Hukamnama Sri Darbar Sahib 15 August 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 15 ਅਗਸਤ 2026

Published: 

15 Aug 2026 06:18 AM IST

Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।

Hukamnama Sri Darbar Sahib 15 August 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 15 ਅਗਸਤ 2026

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ

ਟੋਡੀ ਮਃ ੫ ॥ ਮਾਈ ਮੇਰੇ ਮਨ ਕੀ ਪਿਆਸ ॥ ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥ ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥ ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥ ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥ ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥{ਪੰਨਾ716}

ਪਦਅਰਥ:ਮਾਈ = ਹੇ ਮਾਂ! ਸਕਉ = ਸਕਉਂ।ਰਹਿ ਨ ਸਕਉ = ਮੈਂ ਰਹਿ ਨਹੀਂ ਸਕਦਾ। ਮਨਿ = ਮਨ ਵਿਚ। ਧਾਰੀ = ਬਣਾਈ।ਰਹਾਉ।

ਸਿਮਰਉ = ਸਿਮਰਉਂ, ਮੈਂ ਸਿਮਰਦਾ ਹਾਂ। ਨਿਰੰਜਨ ਨਾਮੁ = ਨਿਰੰਜਨ ਦਾ ਨਾਮ। ਨਿਰੰਜਨ= {ਨਿਰ = ਅੰਜਨ। ਅੰਜਨ = ਮਾਇਆ ਦੀ ਕਾਲਖ}ਮਾਇਆ ਦੇ ਪ੍ਰਭਾਵ ਤੋਂ ਰਹਿਤ। ਕਰਤੇ = ਕਰਤਾਰ ਦਾ। ਤੇ = ਤੋਂ।ਸਭਿ = ਸਾਰੇ। ਕਿਲਵਿਖ = ਪਾਪ। ਸੁਖ ਦਾਤੇ ਨਾਮੁ = ਸੁਖਾਂ ਦੇ ਦੇਣ ਵਾਲੇ ਦਾ ਨਾਮ। ਬਿਮਲ = ਪਵਿਤ੍ਰ। ਜਾ ਕੋ ਜਾਸ = ਜਿਸ ਦਾ ਜਸ।੧।

ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਪੂਰ = ਪੂਰੇ ਹੋ ਗਏ ਹਨ। ਮਨੋਰਥ = ਮੁਰਾਦਾਂ। ਭੇਟੇ = ਮਿਲ ਪਏ ਹਨ। ਗੁਣਤਾਸ = ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ। ਸਹਜ = ਆਤਮਕ ਅਡੋਲਤਾ। ਕੋਟਿ = ਕ੍ਰੋੜਾਂ। ਸੂਰ = ਸੂਰਜ।੨।

ਅਰਥ:ਹੇ ਮਾਂ! ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ। ਮੇਰੇ ਮਨ ਦੀ ਇਹ ਪਿਆਸ (ਸਦਾ ਟਿਕੀ ਰਹਿੰਦੀ ਹੈ)।ਰਹਾਉ।

ਹੇ ਮਾਂ! ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ)ਪਵਿਤ੍ਰ (ਕਰ ਦੇਂਦੀ) ਹੈ, ਉਸ ਨਿਰੰਜਨ ਕਰਤਾਰ ਦਾ, ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ)ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ।੧।

ਹੇ ਨਾਨਕ! ਆਖ-ਹੇ ਮਾਂ!)ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ। (ਮੇਰੇ) ਮਨ ਵਿਚ ਸ਼ਾਂਤੀ ਪੈਦਾ ਹੋ ਗਈ ਹੈ, ਆਤਮਕ ਅਡੋਲਤਾ ਦੇ ਸੁਖ ਪੈਦਾ ਹੋ ਗਏ ਹਨ, (ਮਾਨੋ) ਕ੍ਰੋੜਾਂ ਸੂਰਜਾਂ ਦਾ (ਮੇਰੇ ਅੰਦਰ) ਚਾਨਣ ਹੋ ਗਿਆ ਹੈ।੨।੫।੨੪।

ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ !!

Loading...
Unable to load recommendations.
Follow Us