ਹੜ੍ਹਾਂ ਕਰਕੇ ਹੋਏ ਕੱਲੇ-ਕੱਲੇ ਨੁਕਸਾਨ ਦੀ ਕਰਾਂਗੇ ਭਰਪਾਈ, ਸਾਡੇ ਕੋਲ ਨਹੀਂ ਹੈ ਪੈਸੇ ਦੀ ਕਮੀ, ਸੀਐੱਮ ਦਾ ਲੋਕਾਂ ਨੂੰ ਭਰੋਸਾ ਤਾਂ ਵਿਰੋਧੀਆਂ ‘ਤੇ ਹਮਲੇ

Updated On: 

31 Jul 2023 18:43 PM

CM Mann on Flood Loss: ਸੁਨਾਮ ਪਹੁੰਚੇ ਮੁੱਖ ਮੰਤਰੀ ਨੇ ਜਿੱਥੇ ਹੜ੍ਹਾਂ ਨਾਲ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ ਤਾਂ ਉੱਥੇ ਹੀ ਉਨ੍ਹਾਂ ਨੇ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਤੇ ਵੀ ਰੱਜ-ਰੱਜ ਕੇ ਹਮਲੇ ਬੋਲੇ।

ਹੜ੍ਹਾਂ ਕਰਕੇ ਹੋਏ ਕੱਲੇ-ਕੱਲੇ ਨੁਕਸਾਨ ਦੀ ਕਰਾਂਗੇ ਭਰਪਾਈ, ਸਾਡੇ ਕੋਲ ਨਹੀਂ ਹੈ ਪੈਸੇ ਦੀ ਕਮੀ, ਸੀਐੱਮ ਦਾ ਲੋਕਾਂ ਨੂੰ ਭਰੋਸਾ ਤਾਂ ਵਿਰੋਧੀਆਂ ਤੇ ਹਮਲੇ
Follow Us On

ਸ਼ਹੀਦ ਉੱਧਮ ਸਿੰਘ (Shaheed Udham Singh) ਦੀ ਸ਼ਹੀਦੀ ਦਿਹਾੜੇ ਮੌਕੇ ਸੁਨਾਮ ਵਿੱਚ ਪ੍ਰਬੰਧਿਤ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਜਿੱਥੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ, ਉੱਥੇ ਹੀ ਸੂਬੇ ਦੀਆਂ ਸਾਬਕਾ ਸਰਕਾਰਾਂ ਤੇ ਵੀ ਤਿੱਖੇ ਹਮਲੇ ਬੋਲੇ। ਸੂਬੇ ਵਿੱਚ ਆਏ ਹੜ੍ਹਾਂ ਨੂੰ ਲੈ ਕੇ ਵੀ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਲੋਕਾਂ ਨੂੰ ਹੋਏ ਨੁਕਸਾਨ ਦੇ ਇੱਕ-ਇੱਕ ਪੈਸੇ ਦੀ ਭਰਪਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਭਰੋਸਾ ਦੁਆਇਆ ਕਿ ਭਾਵੇਂ ਕਿਸੇ ਦੀ ਬੱਕਰੀ ਮਰੀ ਹੈ ਜਾਂ ਮੱਝ ਜਾਂ ਫੇਰ ਕਿਸੇ ਦਾ ਕੀਮਤੀ ਸਮਾਨ ਨੁਕਸਾਨਿਆ ਗਿਆ ਹੈ, ਪੰਜਾਬ ਸਰਕਾਰ ਹੜ੍ਹਾਂ ਕਾਰਨ ਹੋਏ ਕੱਲੇ-ਕੱਲੇ ਨੁਕਸਾਨ ਦੀ ਭਰਪਾਈ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੋਲ ਕੁਦਰਤੀ ਆਫਤ ਨਾਲ ਨਜਿੱਠਣ ਲਈ ਬਹੁਤ ਪੈਸਾ ਹੈ। ਇਸੇ ਪੈਸੇ ਤੋਂ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇਗੀ।

