Operation Blue Star: ਸ੍ਰੀ ਦਰਬਾਰ ਸਾਹਿਬ ‘ਚ ਕਿਉਂ ਦਾਖਿਲ ਹੋਈ ਫੌਜ? ਇੰਦਰਾ ਗਾਂਧੀ ਨੂੰ ਕਿਉਂ ਦੇਣਾ ਪਿਆ ਫੌਜੀ ਕਾਰਵਾਈ ਦਾ ਹੁਕਮ? ਜਾਣੋ ਪੂਰੀ ਕਹਾਣੀ

Updated On: 

05 Jun 2023 11:27 AM

Operation Blue Star: 1 ਜੂਨ 1984 ਤੋਂ 6 ਜੂਨ 1984 ਤੱਕ ਪੰਜਾਬ ਵਿੱਚ ਸਾਕਾ ਨੀਲਾ ਤਾਰਾ ਹੋਇਆ। ਭਾਰਤੀ ਫੌਜ ਨੇ ਇਹ ਆਪਰੇਸ਼ਨ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿਖੇ ਕੀਤਾ। ਇਸ ਆਪਰੇਸ਼ਨ ਦੌਰਾਨ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸ ਦੇ ਕਮਾਂਡਰ ਸੁਬੇਗ ਸਿੰਘ ਮਾਰੇ ਗਏ ਸਨ।

Operation Blue Star: ਸ੍ਰੀ ਦਰਬਾਰ ਸਾਹਿਬ ਚ ਕਿਉਂ ਦਾਖਿਲ ਹੋਈ ਫੌਜ? ਇੰਦਰਾ ਗਾਂਧੀ ਨੂੰ ਕਿਉਂ ਦੇਣਾ ਪਿਆ ਫੌਜੀ ਕਾਰਵਾਈ ਦਾ ਹੁਕਮ? ਜਾਣੋ ਪੂਰੀ ਕਹਾਣੀ
Follow Us On

Operation Blue Star: ਆਪ੍ਰੇਸ਼ਨ ਬਲੂ ਸਟਾਰ (Blue Star) ਆਜ਼ਾਦ ਭਾਰਤ ਦੇ ਇਤਿਹਾਸ ਦੀ ਇੱਕ ਅਜਿਹੀ ਘਟਨਾ ਸੀ, ਜਿਸ ਨੇ ਕੁਝ ਚੀਜ਼ਾਂ ਨੂੰ ਹਮੇਸ਼ਾ ਲਈ ਬਦਲ ਦਿੱਤਾ। ਕਿਨ੍ਹਾਂ ਕਾਰਨਾਂ ਕਰਕੇ ਭਾਰਤੀ ਫੌਜ ਨੂੰ ਇਹ ਕਾਰਵਾਈ ਕਰਨੀ ਪਈ? ਆਖ਼ਰ ਉਹ ਕਿਹੜੀ ਮਜਬੂਰੀ ਸੀ, ਜਿਸ ਕਾਰਨ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਫ਼ੌਜੀ ਕਾਰਵਾਈ ਦਾ ਹੁਕਮ ਦੇਣਾ ਪਿਆ ਸੀ? ਜਰਨੈਲ ਸਿੰਘ ਭਿੰਡਰਾਂਵਾਲੇ ਦੀ ਮੌਤ ਦੀ ਖਬਰ ਕਦੋਂ ਆਈ? ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਵਿੱਚ ਫੌਜ ਕਦੋਂ ਦਾਖਲ ਹੋਈ? ਆਓ ਜਾਣਦੇ ਹਾਂ ਪੂਰੀ ਕਹਾਣੀ।

