਵਿੱਚ ਸੰਤ ਅਤੇ ਸਿਪਾਹੀ ਵਾਲਾ ਫਲਸਫਾ ਆ ਗਿਆ।

ਮੁਗਲਾਂ ਦੀਆਂ ਅੱਖਾਂ ਵਿੱਚ ਰੜਕਦਾ ਰਿਹਾ ਹਰਿਮੰਦਰ ਸਾਹਿਬ

ਸਮੇਂ ਸਮੇਂ ਦੀਆਂ ਸਰਕਾਰਾਂ ਦੀਆਂ ਅੱਖਾਂ ਵਿੱਚ ਹਰਿਮੰਦਰ ਸਾਹਿਬ ਰੜਕਦਾ ਰਿਹਾ ਹੈ ਕਿਉਂਕਿ ਇਹ ਸਿਰਫ਼ ਅਧਿਆਤਮ ਦਾ ਕੇਂਦਰ ਨਹੀਂ ਸਗੋਂ ਸਿੱਖਾਂ ਦੀ ਸ਼ਕਤੀ ਦਾ ਵੀ ਸਰੋਤ ਹੈ। ਸਰੋਵਰ ਦਾ ਜਲ ਸਿੱਖਾਂ ਨੂੰ ਨਵਾਂ ਜੀਵਨ ਦਿੰਦਾ ਹੈ। ਜਿਸ ਤਰ੍ਹਾਂ ਰਜਨੀ ਅਤੇ ਉਹਨਾਂ ਦੇ ਪਤੀ ਨੂੰ ਮਿਲਿਆ ਸੀ। ਜਦੋਂ ਅਬਦਾਲੀ ਦਾ ਦੌਰ ਆਇਆ ਤਾਂ ਸਿੱਖਾਂ ਨੇ ਉਸ ਦੀ ਫੌਜ ਨੂੰ ਭਾਜੜਾਂ ਪਾ ਦਿੱਤੀਆਂ। ਜਿਸ ਤੋਂ ਬਾਅਦ ਅਬਦਾਲੀ ਨੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ ਤਾਂ ਜੋ ਸਿੱਖਾਂ ਲਈ ਇਹ ਸਰੋਵਰ ਨਾ ਰਹੇ।

ਅਬਦਾਲੀ ਨੇ ਜਦੋਂ ਅੰਮ੍ਰਿਤਸਰ ਵਿੱਚ ਹਮਲਾ ਕੀਤਾ ਤਾਂ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਤੋਪਾਂ ਨਾਲ ਹਮਲਾ ਕੀਤਾ ਅਤੇ ਜਿਸ ਵਿੱਚ ਹਰਿਮੰਦਰ ਸਾਹਿਬ ਨੂੰ ਕਾਫੀ ਨੁਕਸਾਨ ਹੋਇਆ। ਇਸ ਤੋਂ ਬਾਅਦ ਸਿੱਖਾਂ ਨੇ ਮੁਗਲ ਫੌਜਾਂ ਨੂੰ ਹਰਾ ਕੇ ਮੁੜ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਵਾਈ। ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਵਰਗੇ ਸਿੱਖ ਜਰਨੈਲਾਂ ਨੇ ਕੌਮ ਦੀ ਅਗਵਾਈ ਕੀਤੀ।

ਮਿਸਲਾਂ ਵੇਲੇ ਵੀ ਰਿਹਾ ਸਿੱਖਾਂ ਦਾ ਕੇਂਦਰ

ਜਿਸ ਵੇਲੇ ਸਿੱਖਾਂ ਨੇ ਹਮਲਾ ਕਰਨ ਆਏ ਜਸਪਤ ਰਾਏ ਦਾ ਸਿਰ ਥੜ੍ਹ ਤੋਂ ਵੱਖ ਕਰ ਦਿੱਤਾ ਤਾਂ ਉਸ ਦਾ ਭਰਾ ਲੱਖਪਤ ਰਾਏ ਜੋ ਕਿ ਲਾਹੌਰ ਦਰਬਾਰ ਵਿੱਚ ਦੀਵਾਨ (ਖਜਾਨਾ ਮੰਤਰੀ) ਸੀ। ਉਸ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੂੰ ਸਿੱਖਾਂ ਦਾ ਨਾਮ ਜੜ੍ਹੋ ਮਿਟਾਉਣ ਦਾ ਪ੍ਰਣ ਲਿਆ। ਉਸ ਨੇ ਮੁਗਲ ਫੌਜ ਨਾਲ ਮਿਲ ਕੇ ਕਾਹਨੂੰਵਾਨ ਦੇ ਛੰਭ ਕੋਲ ਯਾਹੀਆ ਖਾਨ ਦੀ ਅਗਵਾਈ ਵਿੱਚ ਸਿੱਖਾਂ ਤੇ ਹਮਲਾ ਕਰ ਦਿੱਤਾ। ਜਿਸ ਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ। ਕੁੱਝ ਇਤਿਹਾਸਕਾਰਾਂ ਅਨੁਸਾਰ ਇਸ ਘੱਲੂਘਾਰੇ ਵਿੱਚ ਕਰੀਬ 11 ਹਜ਼ਾਰ ਸਿੱਖ ਮਾਰੇ ਗਏ ਸਨ।