ਨਿਸ਼ਾਨੇ ‘ਤੇ ਸਾਬਕਾ ਸਰਕਾਰਾਂ

ਮੁੱਖ ਮੰਤਰੀ ਨੇ ਸੂਬੇ ਦੀਆਂ ਸਾਬਕਾ ਸਰਕਾਰਾਂ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪਿਛਲੀਆਂ ਸਰਕਾਰਾਂ ਹਮੇਸ਼ਾ ਖਜ਼ਾਨਾ ਖਾਲੀ ਹੋਣ ਦਾ ਰੋਣਾ ਰੋਂਦੀਆਂ ਰਹਿੰਦੀਆਂ ਸਨ। ਪਰ ਮੈਂ ਜਦੋਂ ਸੂਬੇ ਦੀ ਕਮਾਨ ਸੰਭਾਲੀ ਤਾਂ ਵੇਖਿਆ ਕਿ ਖਜ਼ਾਨੇ ਵਿੱਚ ਤਾਂ ਐਨਾ ਕੁਝ ਪਿਆ ਸੀ। ਬੱਸ ਪਹਿਲਾਂ ਵਾਲਿਆਂ ਨੂੰ ਇਸਦਾ ਇਸਤੇਮਾਲ ਕਰਨਾ ਹੀ ਨਹੀਂ ਆਉਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੇ ਖਜ਼ਾਨੇ ਕਦੇ ਵੀ ਖਾਲੀ ਨਹੀਂ ਹੁੰਦੇ।

ਭ੍ਰਿਸ਼ਟਾਚਾਰੀਆਂ ਨੂੰ ਕਰੜੀ ਚੇਤਾਵਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਅਤੇ ਸਿਆਸਤਦਾਨਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਮਨਪ੍ਰੀਤ ਬਾਦਲ (Manpreet Badal) ਤੇ ਪਰਚਾ ਹੋ ਸਕਦਾ ਹੈ ਤਾਂ ਸਮਝ ਲਵੋ ਕਿ ਉਹ ਕਿਸੇ ਨੂੰ ਵੀ ਛੱਡਣ ਵਾਲੇ ਨਹੀਂ ਹਨ। ਜਿਸਨੇ ਵੀ ਪੰਜਾਬ ਦਾ ਪੈਸਾ ਖਾਧਾ ਹੈ, ਉਸਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਉਹ ਗੱਲ ਨਹੀਂ ਚੱਲੇਗੀ ਕਿ ਅਕਾਲੀਆਂ ਵੇਲ੍ਹੇ ਅਕਾਲੀਆਂ ਨਾਲ, ਕਾਂਗਰਸ ਵੇਲ੍ਹੇ ਕਾਂਗਰਸ ਦੇ ਗੁਣ ਗਾਓ ਅਤੇ ਭਾਜਪਾ ਦੇ ਰਾਜ ਵਿੱਚ ਭਾਜਪਾ ਦੀਆਂ ਤਾਰੀਫਾਂ ਕਰਦੇ ਰਹੋ। ਉਨ੍ਹਾਂ ਕਿਹਾ ਕਿ ਚਾਪਲੂਸੀ ਕਰਨ ਵਾਲੇ ਕਦੇ ਸੂਬੇ ਦੇ ਲੋਕਾਂ ਵੱਲ ਹੋ ਕੇ ਵੀ ਵੇਖ ਲੈਣ, ਤਾਂ ਹੀ ਉਨ੍ਹਾਂ ਨੂੰ ਲੋਕਾਂ ਦੀ ਜ਼ਮੀਨਾ ਮੁਸ਼ਕੱਲਾਂ ਦਾ ਪਤਾ ਚੱਲੇਗਾ।

ਸੀਐੱਮ ਮਾਨ ਦੇ ਸੁਨੀਲ ਜਾਖੜ ‘ਤੇ ਤਿੱਖੇ ਨਿਸ਼ਾਨੇ

ਮੁੱਖ ਮੰਤਰੀ ਮਾਨ ਨੇ ਇਸ ਮੌਕੇ ਭਾਜਪਾ ਪ੍ਰਧਾਨ ਸੁਨੀਲ ਜਾਖੜ (Sunil Jakhar)ਨੂੰ ਵੀ ਨਿਸ਼ਾਨੇ ਤੇ ਲਿਆ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਹੀ ਭਾਜਪਾ ਵਿੱਚ ਸ਼ਾਮਲ ਹੋ ਗਈ। ਪਹਿਲਾਂ ਸੁਨੀਲ ਜਾਖੜ ਜੀ ਕਾਂਗਰਸ ਦੇ ਸੂਬਾ ਪ੍ਰਧਾਨ ਸਨ, ਹੁਣ ਬੀਜੇਪੀ ਦੇ ਪ੍ਰਧਾਨ ਬਣ ਗਏ ਹਨ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ, ਉਹ ਉਨ੍ਹਾਂ ਨੂੰ ਮਸ਼ਵਰੇ ਦੇਣ ਤੋਂ ਦੂਰ ਰਹਿਣ ਕਿ ਸਾਨੂੰ ਲੋਕਾਂ ਦੀ ਭਲਾਈ ਲਈ ਕੀ ਕਰਨਾ ਹੈ ਅਤੇ ਕੀ ਨਹੀਂ ਕਰਨਾ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version