Hukamnama Sri Darbar Sahib 3 May 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 3 ਮਈ 2026

Updated On: 

03 May 2026 06:33 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 3 May 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 3 ਮਈ 2026

Hukamnama Sri Darbar Sahib 3 May 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਸੂਹੀ ਮਹਲਾ ੧ ॥ ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥ ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧॥ ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥ ਹਉਮੈ ਆਵੈ ਜਾਇ ਭਰਮਿ ਭੁਲਾਵਣਾ ॥੧॥ ਰਹਾਉ ॥ ਤੂੰ ਗੁਰਮੁਖਿ ਰਖਣਹਾਰੁ ਹਰਿ ਨਾਮੁ ਧਿਆਈਐ ॥ ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥੨॥ ਆਰਣਿ = ਭੱਠੀ ਵਿਚ। ਭੰਨਿ = ਭੰਨ ਕੇ, ਗਾਲ ਕੇ। ਸਾਕਤੁ = ਰੱਬ ਨਾਲੋਂ ਟੁੱਟਾ ਹੋਇਆ ਮਨੁੱਖ, ਮਾਇਆ-ਵੇੜ੍ਹਿਆ ਜੀਵ। ਭਵੈ = ਭਟਕਦਾ ਹੈ, ਭੌਂਦਾ ਹੈ। ਭਵਾਈਐ = (ਜੂਨਾਂ ਵਿਚ) ਪਾਇਆ ਜਾਂਦਾ ਹੈ ॥੧॥ ਆਵੈ ਜਾਇ = ਜੰਮਦਾ ਮਰਦਾ ਹੈ ॥੧॥ ਗੁਰਮੁਖਿ = ਗੁਰੂ ਦੀ ਸਰਨ ਪਿਆ ਮਨੁੱਖ। ਮੇਲਹਿ = (ਹੇ ਪ੍ਰਭੂ!) ਤੂੰ (ਗੁਰੂ) ਮਿਲਾਂਦਾ ਹੈਂ ॥੨॥ ਜਿਵੇਂ ਭੱਠੀ ਵਿਚ ਲੋਹਾ ਪਾ ਕੇ (ਤੇ) ਗਾਲ ਕੇ (ਨਵੇਂ ਸਿਰੇ) ਘੜਿਆ ਜਾਂਦਾ ਹੈ (ਲੋਹੇ ਤੋਂ ਕੰਮ ਆਉਣ ਵਾਲੀਆਂ ਚੀਜ਼ਾਂ ਬਣਾਈਆਂ ਜਾਂਦੀਆਂ ਹਨ) ਤਿਵੇਂ ਮਾਇਆ-ਵੇੜ੍ਹਿਆ ਜੀਵ ਜੂਨਾਂ ਵਿਚ ਪਾਇਆ ਜਾਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਇਆ ਹੋਇਆ ਗੇੜ ਵਿਚ ਚੱਕਰ ਲਾਂਦਾ ਹੈ (ਤੇ ਆਖ਼ਿਰ ਗੁਰੂ ਦੀ ਮੇਹਰ ਨਾਲ ਸੁਮੱਤ ਸਿੱਖਦਾ ਹੈ) ॥੧॥ (ਸਹੀ ਜੀਵਨ-ਜਾਚ) ਸਮਝਣ ਤੋਂ ਬਿਨਾ ਮਨੁੱਖ (ਜੇਹੜਾ ਭੀ) ਕਰਮ ਕਰਦਾ ਹੈ ਦੁੱਖ (ਪੈਦਾ ਕਰਨ ਵਾਲਾ ਕਰਦਾ ਹੈ) ਦੁੱਖ ਹੀ ਦੁੱਖ (ਸਹੇੜਦਾ ਹੈ)। ਹਉਮੈ ਦੇ ਕਾਰਨ ਮਨੁੱਖ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ, ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ ॥੧॥ ਰਹਾਉ॥ ਹੇ ਪ੍ਰਭੂ! (ਭਟਕ ਭਟਕ ਕੇ ਆਖ਼ਿਰ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਤੂੰ ਉਸ ਨੂੰ (ਚੌਰਾਸੀ ਦੇ ਗੇੜ ਤੋਂ) ਬਚਾਂਦਾ ਹੈਂ; ਉਹ, ਹੇ ਪ੍ਰਭੂ! ਤੇਰਾ ਨਾਮ ਸਿਮਰਦਾ ਹੈ। ਗੁਰੂ (ਭੀ) ਤੂੰ ਆਪਣੀ ਰਜ਼ਾ ਅਨੁਸਾਰ ਹੀ ਮਿਲਾਂਦਾ ਹੈਂ (ਜਿਸ ਨੂੰ ਮਿਲਦਾ ਹੈ) ਉਹ ਗੁਰੂ ਦੇ ਸ਼ਬਦ ਨੂੰ ਕਮਾਂਦਾ ਹੈ (ਗੁਰ-ਸ਼ਬਦ ਅਨੁਸਾਰ ਆਚਰਨ ਬਣਾਂਦਾ ਹੈ) ॥੨॥ ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !

Follow Us