Z+ Security to CM Maan: ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, 55 ਜਵਾਨ ਹੋਣਗੇ ਤਾਇਨਾਤ

Updated On: 

25 May 2023 19:55 PM

ਧਮਕੀਆਂ ਦੇ ਮੱਦੇਨਜ਼ਰ ਕੇਂਦਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ੈੱਡ ਪਲੱਸ ਸੁਰੱਖਿਆ ਕਵਰ ਦੇਣ ਦਾ ਫੈਸਲਾ ਕੀਤਾ ਹੈ। CM ਮਾਨ ਨੂੰ ਹੁਣ CRPF ਦੀ ਸੁਰੱਖਿਆ ਮਿਲੇਗੀ। ਉਨ੍ਹਾਂ ਦੀ ਸੁਰੱਖਿਆ 'ਚ 55 ਜਵਾਨ ਹਰ ਸਮੇਂ ਤਾਇਨਾਤ ਰਹਿਣਗੇ।

Z+ Security to CM Maan: ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰ ਨੇ ਦਿੱਤੀ ਜ਼ੈੱਡ ਪਲੱਸ ਸੁਰੱਖਿਆ, 55 ਜਵਾਨ ਹੋਣਗੇ ਤਾਇਨਾਤ
Follow Us On

Z+ Security to CM Maan: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Maan) ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਉਨ੍ਹਾਂ ਨੂੰ ਹੁਣ Z+ ਸੁਰੱਖਿਆ ਦਿੱਤੀ ਜਾਵੇਗੀ। ਸੀਐਮ ਮਾਨ ਨੂੰ ਹੁਣ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੀ ਸੁਰੱਖਿਆ ਮਿਲੇਗੀ। ਉਨ੍ਹਾਂ ਦੀ ਸੁਰੱਖਿਆ ‘ਚ 55 ਜਵਾਨ ਹਰ ਸਮੇਂ ਤਾਇਨਾਤ ਰਹਿਣਗੇ। ਹਾਲਾਂਕਿ ਪੰਜਾਬ ਸਰਕਾਰ ਨੇ ਇਸ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਹਾਲੇ ਇਨਕਾਰ ਕੀਤਾ ਗਿਆ ਹੈ। ਪਰ ਕੇਂਦਰ ਵੱਲੋਂ ਅਗਲੇ 2-3 ਦਿਨਾਂ ਵਿੱਚ ਇਸ ਫੈਸਲੇ ਨੂੰ ਲੈ ਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਸਕਦਾ ਹੈ।

ਜ਼ੈੱਡ ਪਲੱਸ ਸੁਰੱਖਿਆ ਕਵਰ ਦਾ ਮਤਲਬ ਹੈ ਕਿ ਜਵਾਨ ਨਾ ਸਿਰਫ਼ ਸੀਐਮ ਮਾਨ ਦੀ ਹੀ ਨਹੀਂ, ਸਗੋਂ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੀ ਵੀ ਸੁਰੱਖਿਆ ਕਰਨਗੇ। ਸੂਤਰਾਂ ਨੇ ਦੱਸਿਆ ਕਿ ਪੰਜਾਬ ‘ਚ ਖਾਲਿਸਤਾਨੀ ਸਰਗਰਮੀਆਂ ਦੇ ਮੱਦੇਨਜ਼ਰ ਸੀਐੱਮ ਮਾਨ ਤੇ ਖਤਰੇ ਨੂੰ ਲੈ ਕੇ ਇੱਕ ਰਿਪੋਰਟ ਤਿਆਰ ਕੀਤੀ ਗਈ ਸੀ। ਇਸ ਤੋਂ ਬਾਅਦ ਕੇਂਦਰੀ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੇ ਭਗਵੰਤ ਮਾਨ ਲਈ ਇਸ ਤਰ੍ਹਾਂ ਦੇ ਸੁਰੱਖਿਆ ਕਵਰ ਦੀ ਸਿਫਾਰਸ਼ ਕੀਤੀ ਸੀ।

