ਪੰਜਾਬ ਦੇ ਮੁੜ ਵਿਗੜੇ ਹਾਲਾਤ, ਹੜ੍ਹਾਂ ਕਾਰਨ ਸੂਬੇ ‘ਚ ਚਾਰ ਮੌਤਾਂ, ਕਈ ਸਕੂਲਾਂ ‘ਚ ਛੁੱਟੀਆ ਦਾ ਐਲਾਨ, 15 ਟ੍ਰੇਨਾਂ ਰੱਦ, ਇੱਕ ਬੱਚਾ ਵੀ ਲਾਪਤਾ
Punjab Flood: ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪਿੰਡ ਕਾਲੂ ਵਾਲਾ ਦੇ ਲੋਕਾਂ ਨੂੰ ਮੋਟਰ ਬੋਟ ਰਾਹੀਂ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ। ਪਿੰਡ ਚੰਦੀਵਾਲਾ ਅਤੇ ਭਾਨੇਵਾਲਾ ਦੀ ਮੁੱਖ ਸੜਕ ਪਾਣੀ ਵਿੱਚ ਡੁੱਬ ਗਈ ਹੈ। ਸੂਬੇ ਵਿੱਚ ਹੜ੍ਹਾਂ ਕਾਰਨ ਚਾਰ ਮੌਤਾਂ ਵੀ ਹੋ ਗਈਆਂ ਹਨ।
ਪੰਜਾਬ ਨਿਊਜ। ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਤੋਂ ਬਾਅਦ ਡੈਮਾਂ ਦੇ ਫਲੱਡ ਗੇਟ ਖੋਲ੍ਹੇ ਜਾਣ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੋਰ ਵਿਗੜ ਗਈ ਹੈ। ਵੀਰਵਾਰ ਨੂੰ ਗੁਰਦਾਸਪੁਰ ਦੇ ਬਟਾਲਾ ਅਤੇ ਫਾਜ਼ਿਲਕਾ ‘ਚ ਹੜ੍ਹਾਂ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਕਪੂਰਥਲਾ ਦੇ ਭੁਟਾਲਥ ‘ਚ ਇਕ ਵਿਅਕਤੀ ਵਹਿ ਗਿਆ। ਉਸ ਦਾ ਅਜੇ ਸੁਰਾਗ ਲੱਗਣਾ ਬਾਕੀ ਹੈ। ਹੁਸ਼ਿਆਰਪੁਰ ਅਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹੜ੍ਹ ਕਾਰਨ ਵੀਰਵਾਰ ਨੂੰ ਫਿਰੋਜ਼ਪੁਰ ਡਵੀਜ਼ਨ ਦੀਆਂ 15 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਸੂਬੇ ਦੇ ਅੱਠ ਜ਼ਿਲ੍ਹਿਆਂ ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੈਂਕੜੇ ਪਿੰਡ ਹੜ੍ਹਾਂ ਦੀ ਮਾਰ ਹੇਠ ਹਨ। ਭਾਖੜਾ ਅਤੇ ਪੌਂਗ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਪੰਜਾਬ ਦੇ ਹਾਲਾਤ ਆਮ ਵਾਂਗ ਨਹੀਂ ਹੋ ਰਹੇ ਹਨ।
#WATCH | Punjab CM Bhagwant Mann says, “It has not rained here. The water is coming from Himachal. Our officials are in touch with Himachal Pradesh Government, BBMB. Water has entered the low-lying areas. There is no danger… We will give compensation to those who have suffered pic.twitter.com/WPL34lLKDI
— ANI (@ANI) August 17, 2023
ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਕਸਬੇ ਨੇੜੇ ਪਿੰਡ ਧੀਰੋਵਾਲ ਦੇ ਰਹਿਣ ਵਾਲੇ ਦੋ ਨਾਬਾਲਗ ਚਚੇਰੇ ਭਰਾ ਜਸਕਰਨ ਸਿੰਘ (14) ਅਤੇ ਦਿਲਪ੍ਰੀਤ ਸਿੰਘ (13) ਤਿਲਕ ਕੇ ਨਾਲੇ ਵਿੱਚ ਡਿੱਗ ਗਏ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ। ਜਸਕਰਨ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਜਦਕਿ ਦਿਲਪ੍ਰੀਤ ਸਿੰਘ ਨੌਵੀਂ ਜਮਾਤ ਦਾ ਵਿਦਿਆਰਥੀ ਸੀ। ਦੋਵੇਂ ਹੜ੍ਹ ਦੇ ਪਾਣੀ ਨੂੰ ਦੇਖਣ ਪਹੁੰਚੇ ਸਨ। ਹਾਲੇ ਵੀ ਇੱਕ ਬੱਚਾ ਲਾਪਤਾ ਹੈ।