ਪੰਜਾਬ (Punjab) ਵਿੱਚ 70 ਦੇ ਦਹਾਕਿਆਂ ਦੇ ਅਖੀਰ ਅਤੇ 80ਦੇ ਦਹਾਕਿਆਂ ਦੇ ਸ਼ੁਰੂ ਵਿੱਚ ਹਾਲਾਤ ਵਿਗੜ ਰਹੇ ਸਨ। 1978 ਵਿਚ ਵਿਸਾਖੀ ਵਾਲੇ ਦਿਨ ਸਿੱਖਾਂ ਅਤੇ ਨਿਰੰਕਾਰੀ ਸਿੱਖਾਂ ਵਿਚ ਹੋਏ ਖੂਨੀ ਝੜਪ ਵਿਚ 13 ਨਿਰੰਕਾਰੀਆਂ ਦੀ ਮੌਤ ਹੋ ਗਈ ਸੀ। ਨਿਰੰਕਾਰੀਆਂ ਦੇ ਮੁਖੀ ਬਾਬਾ ਗੁਰਬਚਨ ਸਿੰਘ ਦੀ 24 ਅਪ੍ਰੈਲ 1980 ਨੂੰ ਦਿੱਲੀ ਵਿਖੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 1983 ਵਿੱਚ ਡੀਆਈਜੀ ਏਐਸ ਅਟਵਾਲ ਦਾ ਹਰਿਮੰਦਰ ਸਾਹਿਬ ਦੀਆਂ ਪੌੜੀਆਂ ਨੇੜੇ ਭਿੰਡਰਾਂਵਾਲੇ ਦੇ ਸਮਰਥਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।

ਦਰਬਾਰਾ ਸਿੰਘ ਸਰਕਾਰ ਨੂੰ ਕੀਤਾ ਸੀ ਬਰਖਾਸਤ

ਭਿੰਡਰਾਂਵਾਲੇ ਦੀ ਦਹਿਸ਼ਤ ਇੰਨੀ ਸੀ ਕਿ ਪੁਲਿਸ ਨੂੰ ਲਾਸ਼ ਤੱਕ ਪਹੁੰਚਣ ਵਿੱਚ ਦੋ ਘੰਟੇ ਲੱਗ ਗਏ। ਅਕਤੂਬਰ 1983 ਵਿੱਚ ਇੱਕ ਬੱਸ ਵਿੱਚ ਸਫ਼ਰ ਕਰ ਰਹੇ ਹਿੰਦੂ ਭਾਈਚਾਰੇ ਦੇ ਛੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ (Indira Gandhi) ਨੇ ਪੰਜਾਬ ਦੀ ਆਪਣੀ ਹੀ ਦਰਬਾਰਾ ਸਿੰਘ ਸਰਕਾਰ ਨੂੰ ਬਰਖਾਸਤ ਕਰ ਦਿੱਤਾ। ਖੁਫੀਆ ਸੂਚਨਾ ਮਿਲੀ ਸੀ ਕਿ ਜੇਕਰ ਹਾਲਾਤ ਨਾ ਸੁਧਰੇ ਤਾਂ ਪੰਜਾਬ ਹੱਥੋਂ ਨਿਕਲ ਸਕਦਾ ਹੈ। ਅਜਿਹੀ ਸਥਿਤੀ ਵਿੱਚ ਇੰਦਰਾ ਗਾਂਧੀ ਨੇ ਸਾਕਾ ਨੀਲਾ ਤਾਰਾ ਲਈ ਹਰੀ ਝੰਡੀ ਦੇ ਦਿੱਤੀ ਸੀ। ਆਪਰੇਸ਼ਨ ਤੋਂ ਪਹਿਲਾਂ 2 ਜੂਨ 1984 ਨੂੰ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ।

ਕੌਣ ਸੀ ਜਰਨੈਲ ਸਿੰਘ ਭਿੰਡਰਾਵਾਲੇ ?