ਦੱਸ ਦੇਈਏ ਕਿ ਕੇਂਦਰ ਸਰਕਾਰ ਖੁਫੀਆ ਵਿਭਾਗਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਵੀਆਈਪੀਜ਼ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ। ਇਹ ਸੁਰੱਖਿਆ ਦੀਆਂ ਚਾਰ ਤਰ੍ਹਾਂ ਦੀ ਹੁੰਦੀ ਹੈ। Z ਪਲੱਸ, Z, Y ਅਤੇ X। ਪ੍ਰਸਤਾਵ ਮਿਲਣ ਤੋਂ ਬਾਅਦ ਸਰਕਾਰ ਤੈਅ ਕਰਦੀ ਹੈ ਕਿ ਕਿਸ ਨੂੰ ਕਿਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇ। ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿੱਚ, ਸੁਰੱਖਿਆ ਦੀਆਂ ਦੋ ਸ਼੍ਰੇਣੀਆਂ, ਜ਼ੈੱਡ ਅਤੇ ਜ਼ੈੱਡ ਪਲੱਸ ਹਨ, ਜੋ ਆਮ ਤੌਰ ‘ਤੇ ਦੇਸ਼ ਦੀਆਂ ਵੱਡੀਆਂ ਸ਼ਖਸੀਅਤਾਂ ਨੂੰ ਮਿਲਦੀਆਂ ਹਨ।

ਖਾਲਿਸਤਾਨੀ ਸਮਰਥਕਾਂ ਤੋਂ ਖ਼ਤਰਾ!

ਮੁੱਖ ਮੰਤਰੀ ਦੀ ਸੁਰੱਖਿਆ ਵਧਾਉਣ ਦਾ ਇਹ ਅਹਿਮ ਫੈਸਲਾ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਤਕਰੀਬਨ ਡੇਢ ਮਹੀਨੇ ਬਾਅਦ ਲਿਆ ਗਿਆ ਹੈ। ਜਿਕਰਯੋਗ ਹੈ ਕਿ ਅਮ੍ਰਿਤਪਾਲ ਸਿੰਘ ਆਪਣੇ ਨੌਂ ਕਰੀਬੀ ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਖੂਫੀਆ ਏਜੰਸੀਆਂ ਨੂੰ ਮੁੱਖ ਮੰਤਰੀ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਨੁਕਸਾਨ ਪਹੁੰਚਾਉਣ ਦਾ ਇਨਪੁੱਟ ਮਿਲਣ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਜਾ ਰਿਹਾ ਹੈ।

ਕਾਨੂੰਨ-ਵਿਵਸਥਾ ‘ਤੇ ਬੀਜੇਪੀ ਨੇ ਘੇਰੀ ਸਰਕਾਰ

ਬੀਜੇਪੀ ਨੇ ਮੁੱਖ ਮੰਤਰੀ ਮਾਨ ਨੂੰ ਮਿਲੀ ਇਸ ਸੁਰੱਖਿਆ ਦੇ ਫੈਸਲੇ ਨੂੰ ਸਹੀ ਦੱਸਿਆ ਹੈ, ਪਰ ਨਾਲ ਹੀ ਉਨ੍ਹਾਂ ਨੇ ਸੂਬਾ ਸਰਕਾਰ ਉੱਤੇ ਵੱਡਾ ਹਮਲਾ ਵੀ ਬੋਲਿਆ ਹੈ। ਭਾਜਪਾ ਦਾ ਕਹਿਣਾ ਹੈ ਕਿ ਇਸ ਫੈਸਲੇ ਤੋਂ ਲੱਗਦਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੈ। ਪੰਜਾਬ ਦੇ ਹਾਲਾਤ ਕਾਫੀ ਖਰਾਬ ਹਨ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਕੋਲ ਜਰੂਰ ਕੋਈ ਇਨਪੁੱਟ ਹੋਵੇਗਾ, ਜਿਸ ਦੇ ਚਲਦਿਆਂ ਇਹ ਫੈਸਲਾ ਲਿਆ ਗਿਆ ਹੈ।

ਪੰਜਾਬ ‘ਚ ਗਰਮਾ ਸਕਦੀ ਹੈ ਸਿਆਸਤ

ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾਉਣ ਦੀ ਵੀ ਸੰਭਾਵਨਾ ਬਣ ਗਈ ਹੈ। ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਸੂਬੇ ਦੀ ਮਾਨ ਸਰਕਾਰ ਨੇ ਕਈ ਵੀਵੀਆਈਪੀ ਲੋਕਾਂ ਦੀ ਸੁਰੱਖਿਆ ਘਟਾ ਦਿੱਤੀ ਸੀ। ਇਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਦੀ ਸੁਰੱਖਿਆ ਘਟਾਉਣ ਦਾ ਮਾਮਲਾ ਹਾਲੇ ਕੋਰਟ ਵਿੱਚ ਵਿਚਾਰ ਅਧੀਨ ਹੈ। ਜਦਕਿ ਠੀਕ ਇਕ ਸਾਲ ਪਹਿਲਾਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਦੇ ਤੁਰੰਤ ਬਾਅਦ ਹੀ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਮੁਸੇਵਾਲਾ ਦੇ ਮਾਪੇ ਹਾਲੇ ਵੀ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