ਹੁਣ ਕਿੱਥੇ ਹੈ ਉਹ ਚੋਲਾ, ਜਿਸ ਨਾਲ ਹਰਗੋਬਿੰਦ ਸਾਹਿਬ ਨੇ 52 ਰਾਜੇ ਕਰਵਾਏ ਸੀ ਰਿਹਾਅ ?
Sikh History: ਅੱਜ ਦੇਸ਼ ਦੁਨੀਆਂ ਵਿੱਚ ਵਸਦੀਆਂ ਸਿੱਖ ਸੰਗਤਾਂ ਬੰਦੀ ਛੋੜ ਦਿਹਾੜਾ ਮਨਾ ਰਹੀਆਂ ਹਨ। ਛੇਵੇਂ ਪਾਤਸ਼ਾਹ ਸ਼੍ਰੀ ਹਰਿਗੋਬਿੰਦ ਸਾਹਿਬ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਪਹੁੰਚੇ ਸਨ। ਜਿਸ ਚੋਲੇ ਦੀਆਂ ਕਲੀਆਂ ਨੂੰ ਫੜ੍ਹ ਕੇ ਰਾਜੇ ਰਿਹਾਅ ਹੋਏ ਸਨ ਕੀ ਤੁਸੀਂ ਜਾਣਦੇ ਹੋ ਕੀ ਉਹ ਪਵਿੱਤਰ ਚੋਲਾ ਅੱਜ ਕਿੱਥੇ ਹੈ, ਜੇਕਰ ਨਹੀਂ ਤਾਂ ਆਓ ਜਾਣਦੇ ਹਾਂ।
Guru Hargobind Ji: ਮੀਰੀ ਅਤੇ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਨੂੰ ਸੰਗਤਾਂ ਪਿਆਰ ਨਾਲ ਸਤਿਗੁਰ ਬੰਦੀ ਛੋੜ ਕਹਿਕੇ ਪੁਕਾਰ ਦੀਆਂ ਹਨ। ਕਿਉਂਕਿ ਜੋ ਸਤਿਗੁਰੂ ਦੇ ਚਰਨਾਂ ਵਿੱਚ ਆ ਜਾਂਦਾ ਹੈ ਉਹ ਜਨਮ ਮਰਨ ਦੇ ਚੱਕਰਾਂ ਵਿੱਚੋਂ ਰਿਹਾਅ ਹੋ ਜਾਂਦਾ ਹੈ। ਸੱਚੇ ਗੁਰੂ ਦੀ ਜੋ ਸੰਗਤ ਕਰਦੇ ਹਨ ਉਹ ਖੁਦ ਤਾਂ ਤਰ ਜਾਂਦੇ ਹਨ ਪਰ ਆਪਣੇ ਨਾਲ ਸੈਂਕੜੇ ਹੋਰ ਲੋਕਾਂ ਨੂੰ ਤਾਰਕੇ ਮੁਕਤੀ ਦਾ ਰਾਹ ਦਿਖਾਉਂਦੇ ਹਨ।
ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਿਸ ਸਮੇਂ ਗੁਰਗੱਦੀ ਤੇ ਬੈਠੇ ਉਸ ਸਮੇਂ ਮੁਗਲ ਸਾਮਰਾਜ ਆਪਣੇ ਚਰਮ ਸੀਮਾ ਤੇ ਸੀ। ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਸਿੱਖਾਂ ਅੰਦਰ ਮੁਗਲਾਂ ਖਿਲਾਫ਼ ਰੋਸ ਦੀ ਲਹਿਰ ਸੀ। ਉੱਧਰ ਮੁਗਲ ਵੀ ਸਿੱਖਾਂ ਦੀ ਵਧਦੀ ਸ਼ਕਤੀ ਨੂੰ ਦੇਖਦਿਆਂ ਆਪਣਾ ਦੁਸ਼ਮਣ ਮੰਨਣ ਲੱਗ ਗਏ ਸਨ।
ਗੁਰੂ ਪਾਤਸ਼ਾਹ ਨੂੰ ਕਿਉਂ ਕੀਤਾ ਗਿਆ ਸੀ ਕੈਦ
ਅੱਜ ਤੋਂ ਕਰੀਬ 403 ਸਾਲ ਪਹਿਲਾਂ 1621 ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਸਿੱਖਾਂ ਨੂੰ ਇੱਕ ਨਵੀਂ ਸ਼ਕਤੀ ਦਿੱਤੀ। ਮੁਗਲ ਸਾਮਰਾਜ ਸਿੱਖਾਂ ਨੂੰ ਆਪਣਾ ਦੁਸ਼ਮਣ ਸਮਝਦਾ ਸੀ। ਜਿਸ ਕਰਕੇ ਸਾਮਰਾਜ ਨੇ ਸਿੱਖਾਂ ਦੀ ਵਧਦੀ ਸ਼ਕਤੀ ਨੂੰ ਦਬਾ ਦੇਣ ਦਾ ਫੈਸਲਾ ਲਿਆ। ਇਸ ਲਈ ਮੁਗਲਾਂ ਨੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਕੈਦ ਕਰ ਲਿਆ।
ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕੀਤਾ ਗਿਆ। ਕਿਲ੍ਹਾ ਜੋ ਕਾਫੀ ਉੱਚਾਈ ਤੇ ਬਣੇ ਹੋਣ ਕਾਰਨ ਮੁਗਲ ਸੈਨਾ ਲਈ ਇੱਕ ਸੁਰੱਖਿਅਤ ਟਿਕਾਣਾ ਸੀ ਜਿੱਥੇ ਉਹ ਬੰਦੀ ਬਣਾਏ ਗਏ ਕੈਦੀ ਨੂੰ ਆਸਾਨੀ ਨਾ ਕੈਦ ਕਰਕੇ ਰੱਖ ਸਕਦੇ ਸਨ। ਉੱਚੀ ਪਹਾੜੀ ਤੇ ਬਣੇ ਕਿਲ੍ਹੇ ਵਿੱਚੋਂ ਕੋਈ ਵੀ ਕੈਦੀ ਭੱਜਣ ਵਿੱਚ ਕਾਮਯਾਬ ਨਹੀਂ ਸੀ ਹੋ ਸਕਦਾ। ਲਿਹਾਜ਼ਾ ਇਸ ਕਰਕੇ ਗੁਰੂ ਸਾਹਿਬ ਨੂੰ ਵੀ ਐਥੇ ਕੈਦ ਕੀਤਾ ਗਿਆ।
52 ਰਾਜਿਆਂ ਦੀ ਰਿਹਾਈ
ਜਦੋਂ ਮੁਗਲਾਂ ਨੇ ਪਾਤਸ਼ਾਹ ਨੂੰ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਤਾਂ ਉਸੀ ਵਿਚਾਲੇ ਬਾਦਸ਼ਾਹ ਜਹਾਂਗੀਰ ਦੀ ਸਿਹਤ ਖ਼ਰਾਬ ਰਹਿਣ ਲੱਗੀ। ਪ੍ਰਚੱਲਿਤ ਕਥਾਵਾਂ ਅਨੁਸਾਰ ਜਹਾਂਗੀਰ ਦੇ ਸੁਪਨਿਆਂ ਵਿੱਚੋਂ ਕੋਈ ਫਕੀਰ ਆਉਂਦੇ ਅਤੇ ਪਾਤਸ਼ਾਹ ਨੂੰ ਰਿਹਾਅ ਕਰ ਦੇਣ ਲਈ ਕਹਿੰਦੇ। ਰਾਜੇ ਦੀ ਸਿਹਤ ਜ਼ਿਆਦਾ ਖ਼ਰਾਬ ਰਹਿਣ ਲੱਗ ਪਈ। ਅਜਿਹੇ ਵਿੱਚ ਮੁਗਲ ਬਾਦਸ਼ਾਹ ਨੇ ਪਾਤਸ਼ਾਹ ਨੂੰ ਛੱਡਣ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ
ਜਦੋਂ ਪਾਤਸ਼ਾਹ ਕੋਲ ਉਹ ਖ਼ਬਰ ਪਹੁੰਚੀ ਤਾਂ ਉਹਨਾਂ ਨੇ ਕਿਹਾ ਕਿ ਉਹ ਇਕੱਲੇ ਕਿਲ੍ਹੇ ਤੋਂ ਬਾਹਰ ਨਹੀਂ ਜਾਣਗੇ। ਉਹਨਾਂ ਨੇ ਬਾਕੀ ਲੋਕਾਂ ਦੀ ਰਿਹਾਈ ਵੀ ਮੰਗੀ ਪਰ ਮੁਗਲਾਂ ਲਈ ਇਹ ਸੌਖਾ ਨਹੀਂ ਸੀ ਕਿਉਂਕਿ ਜੇਕਰ ਮੁਗਲ ਰਾਜਿਆਂ ਨੂੰ ਰਿਹਾਅ ਕਰ ਦਿੰਦੇ ਤਾਂ ਸਲਤਨਤ ਖਿਲਾਫ਼ ਵਿਦਰੋਹ ਹੋ ਸਕਦਾ ਹੈ। ਪਰ ਅਖੀਰ ਪਾਤਸ਼ਾਹ ਅੱਗੇ ਮੁਗਲ ਬਾਦਸ਼ਾਹ ਨੂੰ ਝੁਕਣ ਪਿਆ। ਪਾਤਸ਼ਾਹ ਨੇ 52 ਕਲੀਆਂ ਵਾਲਾਂ ਚੋਲਾ ਪਹਿਨਾਇਆ। ਜਿਸ ਦੀ ਇੱਕ ਇੱਕ ਕਲੀ ਨੂੰ ਫੜ੍ਹ 52 ਰਾਜੇ ਕਿਲ੍ਹੇ ਤੋਂ ਬਾਹਰ ਆਏ।
ਹੁਣ ਕਿੱਥੇ ਹੈ 52 ਕਲੀਆਂ ਵਾਲਾਂ ਚੋਲਾ
ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਦਾ ਉਹ 52 ਕਲੀਆਂ ਵਾਲਾ ਚੋਲਾ ਅੱਜ ਕੱਲ੍ਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁਡਾਣੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨਾਂ ਲਈ ਰੱਖਿਆ ਗਿਆ ਹੈ। ਐਥੇ ਹਰ ਰੋਜ ਸੰਗਤਾਂ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਦੇ ਕੋਨੇ ਕੋਨਿਆਂ ਵਿੱਚੋਂ ਦਰਸ਼ਨ ਕਰਨ ਲਈ ਆਉਂਦੀਆਂ ਹਨ।