ਨਾਭਾ ਜੇਲ੍ਹ ‘ਚ ਬੰਦ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ, ਅਨਾਜ ਮੰਡੀ ਦਾ ਵੀ ਕੀਤਾ ਦੌਰਾ

Updated On: 

18 Oct 2023 18:58 PM

Raja Waring Visit Nabha Mandi: ਸ਼ੈਲਰ ਮਾਲਕਾਂ ਦੀ ਹੜਤਾਲ ਨੂੰ ਲੈ ਕੇ ਵੀ ਰਾਜਾ ਵੜਿੰਗ ਨੇ ਸੂਬਾ ਸਰਕਾਰ ਤੇ ਤਿੱਖੇ ਨਿਸ਼ਾਨੇ ਲਾਏ। ਇਸ ਹੜ੍ਹਤਾਲ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਪੰਜਾਬ ਸਰਕਾਰ ਜਿੰਮੇਵਾਰ ਹੈ ਕਿਊਂਕਿ ਉਸਨੇ ਇਸ ਬਾਰੇ ਕੇਂਦਰ ਸਰਕਾਰ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਹੈ। ਸ਼ੈਲਰ ਮਾਲਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਹੜ੍ਹਤਾਲ ਐਫਸੀਆਈ ਦੀ ਧੱਕੇਸ਼ਾਹੀ ਖ਼ਿਲਾਫ਼ ਹੈ।

ਨਾਭਾ ਜੇਲ੍ਹ ਚ ਬੰਦ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਪਹੁੰਚੇ ਰਾਜਾ ਵੜਿੰਗ, ਅਨਾਜ ਮੰਡੀ ਦਾ ਵੀ ਕੀਤਾ ਦੌਰਾ
Follow Us On

2015 ਦੇ ਡਰੱਗ ਮਾਮਲੇ ਵਿੱਚ ਨਾਭਾ ਜੇਲ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਮਿਲਣ ਲਈ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਭਾ ਪਹੁੰਚੇ। ਉਨ੍ਹਾਂ ਨੇ ਖਹਿਰਾ ਨਾਲ ਮੁਲਾਕਾਤ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੁਖਪਾਲ ਖਹਿਰਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਉੱਤੇ ਹੋਰ ਵੀ ਕਈ ਮਾਮਲੇ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਖਹਿਰਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਜਾ ਵੜਿੰਗ ਨੇ ਨਾਭਾ ਦੀ ਮੰਡੀ ਦਾ ਦੌਰਾ ਕਰਕੇ ਤਾਜ਼ਾ ਹਾਲਾਤਾਂ ਦੀ ਜਾਣਕਾਰੀ ਲਈ।

ਖਹਿਰਾ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ 7 ਸਾਲ ਪੁਰਾਣੇ ਕੇਸ ਵਿੱਚ ਖਹਿਰਾ ਨੂੰ ਫਸਾਇਆ ਗਿਆ ਹੈ, ਉਹ ਸਰਾਸਰ ਧੱਕਾ ਹੈ, ਜਿਸਨੂੰ ਸਾਰਾ ਪੰਜਾਬ ਜਾਣਦਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿੱਚ ਜੇਕਰ ਇਸ ਤਰ੍ਹਾਂ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਕਾਰਵਾਈ ਹੁੰਦੀ ਹੈ ਤਾਂ ਪੀੜਤ ਵਿਅਕਤੀ ਹੋਰ ਵੀ ਚੰਗੀ ਤਰ੍ਹਾਂ ਨਾਲ ਉਬਰ ਕੇ ਆਉਂਦਾ ਹੈ। ਤੇ ਨਾਲ ਹੀ ਸਰਕਾਰ ਦੇ ਪ੍ਰਤੀ ਜਨਤਾ ਦਾ ਰੋਸ ਵੀ ਵੱਧਦਾ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਨ ਕਿ ਇਲਜ਼ਾਮ ਤਰਾਸ਼ੀਆਂ ਛੱਡ ਕੇ ਪੰਜਾਬ ਦੇ ਹਿੱਤ ਲਈ ਕੰਮ ਕਰੀਏ।

ਨਾਭਾ ਮੰਡੀ ਪਹੁੰਚੇ ਵੜਿੰਗ ਦੀ ਸਰਕਾਰ ਨੂੰ ਚੇਤਾਵਨੀ

ਖਹਿਰਾ ਨਾਲ ਮੁਲਾਕਾਤ ਤੋਂ ਬਾਅਦ ਰਾਜਾ ਵੜਿੰਗ ਨੇ ਨਾਭਾ ਮੰਡੀ ਦਾ ਵੀ ਦੋਰਾ ਕੀਤਾ। ਉਥੋਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੋਂ ਬਾਅਦ ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ 24 ਘੰਟੇ ਦੇ ਅੰਦਰ ਮੰਡੀਆਂ ਵਿੱਚੋਂ ਜ਼ੀਰੀ ਦੀ ਲਿਫਟਿੰਗ ਨਾ ਕਰਵਾਈ ਗਈ ਤਾਂ ਪੰਜਾਬ ਦੀ ਸਾਰੀ ਕਾਂਗਰਸ ਪਾਰਟੀ ਮੰਡੀਆਂ ਵਿੱਚ ਬੈਠੇਗੀ ਅਤੇ ਰਾਤ ਨੂੰ ਮੰਡੀਆਂ ਵਿੱਚ ਹੀ ਰਹੇਗੀ। ਕਾਂਗਰਸ ਦਾ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਲਿਫਟਿੰਗ ਸ਼ੁਰੂ ਨਹੀਂ ਕੀਤੀ ਜਾਂਦੀ।

