ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਜਾਰੀ, ਸ਼ਾਮ ਤੱਕ ਆਵੇਗੀ ਫਾਈਨਲ ਲਿਸਟ

Updated On: 

05 Dec 2025 13:47 PM IST

ਐਸਡੀਐਮ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਤੇ ਕਿਸੇ ਵਿਅਕਤੀ ਨੂੰ ਇਤਰਾਜ਼ ਹੈ, ਤਾਂ ਉਹ ਅੱਜ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਸਾਰੇ ਇਤਰਾਜ਼ਾਂ ਤੇ ਪੜਤਾਲ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੱਜ ਸ਼ਾਮ ਤੱਕ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ।

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਜਾਰੀ, ਸ਼ਾਮ ਤੱਕ ਆਵੇਗੀ ਫਾਈਨਲ ਲਿਸਟ
Follow Us On

ਪੰਜਾਬ ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਅੱਜ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੀ ਪ੍ਰਕਿਰਿਆ ਜਾਰੀ ਹੈ। ਬੀਤੇ ਕੱਲ੍ਹ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਆਪਣੇ-ਆਪਣੇ ਨਾਮਜ਼ਦਗੀ ਫਾਰਮ ਦਾਖਲ ਕਰਵਾਏ ਗਏ ਸਨ। ਹਾਲਾਂਕਿ, ਇਸ ਦੌਰਾਨ ਕਈ ਇਲਾਕਿਆਂ ਚ ਸਥਿਤੀ ਤਣਾਅਪੂਰਨ ਵੀ ਦੇਖੀ ਗਈ।

ਚੋਣ ਰਿਟਰਨਿੰਗ ਅਫਸਰ ਤੇ ਐਸਡੀਐਮ ਅਜਨਾਲਾ ਰਵਿੰਦਰ ਸਿੰਘ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਜਨਾਲਾ ਤੇ ਰਮਦਾਸ ਬਲਾਕ ਚ ਕੁੱਲ 221 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸਾਰੇ ਦਾਖਲ ਪੱਤਰਾਂ ਦੀ ਵਿਵਸਥਿਤ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਐਸਡੀਐਮ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਤੇ ਕਿਸੇ ਵਿਅਕਤੀ ਨੂੰ ਇਤਰਾਜ਼ ਹੈ, ਤਾਂ ਉਹ ਅੱਜ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ। ਸਾਰੇ ਇਤਰਾਜ਼ਾਂ ਤੇ ਪੜਤਾਲ ਦੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਅੱਜ ਸ਼ਾਮ ਤੱਕ ਫਾਈਨਲ ਲਿਸਟ ਜਾਰੀ ਕਰ ਦਿੱਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਕੱਲ੍ਹ ਜਿਹੜੇ ਵੀ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੁੰਦੇ ਹਨ, ਉਹ ਆਪਣਾ ਫਾਰਮ ਵਾਪਸ ਲੈ ਸਕਦੇ ਹਨ। ਕਿਸੇ ਵੀ ਤਰ੍ਹਾਂ ਦੀ ਗਲਤੀ ਜਾਂ ਰਣਨੀਤੀ ਤਬਦੀਲੀ ਲਈ ਇਹ ਮੌਕਾ ਉਮੀਦਵਾਰਾਂ ਲਈ ਮਹੱਤਵਪੂਰਨ ਹੋਵੇਗਾ।

ਚੋਣਾਂ ਨੂੰ ਲੈ ਕੇ ਐਸਡੀਐਮ ਨੇ ਵੋਟਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ 14 ਦਸੰਬਰ ਨੂੰ ਵੋਟਿੰਗ ਹੋਣੀ ਹੈ ਤੇ ਸਾਰੇ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਡਰ ਜਾਂ ਦਬਾਅ ਦੇ ਆਪਣੇ ਲੋਕਤੰਤਰਕ ਹੱਕ ਦਾ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੋਣਾਂ ਨੂੰ ਸ਼ਾਂਤੀਪੂਰਵਕ ਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਤਿਆਰ ਹੈ।