Hukamnama Sri Darbar Sahib 14 May 2026: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 14 ਮਈ 2026
Daily Hukamnama Sri Darbar Sahib: ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਦਾ ਮਤਲਬ ਹੈ ਹਰ ਰੋਜ਼ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਆ ਗਿਆ ਪਾਠ (ਉਪਦੇਸ਼/ਫ਼ੁਰਮਾਨ), ਜੋ ਕਿ ਰੋਜ਼ਾਨਾ ਸਾਧ ਸੰਗਤ ਲਈ ਪ੍ਰੇਰਨਾ ਸਰੋਤ ਹੁੰਦਾ ਹੈ ਅਤੇ ਸਾਰੇ ਸਿੱਖਾਂ ਲਈ ਜੀਵਨ ਜੀਉਣ ਦਾ ਮਾਰਗ ਦਰਸਾਉਂਦਾ ਹੈ।
ਹੁਕਮਨਾਮਾ ਸ੍ਰੀ ਦਰਬਾਰ ਸਾਹਿਬ 14 ਮਈ 2026
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ
ਸੂਹੀ ਮਹਲਾ ੫ ॥ ਅਨਿਕ ਬੀਂਗ ਦਾਸ ਕੇ ਪਰਹਰਿਆ ॥ ਕਰਿ ਕਿਰਪਾ ਪ੍ਰਭਿ ਅਪਨਾ ਕਰਿਆ ॥੧॥ ਤੁਮਹਿ ਛਡਾਇ ਲੀਓ ਜਨੁ ਅਪਨਾ ॥ ਉਰਝਿ ਪਰਿਓ ਜਾਲੁ ਜਗੁ ਸੁਪਨਾ ॥੧॥ ਰਹਾਉ ॥ ਪਰਬਤ ਦੋਖ ਮਹਾ ਬਿਕਰਾਲਾ ॥ ਖਿਨ ਮਹਿ ਦੂਰਿ ਕੀਏ ਦਇਆਲਾ ॥੨॥ ਸੋਗ ਰੋਗ ਬਿਪਤਿ ਅਤਿ ਭਾਰੀ ॥ ਦੂਰਿ ਭਈ ਜਪਿ ਨਾਮੁ ਮੁਰਾਰੀ ॥੩॥ ਦ੍ਰਿਸਟਿ ਧਾਰਿ ਲੀਨੋ ਲੜਿ ਲਾਇ ॥ ਹਰਿ ਚਰਣ ਗਹੇ ਨਾਨਕ ਸਰਣਾਇ ॥੪॥੨੨॥੨੮॥
ਪਦ ਅਰਥ: ਬੀਂਗ = ਵਿੰਗ, ਵਲ-ਛਲ, ਉਕਾਈਆਂ। ਪਰਹਰਿਆ = ਦੂਰ ਕਰ ਦਿੱਤੇ। ਕਰਿ = ਕਰ ਕੇ। ਪ੍ਰਭਿ = ਪ੍ਰਭੂ ਨੇ। ਕਰਿਆ = ਬਣਾ ਲਿਆ ॥੧॥ ਤੁਮਹਿ = ਤੂੰ ਆਪ ਹੀ। ਜਨੁ = ਸੇਵਕ। ਉਰਝਿ ਪਰਿਓ = ਉਲਝ ਪਿਆ ਸੀ ॥੧॥ ਪਰਬਤ ਦੋਖ = ਪਹਾੜ ਜੇਡੇ ਐਬ। ਬਿਕਰਾਲਾ = ਡਰਾਉਣੇ। ਸੋਗ = ਗ਼ਮ। ਜਪਿ = ਜਪ ਕੇ ॥੩॥ ਦ੍ਰਿਸਟਿ = (ਕਿਰਪਾ ਦੀ) ਨਜ਼ਰ। ਧਾਰਿ = ਕਰ ਕੇ। ਲੜਿ = ਲੜ ਨਾਲ। ਗਹੇ = ਫੜੇ ॥੪॥੨੨॥੨੮॥
ਇਹ ਵੀ ਪੜ੍ਹੋ
ਅਰਥ: ਪ੍ਰਭੂ ਨੇ ਆਪਣੇ ਸੇਵਕ ਦੇ ਅਨੇਕਾਂ ਵਿੰਗ ਦੂਰ ਕਰ ਦਿੱਤੇ, ਤੇ ਕਿਰਪਾ ਕਰ ਕੇ ਉਸ ਨੂੰ ਆਪਣਾ ਬਣਾ ਲਿਆ ਹੈ ॥੧॥ ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ (ਉਸ ਮੋਹ ਜਾਲ ਵਿਚੋਂ) ਆਪ ਕੱਢ ਲਿਆ, ਜੋ ਸੁਪਨੇ ਵਰਗੇ ਜਗਤ (ਦਾ ਮੋਹ-) ਜਾਲ (ਤੇਰੇ ਸੇਵਕ ਦੇ ਦੁਆਲੇ) ਚੀੜ੍ਹਾ ਹੋ ਗਿਆ ਸੀ ॥੧॥ ਰਹਾਉ॥ (ਸਰਨ ਆਏ ਮਨੁੱਖ ਦੇ) ਪਹਾੜਾਂ ਜੇਡੇ ਵੱਡੇ ਤੇ ਭਿਆਨਕ ਐਬ-ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਇਕ ਛਿਨ ਵਿਚ ਦੂਰ ਕਰ ਦਿੱਤੇ ॥੨॥ (ਸੇਵਕ ਦੇ) ਅਨੇਕਾਂ ਗ਼ਮ ਤੇ ਰੋਗ ਵੱਡੀਆਂ ਭਾਰੀਆਂ ਮੁਸੀਬਤਾਂ-ਪਰਮਾਤਮਾ ਦਾ ਨਾਮ ਜਪ ਕੇ ਦੂਰ ਹੋ ਗਈਆਂ ॥੩॥ ਪਰਮਾਤਮਾ ਨੇ ਮੇਹਰ ਦੀ ਨਿਗਾਹ ਕਰ ਕੇ ਉਸ ਮਨੁੱਖ ਨੂੰ ਆਪਣੇ ਲੜ ਲਾ ਲਿਆ, ਹੇ ਨਾਨਕ! ਜਿਸ ਨੇ ਪਰਮਾਤਮਾ ਦੇ ਚਰਨ ਫੜ ਲਏ, ਜੋ ਮਨੁੱਖ ਪ੍ਰਭੂ ਦੀ ਸਰਨ ਆ ਪਿਆ ॥੪॥੨੨॥੨੮॥ ਵਾਹਿਗੁਰੂ ਜੀ ਕਾ ਖਾਲਸਾ !! ਵਾਹਿਗੁਰੂ ਜੀ ਕੀ ਫਤਹਿ!!