ਨਾਭਾ ਤੋਂ ਆਪ ਵਿਧਾਇਕ ਦੇਵ ਮਾਨ ਤੇ ਵੀ ਤੰਜ ਕੱਸਦਿਆਂ ਵੜਿੰਗ ਨੇ ਕਾਂਗਰਸ ਪਾਰਟੀ ਦੇ ਨਾਭਾ ਤੋਂ ਆਗੂਆਂ ਨੂੰ ਕਿਹਾ ਕਿ ਉਹ ਪੈਸੇ ਇਕੱਠੇ ਕਰਕੇ ਦੇਵਮਾਨ ਨੂੰ ਨਵਾਂ ਸਾਈਕਲ ਲੈ ਕੇ ਦੇਣ ਕਿਊਂਕਿ ਬਰਸਾਤਾਂ ਵਿੱਚ ਹਾਲਾਤਾਂ ਦਾ ਜਾਇਜ਼ਾ ਲੈ- ਲੈ ਕੇ ਉਹਨਾਂ ਦੇ ਸਾਈਕਲ ਦੇ ਚੱਕੇ ਗਲ ਗਏ ਹਨ। ਇਸ ਲਈ ਹੁਣ ਮੰਡੀਆਂ ਦਾ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਉਹਨਾਂ ਨੂੰ ਨਵੇਂ ਸਾਈਕਲ ਦੀ ਲੋੜ ਹੈ।

ਸ਼ੈਲਰ ਮਾਲਕਾਂ ਨੇ ਬੁਲਾਈ ਹੈ ਹੜ੍ਹਤਾਲ

ਦੱਸ ਦੇਈਏ ਕਿ ਸ਼ੈਲਰ ਮਾਲਕਾਂ ਵੱਲੋਂ ਕੀਤੀ ਗਈ ਹੜਤਾਲ ਤੋਂ ਬਾਅਦ ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਚੁਕਾਈ ਨਾ ਹੋਣ ਕਾਰਨ ਹਫੜਾ-ਦਫੜੀ ਦਾ ਮਾਹੌਲ ਹੈ। ਇਸ ਦੌਰਾਨ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਐਸਡੀਐਮ ਨੇ ਹੜਤਾਲ ਦੌਰਾਨ ਟਰੱਕਾਂ ਵਿੱਚ ਮਾਲ ਲੱਦਣਾ ਸ਼ੁਰੂ ਕਰ ਦਿੱਤਾ। ਜਿਸ ਦੇ ਵਿਰੋਧ ਵਿੱਚ ਸ਼ੈਲਰ ਮਾਲਕਾਂ ਨੇ ਐਲਾਨ ਕੀਤਾ ਕਿ ਉਹ ਸ਼ੈਲਰ ਵਿੱਚ ਇੱਕ ਦਾਣਾ ਵੀ ਨਹੀਂ ਉਤਾਰਣਗੇ।

ਖੰਨਾ ਮੰਡੀ ਵਿੱਚ ਐਸਡੀਐਮ ਸਵਾਤੀ ਟਿਵਾਣਾ ਨੇ ਆਪਣੀ ਨਿਗਰਾਨੀ ਹੇਠ ਲਿਫਟਿੰਗ ਸ਼ੁਰੂ ਕਰਵਾਈ। ਕੁਝ ਦੁਕਾਨਾਂ ਤੋਂ ਟਰੱਕ ਲੱਦਣੇ ਸ਼ੁਰੂ ਹੋ ਗਏ। ਇਸ ਦੌਰਾਨ ਸ਼ੈਲਰ ਮਲਿਕ ਮਾਰਕੀਟ ਕਮੇਟੀ ਦਫ਼ਤਰ ਪੁੱਜੇ। ਉਥੇ ਰੋਸ ਪ੍ਰਦਰਸ਼ਨ ਕੀਤਾ ਗਿਆ। ਰਾਈਸ ਮਿੱਲਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਗੁਰਦਿਆਲ ਸਿੰਘ ਦਿਆਲੀ ਨੇ ਕਿਹਾ ਕਿ ਪੰਜਾਬ ਪੱਧਰ ਤੇ ਹੜਤਾਲ ਕੀਤੀ ਜਾ ਰਹੀ ਹੈ।

ਸ਼ੈਲਰ ਮਾਲਕਾਂ ਨੇ ਕਿਹਾ ਕਿ ਇਹ ਐਫਸੀਆਈ ਦੀ ਮਨਮਾਨੀ ਖ਼ਿਲਾਫ਼ ਹੜਤਾਲ ਹੈ। ਜਦੋਂ ਤੱਕ FRK ਮੁੱਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤੱਕ ਉਹ ਹੜ੍ਹਤਾਲ ਵਾਪਸ ਨਹੀਂ ਲੈਣਗੇ। ਪ੍ਰਸ਼ਾਸਨ ਨੇ ਜਬਰੀ ਲਿਫਟਿੰਗ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਜਿੱਥੇ ਚਾਹੇ ਮਾਲ ਰੱਖ ਸਕਦਾ ਹੈ ਪਰ ਉਨ੍ਹਾਂ ਦੇ ਸ਼ੈਲਰ ਮਾਲਕਾਂ ਨੂੰ ਮਾਲ ਨਹੀਂ ਪਹੁੰਚਾਇਆ ਜਾਵੇਗਾ।