ਹਾਲਾਂਕਿ ਇਸ ਵਿੱਚ ਸਿੱਖਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਪਰ ਲਖਪਤ ਰਾਏ ਦਾ ਉਹ ਸੁਫਨਾ ਅਧੂਰਾ ਰਹਿ ਗਿਆ, ਜਿਸ ਵਿੱਚ ਉਨ੍ਹਾਂ ਨੇ ਸਿੱਖਾਂ ਨੂੰ ਜੜ੍ਹੋ ਖ਼ਤਮ ਕਰਨ ਦਾ ਪ੍ਰਣ ਲਿਆ ਸੀ। ਇਹ ਸਿੱਖਾਂ ਦਾ ਹੌਂਸਲਾ ਹੀ ਸੀ ਕਿ ਐਨਾ ਵੱਡਾ ਨੁਕਸਾਨ ਹੋਣ ਤੋਂ ਬਾਅਦ ਵੀ ਕੁੱਝ ਕੁ ਮਹੀਨਿਆਂ ਮਗਰੋਂ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕੱਤਰ ਹੁੰਦੇ ਹਨ ਅਤੇ ਗੁਰਮਤਾ ਪਾ ਕੇ ਦਲ ਖਾਲਸਾ ਬਣਾ ਦਿੱਤਾ ਜਾਂਦਾ ਹੈ।

ਇਹੀ ਦਲ ਖਾਲਸਾ ਅੱਗੇ ਜਾ ਕੇ ਸਿੱਖ ਫੌਜਾਂ ਦੀ ਤਾਕਤ ਬਣਿਆ ਅਤੇ ਫਿਰ ਸਾਰੀਆਂ ਮਿਸਲਾਂ ਨੂੰ ਇਕੱਠਿਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਰਾਜ ਦੀ ਸਥਾਪਨਾ ਕੀਤੀ।

Photo Credit: @Isshh_622

ਇਹ ਰਾਜ ਵੀ ਸਦਭਾਵਨਾ ਅਤੇ ਭਾਈਚਾਰਕ ਏਕਤਾ ਦਾ ਪ੍ਰਤੀਕ ਬਣਿਆ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਾਲੇ ਇਸ ਰਾਜ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਸਨ ਅਤੇ ਅੰਮ੍ਰਿਤਸਰ ਵੀ ਇਸ ਭਾਈਚਾਰਿਕ ਸਾਂਝ ਦਾ ਕੇਂਦਰ ਬਣਿਆ, ਜਿੱਥੇ ਵਪਾਰ ਵੀ ਹੁੰਦਾ ਸੀ ਅਤੇ ਧਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰ ਵੀ।

ਹੁਣ ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨੀ ਫੌਜ ਨੇ ਵੀ ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਤੇ ਹਮਲਾ ਕਰਨ ਦੀ ਕੋਸ਼ਿਸ ਕੀਤੀ ਸੀ। ਜਿਸ ਨੂੰ ਭਾਰਤੀ ਏਅਰ ਡਿਫੈਸ ਸਿਸਟਮ ਨੇ ਨਕਾਮ ਕਰ ਦਿੱਤਾ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸਿਰਫ ਸਿੱਖਾਂ ਦਾ ਹੀ ਧਾਰਮਿਕ ਅਸਥਾਨ ਨਹੀਂ ਸਗੋਂ ਇਹ ਸਮੁੱਚੀ ਮਾਨਵਤਾ ਦਾ ਅਸਥਾਨ ਹੈ ਅਤੇ ਹਮੇਸ਼ਾ ਸ਼ਾਂਤੀ ਅਤੇ ਸਾਂਝੀ ਵਾਲਤਾ ਦਾ ਸੁਨੇਹਾ ਦਿੰਦਾ ਹੈ।