ਜਰਨੈਲ ਸਿੰਘ ਭਿੰਡਰਾਂਵਾਲੇ ਨੂੰ 1977 ਵਿੱਚ ਸਿੱਖ ਧਰਮ ਪ੍ਰਚਾਰ ਦੀ ਮੁੱਖ ਸ਼ਾਖਾ ਦਮਦਮੀ ਟਕਸਾਲ ਦਾ ਪ੍ਰਧਾਨ ਬਣਾਇਆ ਗਿਆ ਸੀ। ਭਿੰਡਰਾਂਵਾਲੇ ਦੇ ਜੋਸ਼ ਭਰੇ ਭਾਸ਼ਣਾਂ ਨਾਲ ਪੰਜਾਬ ਵਿੱਚ ਹੌਲੀ-ਹੌਲੀ ਇੱਕ ਕੱਟੜਪੰਥੀ ਗਰੁੱਪ ਬਣਨਾ ਸ਼ੁਰੂ ਹੋ ਗਿਆ। ਨਿਰੰਕਾਰੀ ਸਮਾਜ ਦੇ ਬਾਬਾ ਗੁਰਬਚਨ ਸਿੰਘ ਦੇ ਕਤਲ ਵਿੱਚ ਫੜੇ ਗਏ ਸਾਰੇ 20 ਵਿਅਕਤੀਆਂ ਦਾ ਸਬੰਧ ਭਿੰਡਰਾਂਵਾਲੇ ਨਾਲ ਸੀ। ਦਸੰਬਰ 1983 ਵਿੱਚ, ਜਰਨੈਲ ਸਿੰਘ ਭਿੰਡਰਾਂਵਾਲੇ ਨੇ ਹਰਿਮੰਦਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ।

6 ਵਜੇ ਤੋਂ ਪਹਿਲਾਂ ਪੂਰਾ ਹੋਇਆ ਸੀ ਆਪਰੇਸ਼ਨ

ਇਸ ਤੋਂ ਬਾਅਦ ਉਹ ਅਕਾਲ ਤਖ਼ਤ ਦੇ ਨਾਲ ਵਾਲੀ ਇਮਾਰਤ ਵਿੱਚ ਰਹਿਣ ਲੱਗ ਪਿਆ ਅਤੇ ਫਿਰ ਅਕਾਲ ਤਖ਼ਤ ਉੱਤੇ ਕਬਜ਼ਾ ਕਰ ਲਿਆ। ਭਿੰਡਰਾਂਵਾਲੇ ਦੇ ਨਾਲ-ਨਾਲ ਖਾਲਿਸਤਾਨ ਪੱਖੀ ਅੱਤਵਾਦੀਆਂ ਨੇ ਵੀ ਹਰਿਮੰਦਰ ਸਾਹਿਬ ਵਿੱਚ ਪਨਾਹ ਲਈ ਸੀ। 5 ਜੂਨ 1984 ਨੂੰ ਰਾਤ 9.30 ਵਜੇ ਭਾਰਤੀ ਫੌਜ ਹਰਿਮੰਦਰ ਸਾਹਿਬ ਵਿੱਚ ਦਾਖਲ ਹੋਈ। ਇਹ ਕਾਰਵਾਈ ਸਵੇਰ ਤੱਕ ਚੱਲਦੀ ਰਹੀ।

ਇਹ ਅਪਰੇਸ਼ਨ 6 ਜੂਨ 1984 ਨੂੰ ਸਵੇਰੇ 6 ਵਜੇ ਤੋਂ ਪਹਿਲਾਂ ਪੂਰਾ ਹੋ ਗਿਆ ਸੀ। ਭਿੰਡਰਾਂਵਾਲਾ ਅਤੇ ਉਸਦੇ ਕਮਾਂਡਰ ਸੁਬੇਗ ਸਿੰਘ ਨੂੰ ਫੌਜ ਨੇ ਮਾਰ ਦਿੱਤਾ। ਆਪ੍ਰੇਸ਼ਨ ਦੀ ਅਗਵਾਈ ਕਰ ਰਹੇ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਸਾਨੂੰ ਸਵੇਰੇ ਖ਼ਬਰ ਮਿਲੀ ਕਿ ਭਿੰਡਰਾਂਵਾਲਾ ਮਾਰਿਆ ਗਿਆ ਹੈ। ਇਸ ਤੋਂ ਬਾਅਦ 6 ਜੂਨ 1984 ਨੂੰ ਸਵੇਰੇ 10 ਵਜੇ ਦੇ ਕਰੀਬ ਅਸੀਂ ਹਰਿਮੰਦਰ ਸਾਹਿਬ ਵਿੱਚ ਪ੍ਰਵੇਸ਼ ਕੀਤਾ।

