Chowa Sahib: ਕਿਲ੍ਹਾ ਰੋਹਤਾਸ ਵਿੱਚ ਸਥਿਤ ਹੈ ਗੁਰਦੁਆਰਾ ਚੋਵਾ ਸਾਹਿਬ, ਜਾਣੋਂ ਕੀ ਹੈ ਇਤਿਹਾਸ
ਜਿਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਿਆ। ਸਤਿਗੁਰੂ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਧਰਤੀ ਤੇ ਵੀ ਪੈਰ ਪਾਏ ਉਹ ਧਰਤੀ ਧੰਨ ਹੋ ਗਈ। ਅਸੀਂ ਅਜਿਹੀ ਹੀ ਇੱਕ ਗੁਰੂ ਸਾਹਿਬ ਦੀ ਚਰਨਛੋਹ ਪ੍ਰਾਪਤ ਅਤੇ ਪਵਿੱਤਰ ਧਰਤੀ ਦੇ ਇਤਿਹਾਸ ਬਾਰੇ ਜਾਣਨ ਜਾ ਰਹੇ ਹਾਂ ਜਿਸ ਨੂੰ ਗੁਰਦੁਆਰਾ ਚੋਵਾ ਸਾਹਿਬ ਕਿਹਾ ਜਾਂਦਾ ਹੈ।
ਪਾਕਿਸਤਾਨ, ਸਿੱਖ ਇਤਿਹਾਸ ਦੀ ਨਜ਼ਰੀਏ ਤੋਂ ਬਹੁਤ ਅਹਿਮ ਅਤੇ ਅਮੋਲ ਖ਼ਜਾਨਾ ਸੰਭਾਲੇ ਰੱਖਣ ਵਾਲੀ ਧਰਤੀ ਹੈ। ਲਹਿੰਦੇ ਪੰਜਾਬ ਦੇ ਜਿਲ੍ਹਾ ਜੇਹਲਮ ਦੀ ਦੀਨਾ ਤਹਿਸੀਲ ਅੰਦਰ ਪੈਂਦਾ ਹੈ ਕਿਲ੍ਹਾ ਰੋਹਤਾਸ। ਮੰਨਿਆ ਜਾਂਦਾ ਹੈ ਕਿ ਅਫ਼ਗਾਨ ਰਾਜਾ ਸ਼ੇਰ ਸ਼ਾਹ ਸੂਹੀ ਨੇ ਪੰਜਾਬ ਦੇ ਬਾਗੀਆਂ ਨੂੰ ਆਪਣੇ ਅਧੀਨ ਕਰਨ ਲਈ ਇਸ ਕਿਲ੍ਹੇ ਦਾ ਨਿਰਮਾਣ ਕਰਵਾਇਆ ਸੀ।
ਜੇਕਰ ਇਸ ਕਿਲ੍ਹੇ ਦੀ ਗੱਲ ਕਰੀਏ ਤਾਂ ਇਹ ਮੋਟੀ ਅਤੇ ਮਜ਼ਬੂਤ ਦੀਵਾਰਾਂ ਨਾਲ ਚਾਰੇ ਪਾਸਿਓਂ ਘਿਰਿਆ ਹੋਇਆ ਹੈ। ਇਹ ਕਿਲ੍ਹਾ 4 ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ। ਇਸ ਕਿਲ੍ਹੇ ਨੂੰ ਬਣਾਉਣ ਲਈ 8 ਵਰ੍ਹਿਆਂ ਦਾ ਸਮਾਂ ਲੱਗਿਆ। ਫਿਰ 1555 ਆਉਂਦਿਆਂ ਆਉਂਦਿਆਂ ਮੁਗ਼ਲ ਬਾਦਸ਼ਾਹ ਹੁਮਾਯੂੰ ਨੇ ਇਸ ਤੇ ਆਪਣਾ ਕਬਜ਼ਾ ਕਰ ਲਿਆ। ਇਸ ਕਿਲ੍ਹੇ ਦੀ ਅਹਿਮਅਤ ਇਸ ਗੱਲ ਤੋਂ ਸਮਝੀ ਜਾ ਸਕਦੀ ਹੈ। ਨਾਦਿਰ ਸ਼ਾਹ, ਅਹਿਮਦ ਸ਼ਾਹ ਅਬਦਾਲੀ ਅਤੇ ਮਰਾਠਾ ਫੌਜਾਂ ਨੇ ਵੀ ਇਸ ਕਿਲ੍ਹੇ ਨੂੰ ਆਪਣਾ ਟਿਕਾਣਾ ਬਣਾਇਆ ਸੀ।
