ਅਕਾਲ ਤਖ਼ਤ ਸਾਹਿਬ-ਤਖ਼ਤ ਪਟਨਾ ਸਾਹਿਬ ਵਿਚਾਲੇ ਵਿਵਾਦ ਖ਼ਤਮ, ਸੁਖਬੀਰ ਬਾਦਲ ਨੂੰ ਆਰੋਪਾਂ ਤੋਂ ਮੁਕਤੀ; ਜੱਥੇਦਾਰ ਬੋਲੇ – ਪੰਥਕ ਏਕਤਾ ਸਮੇਂ ਦੀ ਲੋੜ

lalit-sharma
Updated On: 

15 Jul 2025 11:43 AM

Akal Takht Vs Patna Shib Takht : ਸ੍ਰੀ ਅਕਾਲ ਤਖ਼ਤ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਚਾਲੇ ਲੰਬ ਵੇਲ੍ਹੇ ਤੋਂ ਚੱਲੇ ਆ ਰਹੇ ਵਿਵਾਦ ਦਾ ਆਖਿਰਕਾਰ ਅੰਤ ਹੋ ਗਿਆ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ 5 ਪਿਆਰੇ ਸਿੰਘ ਸਾਹਿਬਾਨ ਨੇ ਵੀ ਅੱਜ ਮੀਟਿੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਸਵੀਕਾਰ ਕੀਤਾ ਅਤੇ ਪਿਛਲੇ ਸਮੇਂ ਪਾਸ ਕੀਤੇ ਗਏ ਮਤਿਆਂ ਨੂੰ ਲਿਖਤੀ ਰੂਪ ਵਿੱਚ ਵਾਪਸ ਲੈ ਲਿਆ, ਜਿਸ ਦੀ ਜਾਣਕਾਰੀ ਸਕੱਤਰੇਤ ਨੂੰ ਭੇਜ ਦਿੱਤੀ ਗਈ ਹੈ।

ਅਕਾਲ ਤਖ਼ਤ ਸਾਹਿਬ-ਤਖ਼ਤ ਪਟਨਾ ਸਾਹਿਬ ਵਿਚਾਲੇ ਵਿਵਾਦ ਖ਼ਤਮ, ਸੁਖਬੀਰ ਬਾਦਲ ਨੂੰ ਆਰੋਪਾਂ ਤੋਂ ਮੁਕਤੀ; ਜੱਥੇਦਾਰ ਬੋਲੇ - ਪੰਥਕ ਏਕਤਾ ਸਮੇਂ ਦੀ ਲੋੜ

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

Follow Us On

ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਚਕਾਰ ਸਾਲਾਂ ਤੋਂ ਚੱਲ ਰਿਹਾ ਵਿਵਾਦ ਹੁਣ ਖਤਮ ਹੋ ਗਿਆ ਹੈ। ਦੋਵਾਂ ਤਖ਼ਤਾਂ ਦੇ ਪੰਜ ਸਿੰਘ ਸਾਹਿਬਾਨ ਨੇ ਆਪਸੀ ਸਹਿਮਤੀ ਨਾਲ ਇੱਕ ਦੂਜੇ ਖਿਲਾਫ਼ ਪਹਿਲਾਂ ਜਾਰੀ ਕੀਤੇ ਗਏ ਸਾਰੇ ਹੁਕਮਨਾਮੇ ਰੱਦ ਕਰ ਦਿੱਤੇ ਹਨ। ਇਹ ਫੈਸਲਾ ਸਿੱਖ ਪੰਥ ਵਿੱਚ ਏਕਤਾ, ਮਾਣ ਅਤੇ ਉੱਚ ਧਾਰਮਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਲਿਆ ਗਿਆ ਹੈ।

ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਲਿਖ ਕੇ ਮੁਆਫ਼ੀ ਮੰਗੀ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਪਟਨਾ ਸਾਹਿਬ ਵੱਲੋਂ ਗਿਆਨੀ ਰਣਜੀਤ ਸਿੰਘ ਗੌਹਰ ਖਿਲਾਫ ਅਦਾਲਤ ਵਿੱਚ ਦਾਇਰ ਕੇਸ ਵਾਪਸ ਲੈਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਬਣਦੇ ਧਾਰਮਿਕ ਅਧਿਕਾਰ ਦੇਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।

ਸੁਖਬੀਰ ਬਾਦਲ ਲਈ ਵੱਡੀ ਰਾਹਤ

ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਤਨਖਾਹੀਆ ਐਲਾਨੇ ਗਏ ਗਿਆਨੀ ਕੁਲਦੀਪ ਸਿੰਘ ਗੜਗੱਜ, ਬਾਬਾ ਟੇਕ ਸਿੰਘ ਧਨੌਲਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੂੰ ਸਾਰੇ ਆਰੋਪਾਂ ਤੋਂ ਬਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਐਲਾਨੇ ਗਏ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਵੀ ਮੁਆਫ਼ ਕਰ ਦਿੱਤਾ ਗਿਆ ਹੈ, ਅਤੇ ਉਨ੍ਹਾਂ ਨੂੰ ਮੁਆਫ਼ੀ ਪੱਤਰ ਭੇਜਿਆ ਗਿਆ ਹੈ।

ਪੰਥਕ ਏਕਤਾ ਸਮੇਂ ਦੀ ਲੋੜ – ਜੱਥੇਦਾਰ

ਜਥੇਦਾਰ ਗੜਗੱਜ ਨੇ ਕਿਹਾ ਕਿ “ਮੌਜੂਦਾ ਸਮਾਂ ਸਿੱਖ ਸ਼ਕਤੀ ਨੂੰ ਇੱਕਜੁੱਟ ਕਰਨ ਦਾ ਹੈ ਅਤੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਹੁਣ ਇਹ ਵਿਵਾਦ ਪੰਥਕ ਭਾਵਨਾ ਅਤੇ ਆਪਸੀ ਸਹਿਯੋਗ ਨਾਲ ਖਤਮ ਹੋ ਗਿਆ ਹੈ।”

ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਇਤਿਹਾਸਕ ਪਹਿਲਕਦਮੀ ਦਾ ਸਵਾਗਤ ਕਰਦਿਆਂ ਕਿਹਾ, “ਇਸ ਨਾਲ ਨਾ ਸਿਰਫ਼ ਦੋ ਤਖ਼ਤਾਂ ਵਿਚਕਾਰ ਵਿਵਾਦ ਦਾ ਅੰਤ ਹੋਇਆ ਹੈ, ਸਗੋਂ ਇਸ ਨਾਲ ਸਮੁੱਚੇ ਸਿੱਖ ਭਾਈਚਾਰੇ ਨੂੰ ਰਾਹਤ ਮਿਲੀ ਹੈ ਅਤੇ ਤਖ਼ਤ ਸਾਹਿਬਾਨ ਦੀ ਸ਼ਾਨ ਨੂੰ ਨੁਕਸਾਨ ਹੋਣ ਤੋਂ ਬਚਾਇਆ ਗਿਆ ਹੈ।”