ਜਨਰਲ ਸੁਬੇਗ ਸਿੰਘ ਬਾਰੇ ਖਾਸ ਜਾਣਕਾਰੀ

ਭਿੰਡਰਾਂਵਾਲੇ ਦਾ ਸਭ ਤੋਂ ਖਾਸ ਵਿਅਕਤੀ ਮੇਜਰ ਜਨਰਲ ਸੁਬੇਗ ਸਿੰਘ ਸੀ। ਇਸ ਚਿੱਟੀ ਦਾੜ੍ਹੀ ਵਾਲੇ ਨੇ ਹਰਿਮੰਦਰ ਸਾਹਿਬ ਦੇ ਅੰਦਰ ਫੌਜ ਦੇ ਖਿਲਾਫ ਮੋਰਚਾ ਬਣਾ ਲਿਆ ਸੀ। 200 ਦੇ ਕਰੀਬ ਸਮਰਥਕਾਂ ਸਮੇਤ ਸੁਬੇਗ ਸਿੰਘ ਨੇ ਮਰਨ ਤੱਕ ਗੋਲੀ ਚਲਾਈ। ਇੱਕ ਖਾਸ ਗੱਲ ਇਹ ਹੈ ਕਿ ਭਾਰਤੀ ਫੌਜ ਵਿੱਚ ਆਪਣੇ ਕਰੀਅਰ ਦੌਰਾਨ ਮੇਜਰ ਜਨਰਲ ਸੁਬੇਗ ਨੇ ਹਰ ਵੱਡੀ ਜੰਗ ਵਿੱਚ ਹਿੱਸਾ ਲਿਆ ਸੀ। 1947 ‘ਚ ਪਾਕਿਸਤਾਨ ਦਾ ਹਮਲਾ, 1962 ‘ਚ ਚੀਨ ਨਾਲ ਜੰਗ ਤੋਂ ਇਲਾਵਾ 1965 ਅਤੇ 1971 ਦੀਆਂ ਜੰਗਾਂ ‘ਚ ਵੀ ਉਹ ਲੜਿਆ। 1971 ਵਿੱਚ ਪਾਕਿਸਤਾਨ ਨਾਲ ਜੰਗ ਦੌਰਾਨ ਭਾਰਤੀ ਫੌਜ ਮੁਖੀ ਸੈਮ ਮਾਨੇਕ ਸ਼ਾਅ ਨੇ ਉਸ ਨੂੰ ਬੰਗਲਾਦੇਸ਼ ਭੇਜਿਆ ਸੀ।

