ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ। ਪੰਜਾਬ ਸਰਕਾਰ ਲਗਾਤਾਰ ਭ੍ਰਿਸ਼ਟਾਚਾਰੀਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਹੁਣ ਤੱਕ ਪੰਜਾਬ ਸਰਕਾਰ ਨੇ ਪਿਛਲੀ ਸਰਕਾਰ ਦੇ ਕਈ ਮੰਤਰੀਆਂ ਤੇ ਕਾਰਵਾਈ ਕੀਤੀ ਹੈ, ਜਿਨ੍ਹਾਂ ਵਿੱਚ ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਗਿਲਜੀਆਂ ਦਾ ਨਾਂਅ ਸ਼ਾਮਿਲ ਹੈ ਤੇ ਹੁਣ ਵਿਜੀਲੈਂਸ ਕਾਰਵਾਈ ਦੀ ਤਲਵਾਰ ਸਾਬਕਾ ਸੀਐੱਮ
(ਚਰਨਜੀਤ ਸਿੰਘ Charanjit Singh) ‘ਤੇ ਵੀ ਲਟਕ ਗਈ ਹੈ।
ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ‘ਤੇ ਸ਼ਿਕੰਜਾ ਕੱਸ ਦਿੱਤਾ ਹੈ। ਬਿਊਰੋ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸਦੇ ਤਹਿਤ ਉਨ੍ਹਾਂ ਨੂੰ 10:30 ਵਜੇ ਦਫਤਰ ਬੁਲਾਇਆ ਹੈ। ਇਹ ਪਹਿਲੀ ਵਾਰ ਹੈ ਜਦੋਂ ਚੰਨੀ ਨੂੰ ਵਿਜੀਲੈਂਸ ਵੱਲੋਂ ਤਲਬ ਕੀਤਾ ਗਿਆ ਹੈ।
ਪੁੱਛਗਿੱਛ ਕਰਨ ਲਈ ਤਿਆਰ ਕੀਤੀ ਰਣਤਨੀਤੀ
ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਪੁੱਛਗਿੱਛ ਕਰਨ ਦੇ ਲਈ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ। ਉਸ ਦੀ ਜਾਇਦਾਦ ਦੇ ਵੇਰਵੇ ਵੀ ਇਕੱਠੇ ਕੀਤੇ ਗਏ ਹਨ। ਤਾਂ ਜੋ ਜਦੋਂ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਾ ਹੋਵੇ। ਵਿਜੀਲੈਂਸ ਨੇ ਚਰਨਜੀਤ ਸਿੰਘ ਚੰਨੀ ਨੂੰ ਆਪਣੀ ਜਾਇਦਾਦ ਦਾ ਵੇਰਵਾ ਦੇਣ ਲਈ ਵੀ ਕਿਹਾ ਗਿਆ ਹੈ। ਦੱਸ ਦੇਈਏ ਕਿ ਵਿਜੀਲੈਂਸ ਨੇ ਹਾਲੇ ਤੱਕ ਚੰਨੀ ਖਿਲਾਫ ਕੋਈ ਕੇਸ ਦਰਜ ਨਹੀਂ ਕੀਤਾ ਹੈ।
ਭਾਜਪਾ ਵਿੱਚ ਜਾਣ ਦੀ ਗੱਲ ਚੱਲ ਰਹੀ ਸੀ
ਪਹਿਲਾਂ ਚਰਚਾ ਚੱਲ ਰਹੀ ਸੀ ਕਿ ਚਰਨਜੀਤ ਸਿੰਘ ਚੰਨੀ
ਭਾਜਪਾ (BJP) ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਬਾਅਦ ਕਾਂਗਰਸ ਨੇਤਾ ਸ਼ਸ਼ੀ ਥਰੂਰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਉਨ੍ਹਾਂ ਦੇ ਘਰ ਪਹੁੰਚੇ ਸਨ। ਹਾਲਾਂਕਿ ਉਨ੍ਹਾਂ ਦਾਅਵਾ ਕੀਤਾ ਕਿ ਅਜਿਹੀ ਕੋਈ ਗੱਲ ਨਹੀਂ ਹੈ। ਬੀਜੇਪੀ ਦੇ ਨੇਤਾਵਾਂ ਨੇ ਵੀ ਇਸ ਗੱਲ ਨੂੰ ਪੂਰੀ ਤਰ੍ਹਾਂ ਅਫਵਾਹਾ ਦੱਸਿਆ ਸੀ ਪਰ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਸੀ ਕਿ ਜੇਕਰ ਚੰਨੀ ਬੀਜੇਪੀ ਵਿੱਚ ਆਉਂਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।