ਸਿੱਖ ਰਾਜ ਦੀ ਸ਼ਾਨ ਬਣਿਆ ਕਿਲ੍ਹਾ ਰੋਹਤਾਸ
1825 ਈਸਵੀ ਵਿੱਚ ਇਹ ਕਿਲ੍ਹਾ ਸਿੱਖ ਰਾਜ ਦਾ ਹਿੱਸਾ ਬਣਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਾ ਚੋਵਾ ਸਾਹਿਬ ਨੂੰ ਆਰਥਿਕ ਮਦਦ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਤੇ ਹੀ ਗੁਰਦੁਆਰਾ ਚੋਵਾ ਸਾਹਿਬ ਦੀ ਮੌਜੂਦਾ ਇਮਾਰਤ ਬਣਵਾਈ ਗਈ ਸੀ।
ਨਾਨਕ ਪਾਤਸ਼ਾਹ ਨੇ ਪਾਏ ਚਰਨ
ਇਤਿਹਾਸਿਕ ਸਰੋਤਾਂ ਅਨੁਸਾਰ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੋਗੀਆਂ ਨਾਲ ਵਿਚਾਰਾਂ (ਗੋਸ਼ਠੀਆਂ) ਕਰਨ ਤੋਂ ਬਾਅਦ ਇਸ ਅਸਥਾਨ ਤੇ ਆਏ ਸਨ। ਜਿਸ ਸਮੇਂ ਪਾਤਸ਼ਾਹ ਇਸ ਅਸਥਾਨ ਤੇ ਆਏ ਤਾਂ ਇਹ ਇਲਾਕਾ ਅਬਾਦੀ ਰਹਿਤ ਸੀ। ਮਨੁੱਖੀ ਅਬਾਦੀ ਇਸ ਇਲਾਕੇ ਵਿੱਚ ਨਹੀਂ ਰਹਿੰਦੀ ਸੀ। ਜਿਸ ਦਾ ਵੱਡਾ ਕਾਰਨ ਸੀ ਪਾਣੀ ਦਾ ਨਾ ਹੋਣਾ। ਪਾਤਸ਼ਾਹ ਨੇ ਆਪਣੀ ਸੋਟੀ ਨਾਲ ਇੱਕ ਪਾਣੀ ਦਾ ਝਰਨਾ ਸ਼ੁਰੂ ਕਰ ਦਿੱਤਾ। ਜੋ ਅੱਜ ਤੱਕ ਇਲਾਕੇ ਦੇ ਲੋਕਾਂ ਲਈ ਪਾਣੀ ਦਾ ਇੱਕ ਅਹਿਮ ਸੋਮਾ ਹੈ।
ਅੱਜ ਕੱਲ੍ਹ ਸੰਗਤਾਂ ਇਸ ਪਾਵਨ ਅਸਥਾਨ ਨੂੰ ਗੁਰਦੁਆਰਾ ਚੋਵਾ ਸਾਹਿਬ ਦੇ ਨਾਮ ਨਾਲ ਜਾਣਦੀਆਂ ਹਨ। ਇਸ ਅਸਥਾਨ ਤੇ ਹਰ ਸਾਲ ਮੇਲਾ ਲੱਗਦਾ ਹੈ। ਇਸ ਅਸਥਾਨ ਦੇ ਆਲੇ ਦੁਆਲੇ ਦੇ ਕੁਦਰਤੀ ਨਜ਼ਾਰੇ ਦੇਖਣ ਯੋਗ ਹਨ। ਹਾਲਾਂਕਿ 1997 ਵਿੱਚ ਕਿਲ੍ਹੇ ਰੋਹਤਾਸ ਵਰਲਡ ਹੈਰੀਟੇਜ ਸਾਈਟ ਵਜੋਂ ਮਾਨਤਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