ਸੁਬੇਗ ਸਿੰਘ ਨੌਕਰੀ ਤੋਂ ਕੀਤਾ ਸੀ ਬਰਖਾਸਤ

ਸੁਬੇਗ ਨੂੰ ਬੰਗਲਾਦੇਸ਼ ਯੁੱਧ ਵਿੱਚ ਪਰਮ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ। ਬਾਅਦ ਵਿੱਚ ਉਹ ਬਰੇਲੀ ਵਿੱਚ ਤਾਇਨਾਤ ਸੀ। ਉਹ ਉਦੋਂ ਵਿਵਾਦਾਂ ਵਿੱਚ ਆ ਗਿਆ ਸੀ ਜਦੋਂ ਉਹ ਇੱਕ ਵਿੱਤੀ ਗੜਬੜੀ ਦੇ ਸਬੰਧ ਵਿੱਚ ਜਾਂਚ ਕਰ ਰਿਹਾ ਸੀ। ਸੁਬੇਗ ਨੂੰ ਸੇਵਾਮੁਕਤੀ ਤੋਂ ਇੱਕ ਦਿਨ ਪਹਿਲਾਂ ਹੀ ਫੌਜ ਦੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਅੰਮ੍ਰਿਤਸਰ ਮਿਸਿਜ਼ ਗਾਂਧੀਜ਼ ਲਾਸਟ ਬੈਟਲ ਲਿਖਣ ਵਾਲੇ ਸੀਨੀਅਰ ਪੱਤਰਕਾਰ ਸਤੀਸ਼ ਜੈਕਬ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਇਸ ਹਰਕਤ ਤੋਂ ਬਾਅਦ ਸੁਬੇਗ ਸਿੰਘ ਬਾਗੀ ਹੋ ਗਏ।

ਜਰਨੈਲ ਸਿੰਘ ਭਿੰਡਰਾਂਵਾਲੇ ਤੋਂ ਪ੍ਰਭਾਵਿਤ ਹੋਏ ਸਨ ਸੁਬੇਗ ਸਿੰਘ

ਅਦਾਲਤ ਵਿੱਚ ਉਨਾਂ ਤੇ ਲੱਗੇ ਦੋਸ਼ ਝੂਠੇ ਪਾਏ ਗਏ ਸਨ ਪਰ ਹੁਣ ਸੁਬੇਗ ਦਾ ਮਨ ਹਿੱਲ ਗਿਆ ਸੀ। ਇਸੇ ਦੌਰਾਨ ਸੁਬੇਗ ਭਿੰਡਰਾਂਵਾਲੇ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਨੇੜੇ ਆ ਗਿਆ। ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਨੇ ਆਪਣੀ ਕਿਤਾਬ ਆਪ੍ਰੇਸ਼ਨ ਬਲੂ ਸਟਾਰ ਦਿ ਟਰੂ ਸਟੋਰੀ ਵਿੱਚ ਲਿਖਿਆ ਹੈ ਕਿ ਸੁਬੇਗ ਸਿੰਘ ਦੀ ਲਾਸ਼ ਹਰਿਮੰਦਰ ਸਾਹਿਬ ਦੇ ਇੱਕ ਬੇਸਮੈਂਟ ਵਿੱਚੋਂ ਮਿਲੀ ਸੀ। ਮਰਨ ਤੋਂ ਬਾਅਦ ਵੀ ਸੁਬੇਗ ਨੇ ਹੱਥ ਵਿਚ ਕਾਰਬਾਈਨ ਫੜੀ ਹੋਈ ਸੀ। ਉੱਥੇ ਉਸ ਦੀ ਵਾਕੀ-ਟਾਕੀ ਲਾਸ਼ ਕੋਲ ਪਈ ਸੀ।

