ਚੱਬੇਵਾਲ ਸੀਟ ਤੇ ਇਸ਼ਾਂਕ ਦਾ 'ਰਾਜ', 28 ਹਜ਼ਾਰ ਵੋਟਾਂ ਨਾਲ ਜਿੱਤੀ ਚੋਣ
ਚੱਬੇਵਾਲ ਵਿਧਾਨ ਸਭਾ ਸੀਟ ਤੇ ਇੱਕ ਵਾਰ ਵਿੱਚ ਰਾਜ ਕੁਮਾਰ ਚੱਬੇਵਾਲ ਦੇ ਪਰਿਵਾਰ ਦਾ ਦਬਦਬਾ ਰਿਹਾ ਹੈ। ਆਪਣੇ ਪਿਤਾ ਵਾਂਗ ਇਸ਼ਾਂਕ ਚੱਬੇਵਾਲ ਵੀ ਹੁਣ ਇਸ ਹਲਕੇ ਤੋਂ ਵਿਧਾਨ ਚੁਣੇ ਜਾ ਚੁੱਕੇ ਹਨ। ਇਸ਼ਾਂਕ ਚੱਬੇਵਾਲ ਨੇ ਆਪਣੇ ਵਿਰੋਧੀ ਉਮੀਦਵਾਰ ਰਣਜੀਤ ਕੁਮਾਰ ਨੂੰ 28 ਹਜ਼ਾਰ 582 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਚੋਣ ਵਿੱਚ ਇਹ ਇਸ਼ਾਂਕ ਚੱਬੇਵਾਲ ਦੀ ਇੱਕ ਤਰਫ਼ਾ ਜਿੱਤ ਹੋਈ।
ਇਸ਼ਾਂਕ ਚੱਬੇਵਾਲ ਨੂੰ 51 ਹਜ਼ਾਰ 753 ਵੋਟਾਂ ਮਿਲੀਆਂ। ਜਦੋਂ ਕਿ ਉਹਨਾਂ ਦੇ ਵਿਰੋਧੀ ਕਾਂਗਰਸੀ ਉਮੀਦਵਾਰ ਰਣਜੀਤ ਕੁਮਾਰ ਨੂੰ 23 ਹਜ਼ਾਰ 171 ਵੋਟਾਂ ਹੀ ਮਿਲੀਆਂ ਅਤੇ ਉਹ ਦੂਜੇ ਨੰਬਰ ਤੇ ਰਹੇ। ਜਦੋਂ ਕਿ ਤੀਜੇ ਨੰਬਰ ਤੇ ਭਾਜਪਾ ਉਮੀਦਵਾਰ ਅਤੇ ਸਾਬਕਾ ਮੰਤਰੀ ਸੋਹਨ ਸਿੰਘ ਠੰਡਲ ਰਹੇ। ਜਿਨ੍ਹਾਂ ਨੂੰ 8 ਹਜ਼ਾਰ 667 ਵੋਟਾਂ ਮਿਲੀਆਂ।
ਪਹਿਲੀ ਵਾਰ ਚੋਣ ਲੜੇ ਇਸ਼ਾਂਕ
ਇਸ਼ਾਂਕ ਚੱਬੇਵਾਲ ਜ਼ਿਮਨੀ ਚੋਣ ਨਾਲ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਹੈ। ਹਾਲਾਂਕਿ ਉਹਨਾਂ ਦਾ ਪਰਿਵਾਰ ਪਹਿਲਾਂ ਤੋਂ ਹੀ ਸਿਆਸਤ ਵਿੱਚ ਹੈ। ਪਰ ਇਸ਼ਾਂਕ ਲਈ ਇਹ ਚੋਣ ਉਹਨਾਂ ਦੇ ਸਿਆਸੀ ਕਰੀਅਰ ਦੀ ਚੰਗੀ ਸ਼ੁਰੂਆਤ ਮੰਨੀ ਜਾ ਰਹੀ ਹੈ। ਉਹਨਾਂ ਨੂੰ ਇੱਕ ਵੱਡੇ ਫ਼ਰਕ ਨਾਲ ਜਿੱਤ ਹਾਸਿਲ ਹੋਈ ਹੈ।
ਪਿਤਾ ਨੇ ਬਦਲੀ ਪਾਰਟੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ਼ਾਂਕ ਚੱਬੇਵਾਲ ਦੇ ਪਿਤਾ ਰਾਜ ਕੁਮਾਰ ਚੱਬੇਵਾਲ ਨੇ ਪਾਰਟੀ ਬਦਲ ਲਈ ਸੀ। ਉਸ ਸਮੇ ਉਹ ਕਾਂਗਰਸ ਦੇ ਵਿਧਾਇਕ ਸਨ। ਉਹਨਾਂ ਕਾਂਗਰਸ ਛੱਡ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ। ਜਿਸ ਤੋਂ ਬਾਅਦ ਉਹ AAP ਦੀ ਟਿਕਟ ਤੇ ਲੋਕ ਸਭਾ ਦੀ ਚੋਣ ਲੜੀ ਸੀ। ਉਹ ਹੁਸ਼ਿਆਰਪੁਰ ਤੋਂ ਸਾਂਸਦ ਬਣੇ। ਇਸ ਤੋਂ ਬਾਅਦ ਚੱਬੇਵਾਲ ਸੀਟ ਖਾਲੀ ਹੋ ਗਈ ਸੀ।
ਜਿਸ ਤੋਂ ਬਾਅਦ 20 ਨਵੰਬਰ ਨੂੰ ਚੱਬੇਵਾਲ ਦੀ ਜ਼ਿਮਨੀ ਚੋਣ ਤੇ ਵੋਟਿੰਗ ਹੋਈ ਸੀ। ਜਿਸ ਤੋਂ ਬਾਅਦ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਕੀਤੀ ਗਈ। ਇਸ ਸੀਟ ਤੇ ਇੱਕ ਵਾਰ ਫਿਰ ਚੱਬੇਵਾਲ ਪਰਿਵਾਰ ਦਾ ਕਬਜ਼ਾ ਹੋ ਗਿਆ ਹੈ।
ਭਾਜਪਾ ਦੀ ਜ਼ਮਾਨਤ ਜਬਤ
ਜਿਮਨੀ ਚੋਣਾਂ ਤੋਂ ਕੁੱਝ ਦਿਨ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਏ ਭਾਜਪਾ ਉਮੀਦਵਾਰ ਸੋਹਨ ਸਿੰਘ ਠੰਡਲ ਦੀ ਜ਼ਮਾਨਤ ਜਬਤ ਹੋ ਗਈ ਹੈ। ਉਹਨਾਂ ਨੂੰ 8 ਹਜ਼ਾਰ ਤੋਂ ਵੱਧ ਹੀ ਵੋਟਾਂ ਹਾਸਿਲ ਹੋ ਸਕੀਆਂ। ਮੰਨਿਆ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਅਕਾਲੀ ਦਲ ਦਾ ਵੋਟ ਠੰਡਲ ਵੱਲ ਭੁਗਤ ਜਾਵੇ ਪਰ ਅਜਿਹਾ ਹੁੰਦਾ ਦਿਖਾਈ ਨਹੀਂ ਦਿੱਤਾ।