ਵਿਦੇਸ਼ ਚਲੇ ਗਏ ਸਨ ਸਾਬਕਾ ਸੀਐੱਮ
ਜਦੋਂ ਪਿਛਲੇ ਸਾਲ ਵਿਧਾਨਸਭਾ ਚੋਣਾਂ ਦੇ ਨਤੀਜੇ ਆਏ ਸਨ। ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਵਿਦੇਸ਼ ਚਲੇ ਗਏ ਸਨ। ਹਾਲਾਂਕਿ ਚੰਨੀ ਨੇ ਉਸ ਸਮੇਂ ਕਿਹਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਹੈ, ਜਿਸ ਕਾਰਨ ਉਹ ਵਿਦੇਸ਼ ਆਏ ਸਨ। ਫਿਰ ਕੁੱਝ ਸਮੇਂ ਬਾਅਦ ਸਾਬਕਾ ਸੀਐੱਮ ਵਾਪਸ ਆ ਗਏ ਤੇ ਮੁੜ ਸਿਆਸਤ ਵਿੱਚ ਸਰਗਰਮ ਹੋ ਗਏ ਸਨ। ਪੰਜਾਬ ਸਰਕਾਰ ਨੇ ਉਨ੍ਹਾਂ ਦੇ ਖਿਲਾਫ ਐੱਲਓਸੀ ਜਾਰੀ ਕੀਤਾ ਸੀ।
ਕਈ ਘਪਲਿਆਂ ਅੰਦਰ ਸ਼ਮੂਲੀਅਤ ਦੀ ਚਰਚਾ
ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਇਲਜ਼ਾਮ ਲੱਗੇ ਸਨ ਕਿ ਸੈਰ ਸਪਾਟਾ ਵਿਭਾਗ ਵਿਚ ਕਰੋੜਾਂ ਰੁਪਏ ਦੀਆਂ ਬੇਨਿਯਮੀਆਂ ਪਾਈਆਂ ਗਈਆਂ ਸਨ। ਇਸਦੇ ਨਾਲ ਹੀ ਇਹ ਵੀ ਇਲਜ਼ਾਮ ਲੱਗੇ ਸਨ ਕਿ ਦਾਸਤਾਨ ਏ ਸ਼ਹਾਦਤ ਸਮਾਗਮ ਦੌਰਾਨ ਵੀ ਕਰੋੜਾਂ ਦਾ ਘਪਲਾ ਕੀਤਾ ਗਿਆ ਹੈ ਅਤੇ ਬੇਟੇ ਦੇ ਵਿਆਹ ਵਿਚ ਇਹਨਾਂ ਘਪਲਿਆਂ ਨੂੰ ਐਡਜਸਟ ਕੀਤਾ ਗਿਆ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਸਮੇਂ ਚੰਨੀ ਦੇ ਭਾਣਜੇ ਹਨੀ ਉੱਪਰ ਕਥਿਤ ਤੌਰ ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਗਿਆ ਸੀ।
ਭਾਣਜੇ ‘ਤੇ ਵੀ ਕੱਸ਼ਿਆ ਸੀ ਈਡੀ ਨੇ ਸ਼ਿਕੰਜਾ
ਈਡੀ ਨੇ ਭੁਪਿੰਦਰ ਸਿੰਘ ਹਨੀ ਦੇ ਘਰੋਂ 10 ਕਰੋੜ ਰੁਪਏ, 21 ਲੱਖ ਦੇ ਕਰੀਬ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਬਰਾਮਦ ਕੀਤੀ ਗਈ ਸੀ। ਇਨ੍ਹਾਂ ਵਿੱਚੋਂ 8 ਕਰੋੜ ਰੁਪਇਆ ਹਨੀ ਦੇ ਹੋਮ ਲੈਂਡ ਸੁਸਾਇਟੀ ਸੈਕਟਰ ਸਤੱਤਰ ਮੁਹਾਲੀ ਵਿਖੇ ਉਸਦੇ ਘਰ ਤੋਂ ਬਰਾਮਦ ਕੀਤਾ ਸੀ ਅਤੇ ਉਸਦੇ ਇੱਕ ਸਾਥੀ ਸੰਦੀਪ ਦੇ ਲੁਧਿਆਣਾ ਦੇ ਇੱਕ ਟਿਕਾਣੇ ਤੋਂ 2 ਕਰੋੜ ਰੁਪਏ ਬਰਾਮਦ ਹੋਏ ਸੀ। ਇਹ ਸਾਰੀ ਕਾਰਵਾਈ ਪੰਜਾਬ ਪੁਲਿਸ ਵੱਲੋਂ 2018 ਵਿੱਚ ਰੋਪੜ ਦੇ ਥਾਣੇ ਵਿਖੇ ਨਜ਼ਾਇਜ ਰੇਤ ਮਾਇਨਿੰਗ ਮਾਮਲੇ ਵਿੱਚ ਦਰਜ ਇੱਕ ਐੱਫ.ਆਈ.ਆਰ ਦੇ ਅਧਾਰ ਤੇ ਕੀਤੀ ਗਈ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