ਇਹ ਵੀ ਪੜ੍ਹੋ
ਮੰਡੀ ਅਨਰੀਵਾਲਾ ‘ਚ ਡਿੱਗੀ ਛੱਤ
ਦੂਜੇ ਪਾਸੇ ਫਾਜ਼ਿਲਕਾ ਜ਼ਿਲ੍ਹੇ ਦੀ ਮੰਡੀ ਅਰਨੀਵਾਲਾ ਸ਼ੇਖ ਸੁਭਾਨ ਵਿੱਚ ਅਚਾਨਕ ਛੱਤ ਡਿੱਗਣ ਕਾਰਨ ਦਾਦੀ ਕ੍ਰਿਸ਼ਨਾ ਰਾਣੀ (60) ਅਤੇ ਪੋਤੇ ਦਿਵਯਾਂਸ਼ (7) ਦੀ ਮੌਤ ਹੋ ਗਈ। ਇੱਕ ਔਰਤ ਅਤੇ ਇੱਕ ਛੋਟਾ ਬੱਚਾ ਵਾਲ-ਵਾਲ ਬਚ ਗਿਆ। ਇੱਕ ਹੋਰ ਘਟਨਾ ਵਿੱਚ ਕਪੂਰਥਲਾ ਦੇ ਭੁਲੱਥ ਵਿਖੇ ਮੱਝ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਮਾਰਨ ਵਾਲਾ ਲਖਵੀਰ ਸਿੰਘ (45) ਤੇਜ਼ ਕਰੰਟ ਦੀ ਲਪੇਟ ਵਿੱਚ ਆ ਗਿਆ। ਹੁਣ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਫਿਰੋਜ਼ਪੁਰ ਦੇ 14 ਸਰਕਾਰੀ ਸਕੂਲਾਂ ‘ਚ ਛੁੱਟੀ
ਫਿਰੋਜ਼ਪੁਰ ਦੇ 14 ਸਰਕਾਰੀ ਸਕੂਲਾਂ ਵਿੱਚ 18 ਅਗਸਤ ਤੋਂ 26 ਅਗਸਤ ਤੱਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਫਿਰੋਜ਼ਪੁਰ-ਜਲੰਧਰ ਵਿਚਕਾਰ ਚੱਲਣ ਵਾਲੀਆਂ 15 ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ, ਜਦਕਿ ਮੱਖੂ-ਗਿੱਦੜਪਿੰਡੀ ਪੁਲ ਨੰਬਰ-84 ਦੀ ਹੜ੍ਹਾਂ ਕਾਰਨ ਖਸਤਾ ਹਾਲਤ ਨੂੰ ਦੇਖਦੇ ਹੋਏ ਚਾਰ ਐਕਸਪ੍ਰੈੱਸ ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ। ਹੁਸ਼ਿਆਰਪੁਰ ਦੇ ਤਲਵਾੜਾ, ਹਾਜੀਪੁਰ ਅਤੇ ਮੁਕੇਰੀਆਂ ਬਲਾਕਾਂ ਦੇ ਕਈ ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਮੁਕੇਰੀਆ ਦੇ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਵਿੱਚ ਬਣਾਏ ਗਏ ਰਾਹਤ ਕੈਂਪਾਂ ਵਿੱਚ ਲੋਕਾਂ ਨੂੰ ਰੱਖਿਆ ਗਿਆ ਹੈ। ਇੱਥੇ ਉਨ੍ਹਾਂ ਨੂੰ ਖਾਣ-ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
22 ਅਗਸਤ ਤੱਕ ਕੁੱਝ ਥਾਵਾਂ ‘ਤੇ ਹੋ ਸਕਦੀ ਹੈ ਬਰਸਾਤ
ਫਿਰੋਜ਼ਪੁਰ ਦੇ ਹੁਸੈਨੀਵਾਲਾ ਸਰਹੱਦ ਨਾਲ ਲੱਗਦੇ ਪਿੰਡ ਵੀ ਹੜ੍ਹ ਦੀ ਲਪੇਟ ਵਿੱਚ ਆ ਗਏ ਹਨ। ਪਿੰਡ ਕਾਲੂ ਵਾਲਾ ਦੇ ਲੋਕਾਂ ਨੂੰ ਮੋਟਰ ਬੋਟ ਰਾਹੀਂ ਸੁਰੱਖਿਅਤ ਥਾਂ ਤੇ ਪਹੁੰਚਾਇਆ ਗਿਆ। ਪਿੰਡ ਚੰਦੀਵਾਲਾ ਅਤੇ ਭਾਨੇਵਾਲਾ ਦੀ ਮੁੱਖ ਸੜਕ ਪਾਣੀ ਵਿੱਚ ਡੁੱਬ ਗਈ ਹੈ। ਪੰਜਾਬ ਵਿੱਚ ਮਾਨਸੂਨ ਕਮਜ਼ੋਰ ਪੈਣਾ ਸ਼ੁਰੂ ਹੋ ਗਿਆ ਹੈ। ਆਉਣ ਵਾਲੇ ਪੰਜ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ। 22 ਅਗਸਤ ਤੱਕ ਕੁਝ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਵੀਰਵਾਰ ਨੂੰ ਸੂਬੇ ‘ਚ ਆਮ ਨਾਲੋਂ 64 ਫੀਸਦੀ ਘੱਟ ਬਾਰਿਸ਼ ਹੋਈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