ਬਲੂ ਸਟਾਰ ਆਪਰੇਸ਼ਨ ਦੇ ਹੀਰੋ

ਸਾਕਾ ਨੀਲਾ ਤਾਰਾ ਦਾ ਹੀਰੋ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਸੀ। ਬਰਾੜ ਨੇ ਖੁਦ ਇਸ ਇਤਿਹਾਸਕ ਕਾਰਵਾਈ ਦੀ ਅਗਵਾਈ ਕੀਤੀ। ਉਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਬਾਰੇ ਫ਼ੋਨ ‘ਤੇ ਦੱਸਿਆ ਗਿਆ। ਉਸ ਸਮੇਂ ਜਨਰਲ ਬਰਾੜ ਮੇਰਠ ਦੀ 9 ਇਨਫੈਂਟਰੀ ਡਿਵੀਜ਼ਨ ਦੀ ਕਮਾਂਡ ਕਰ ਰਹੇ ਸਨ। 30 ਮਈ 1984 ਦੀ ਸ਼ਾਮ ਨੂੰ, ਉਨ੍ਹਾਂ ਨੂੰ ਦਿੱਲੀ ਤੋਂ ਫ਼ੋਨ ਆਇਆ ਅਤੇ ਉਨ੍ਹਾਂ ਨੂੰ ਆਪਰੇਸ਼ਨ ਦੀ ਅਗਵਾਈ ਕਰਨ ਲਈ ਕਿਹਾ ਗਿਆ। ਇਸ ਤੋਂ ਬਾਅਦ 1 ਜੂਨ ਨੂੰ ਉਹ ਚੰਡੀ ਮੰਦਰ ਸਥਿਤ ਪੱਛਮੀ ਕਮਾਂਡ ਦੇ ਹੈੱਡਕੁਆਰਟਰ ਪੁੱਜੇ। ਇਸ ਤੋਂ ਬਾਅਦ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰਨ ਲਈ ਰਵਾਨਾ ਹੋ ਗਏ।

‘ਸਿੱਖਾਂ ਨੇ ਦੇਸ਼ ਲਈ ਬਹੁਤ ਉਪਕਾਰ ਕੀਤੇ’

ਬਰਾੜ ਨੇ ਕਿਹਾ ਕਿ ਉਹ ਛੁੱਟੀਆਂ ਮਨਾਉਣ ਲਈ ਮਨੀਲਾ ਜਾ ਰਹੇ ਸਨ। ਖੁਦ ਸਿੱਖ ਕੌਮ ਵਿੱਚੋਂ ਆ ਕੇ ਬਰਾੜ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਸੀ ਕਿ ਇੱਕ ਵਾਰ ਜਦੋਂ ਅਸੀਂ ਵਰਦੀ ਪਾ ਕੇ ਦੇਸ਼ ਦੀ ਰੱਖਿਆ ਦੀ ਸਹੁੰ ਚੁੱਕ ਲੈਂਦੇ ਹਾਂ ਤਾਂ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਸਿੱਖ ਹਾਂ ਜਾਂ ਹਿੰਦੂ।ਜਨਰਲ ਬਰਾੜ ਨੇ ਬਲੂ ਸਟਾਰ ‘ਤੇ ਇੱਕ ਕਿਤਾਬ ਵੀ ਲਿਖੀ ਹੈ, ਜਿਸਦਾ ਨਾਮ ਹੈ- ਆਪਰੇਸ਼ਨ ਬਲੂ ਸਟਾਰ ਦ ਟਰੂ ਸਟੋਰੀ। ਇਸ ਸਵੈ-ਜੀਵਨੀ ਵਿਚ ਉਨ੍ਹਾਂ ਨੇ ਅਪਰੇਸ਼ਨ ਬਾਰੇ ਸਾਰੀ ਕਹਾਣੀ ਲਿਖੀ ਹੈ।

ਇਸ ਪੁਸਤਕ ਵਿਚ ਇਕ ਥਾਂ ‘ਤੇ ਬਰਾੜ ਲਿਖਦੇ ਹਨ, ‘ਸਿੱਖਾਂ ਨੇ ਦੇਸ਼ ‘ਤੇ ਬਹੁਤ ਉਪਕਾਰ ਕੀਤੇ ਹਨ। ਖਾਸ ਤੌਰ ‘ਤੇ 1965 ਅਤੇ 1971 ਦੀ ਪਾਕਿਸਤਾਨ ਜੰਗ। ਜੇਕਰ ਇਸ ਕੌਮ ਨੂੰ ਧਿਆਨ ਨਾਲ ਰੱਖਿਆ ਜਾਵੇ ਤਾਂ ਇਹ ਹਮੇਸ਼ਾ ਸਾਡੇ ਦੇਸ਼ ਦੀ ਸਭ ਤੋਂ ਵੱਡੀ ਤਾਕਤ ਬਣੇਗੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